Saturday, April 20, 2024

ਅਜੋਕਾ ਪਿਆਰ

ਰੱਖੜੀ ‘ਤੇ ਵਿਸ਼ੇਸ਼  

           ਬਿਮਲਾ ਆਪਣੇ ਬੱਚਿਆਂ ਨੂੰ ਸਕੂਲ ਤੋਰਨ ਦੀ ਕਾਹਲੀ ਕਰ ਰਹੀ ਸੀ।ਆਪਣੇ ਘਰ ਦੀ ਨਿੱਕੀ ਜਿਹੀ ਰਸੋਈ ਵਿੱਚ ਬੈਠੀ ਪਿੱਤਲ ਦੇ ਸਟੋਵ ਵਿੱਚ ਬਾਰ ਬਾਰ ਹਵਾ ਭਰ ਰਹੀ ਸੀ । ਥੋੜੀਆਂ ਰੋਟੀਆਂ ਬਣਾਉਂਦੀ ਕਿ ਹਵਾ ਫੇਰ ਭਰ ਲੈਂਦੀ । ਬੱਚੇ ਵੀ ਕਾਹਲੀ ਮਚਾ ਰਹੇ ਸੀ । ਛੋਟੀ ਕੁੜੀ ਦੇਵੀਕਾ ਨੇ ਘੜੀ ਵੱਲ ਤਕਦਿਆਂ ਕਿਹਾ ” ਮੰਮੀ ,ਅਸੀਂ ਲੇਟ ਹੋ ਰਹੇ ਹਾਂ । ਮੇਰੀ ਰੋਟੀ ਪੈੱਕ ਕਰ ਦਿਓ ।” ਬਿਮਲਾ ਨੇ ਫਿਰ ਸਟੋਵ ਵਿੱਚ ਹਵਾ ਭਰਦਿਆਂ ਆਖਿਆ ” ਦੇਵਿਕਾ, ਬੱਸ ਹੁਣੇ ਈ ਰੋਟੀ ਬਣਾਉਦੀ ਆਂ ।” ਬਿਮਲਾ ਆਪਣੇ ਹੱਥ ਹੋਰ ਵੀ ਕਾਹਲੀ ਨਾਲ ਹਿਲਾਉਣ ਲੱਗੀ। ਅੰਦਰੋ ਵੱਡੀ ਕੁੜੀ ਅਤੇ ਛੋਟਾ ਮੁੰਡਾ ਸਕੂਲ ਜਾਣ ਲਈ ਤਿਆਰ ਹੋ ਕੇ ਆਏ ।ਵੱਡੀ ਕੁੜੀ ਰੰਜਨਾ ਬੋਲੀ ” ਮੰਮੀ ਆਪਣਾ ਸਟੋਵ ਖਰਾਬ ਰਹਿੰਦਾ ਆ । ਆਪਾਂ ਨਵਾਂ ਕਿਉਂ ਨਹੀ ਲੈ ਲੈਦੇਂ ?” ਬਿਮਲਾ ਨੇ ਰੋਟੀ ਪੈੱਕ ਕਰਦਿਆਂ ਜਵਾਬ ਦਿੱਤਾ ” ਹਾਂ ,ਪੁੱਤ ਲੈਣਾ ਤਾਂ ਹੈ ਈ ਆਂ ।” ਛੋਟੇ ਆਸ਼ੂ ਨੇ ਵਿੱਚੋ ਹੀ ਟੋਕਦਿਆ ਕਿਹਾ ” ਮੰਮੀ, ਸਭ ਦੇ ਘਰ ਗੈਸ ਆਂ , ਆਪਾ ਵੀ ਲੈਲੋ ਨਾ ।” ਇਹ ਸੁਣਦੇ ਸਾਰ ਦੇਵੀਕਾ ਬੋਲੀ ” ਤੂੰ ਤਾਂ ਕੈ ਤਾ ਗੈਸ ਲੈ ਲੋ ਤੈਨੂੰ ਪਤਾ ਪੈਸੇ ਕਿੰਨੇ ਲੱਗਦੇ ਆ ?” ਰੰਜਨਾ ਨੇ ਆਸ਼ੂ ਦਾ ਹੱਥ ਫੜਿਆ ਅਤੇ ਦੇਵਿਕਾ ਦੇ ਨਾਲ ਸਕੂਲ ਚਲੀ ਗਈ ।
          ਬੱਚਿਆਂ ਦੇ ਜਾਣ ਪਿੱਛੋਂ ਬਿਮਲਾ ਘਰ ਦਾ ਬਾਕੀ ਕੰਮ ਕਰਨ ਲੱਗੀ।ਉਸ ਨੂੰ ਰਹਿ ਰਹਿ ਕੇ ਆਸ਼ੂ ਦੀ ਕਹੀ ਗੱਲ ਯਾਦ ਆ ਰਹੀ ਸੀ।ਉਸ ਦੇ ਕੰਮ ਕਰਨ ਦੀ ਚਾਲ ਵੀ ਤੇਜ ਹੋ ਰਹੀ ਸੀ। ਉਸ ਨੂੰ ਪਤਾ ਵੀ ਨਹੀ ਚਲਿਆ ਕਦੋਂ ਘੜੀ ਦੀਆ ਸੂਈਆਂ ਆਪਸ ਵਿੱਚ ਮਿਲ ਗਈਆਂ ਅਤੇ ਘੜੀ ਆਵਾਜ ਦੇਣ ਲਗ ਪਈ ।ਬਾਰਾਂ ਵਾਰੀ ਟਨ ਟਨ ਹੋ ਗਈ।ਆਸ਼ੂ ਤੇ ਦੇਵੀਕਾ ਘਰ ਪਰਤਨ ਵਾਲੇ ਹੋ ਗਏ।ਫਿਰ ਦੁਪਹਿਰ ਦੀ ਰੋਟੀ ਬਣਾਉਣ ਦੀ ਤਿਆਰੀ ਕਰਨ ਲਗੀ । ਉਹੀ ਪਿਤਲ ਦਾ ਸਟੋਵ ਬਾਲਕੇ ਸਬਜੀ ਬਣਾਉਣ ਲਗੀ।ਵਿੱਚੋਂ ਦੀ ਸਟੋਵ ਫਿਰ ਬੰਦ ਹੋ ਗਿਆ ।ਸਬਜੀ ਸਟੋਵ ਤੋਂ ਥੱਲੇ ਉਤਾਰ ਤੇਲ ਪਾ ਫਿਰ ਤੋਂ ਸਟੋਵ ਬਾਲ ਸਬਜੀ ਮੁੜ ਰਿੱਝਣੀ ਰੱਖ ਦਿਤੀ। ਸਬਜੀ ਬਣਨ ਮਗਰੋਂ ਬਿਮਲਾ ਰੋਟੀਆਂ ਬਣਾਉਣ ਲੱਗੀ ।ਸਟੋਵ ਦੇ ਵਾਰ ਵਾਰ ਖਰਾਬ ਹੋਣ ਕਰਕੇ ਆਸ਼ੂ ਦੀ ਗੱਲ ਉਸ ਦੇ ਦਿਮਾਗ ਉਪਰ ਜਾ ਬੈਠੀ।
             ਬੱਚੇ ਸਕੂਲੋਂ ਆ ਗਏ। ਬਿਮਲਾ ਨੇ ਸਭ ਦੀ ਰੋਟੀ ਇੱਕਠੀ ਪਾ ਲਈ । ਰੋਟੀ ਖਾਂਦੇ ਵੇਲੇ ਆਸ਼ੂ ਫਿਰ ਬੋਲਿਆ “ਮੰਮੀ ਅੱਜ ਪਤਾ ਨੀ, ਰੋਟੀ ਚੋਂ ਪਤਾ ਨਹੀ ਸਬਜੀ ਚੋਂ ਮੁਸ਼ਕ ਆਂਉਦੈ “। ਦੇਵੀਕਾ ਨੇ ਵੀ ਰੋਟੀ ਖਾਣੀ ਸ਼ੁਰੂ ਕੀਤੀ ” ਮੰਮੀ ਮਿੱਟੀ ਦੇ ਤੇਲ ਦੀ ਬੋ ਆਂਉਦੀ ਆ “। ਬਿਮਲਾ ਨੂੰ ਅਹਿਸਾਸ ਹੋਇਆ ਕਿ ਸਟੋਵ ਵਿੱਚ ਤੇਲ ਪਾਉਣ ਤੋਂ ਬਾਦ ਹੱਥ ਧਾਉਣਾ ਹੀ ਭੁੱਲ ਗਈ ਸੀ । ਆਪਣੀ ਗਲਤੀ ਦਸਦਿਆਂ ਆਖਿਆ ” ਹਾਂ ਪੁੱਤ ਮੈਨੂੰ ਯਾਦ ਆਇਆ, ਮੈਂ ਤੇਲ ਪਾਉਣ ਮਗਰੋਂ ਹੱਥ ਧੋਣਾ ਈ ਭੁੱਲਗੀ ,ਤੁਸੀ ਕੋਈ ਨੀ ਹੁਣ ਰੋਟੀ ਖਾ ਲੋ । ਮੈਂਗਾਈ ਆ ਆਪਾਂ ਸੁੱਟ ਤਾਂ ਸਕਦੇ ਨੀ , ਔਖੇ ਸੌਖੇ ਖਾ ਲੋ “। ਬੱਚੇ ਜਿਵੇਂ  ਤਿਵੇਂ ਰੋਟੀ ਖਾ ਗਏ । ਆਸ਼ੂ ਨੇ ਫਿਰ ਕਿਹਾ “ਮੰਮੀ ਜੇ ਆਪਾਂ ਗੈਸ ਲੈਲੀ ਤਾਂ ਰੋਟੀ ਚੋਂ ਮੁਸ਼ਕ ਫੇਰ ਤਾਂ ਨੀ ਆਊਗਾ ?
          ਬਿਮਲਾ ਗੈਸ ਚ੍ਹਾ ਕੇ ਵੀ ਨਹੀ ਸੀ ਲੈ ਸਕਦੀ।ਘਰ ਵਿੱਚ ਬਿਮਲਾ ਲੋਕਾਂ ਦੇ ਕਪੜੇ ਸਿਲਾਈ ਕਰਕੇ ਗੁਜਾਰਾ ਕਰਦੀ ।ਵੱਡੀ ਬੇਟੀ ਕੁੱਝ ਬਚਿੱਆਂ ਨੂੰ ਟਿਊਸ਼ਨ ਪੜ੍ਹਾ ਲੈਂਦੀ ਸੀ।ਘਰ ਵਾਲਾ ਅੰਤਾਂ ਦੀ ਸ਼ਰਾਬ ਪੀਂਦਾ ਹੋਣ ਕਰਕੇ ਇਸ ਦੁਨੀਆ ਨੂੰ ਸਦਾ ਲਈ ਹੀ ਛੱਡ ਗਿਆ।ਗਹਿਣੇ ਵੀ ਸ਼ਰਾਬ ਦੇ ਲੇਖੇ ਲਗ ਗਏ। ਥੋੜੀ ਕੀਤੀ ਹੋਈ ਬਚੱਤ ਘਰ ਵਾਲੇ ਦੀ ਬਿਮਾਰੀ ਉਪਰ ਖਰਚ ਹੋ ਗਈ। ਸਾਰਾ ਭਾਰ ਬਿਮਲਾ ਦੇ ਹੀ ਮੋਢਿਆਂ ਉਪਰ ਹੀ ਆ ਪਿਆ।
           ਰੱਖੜੀ ਦਾ ਤਿਉਹਾਰ ਨੇੜੇ ਆ ਗਿਆ।ਬਿਮਲਾ ਦੇ ਮਨ ਵਿੱਚ ਵਿਓਂਤ ਆਈ। ਹੁੱਣ ਗੈਸ ਲੈਣੀ ਕੁੱਝ ਸੁੱਖਾਲੀ ਜਿਹੀ ਜਾਪਣ ਲਗ ਪਈ।ਬਿਮਲਾ ਰਖੱੜੀ ਦੇ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਆਪਣੇ ਭਰਾ ਕੋਲ ਚਲੀ ਗਈ। ਬੱਚੇ ਆਪਸ ਵਿੱਚ ਬੱਚਿਆਂ ਨਾਲ ਖੇਡਣ ਵਿੱਚ ਮਸਤ ਹੋ ਗਏ ।ਬਿਮਲਾ ਦਾ ਭਾਈ ਵੀ ਬਿਮਲਾ ਨਾਲ ਢੇਰ ਸਾਰੀਆਂ ਗੱਲਾਂ ਕਰਦਾ ਰਿਹਾ । ਬਿਮਲਾ ਦੀ ਭਰਜਾਈ ਨੇ ਵੀ ਵਧੀਆ ਵਧੀਆ ਪਕਵਾਨ ਬਣਾਏ ਹੋਏ ਸਨ । ਬਿਮਲਾ ਨੂੰ ਬੜੇ ਹੀ ਚਾਅ ਨਾਲ ਕਦੇ ਕੁੱਝ ਖਿਲਾਉਦੀ ਕਦੇ ਕੁੱਝ।ਰਾਤ ਨੂੰ ਹਸਦੇ ਹਸਾਂਉਦੇ ਸਾਰੇ ਸੌਣ ਚਲੇ ਗਏ । ਬਿਮਲਾ ਨੂੰ ਨੀਂਦ ਨਹੀ ਸੀ ਆ ਰਹੀ ।ਬਸ ਗੈਸ ਹੀ ਦਿਮਾਗ ਵਿੱਚ ਘੁੰਮੀ ਜਾ ਰਹੀ ਸੀ । 
           ਸਵੇਰ ਹੋਏ ਬੜੇ ਚਾਅ ਲੈ ਬਿਮਲਾ ਤਿਆਰ ਹੋਈ।ਆਪਣੇ ਬੱਚਿਆਂ ਦੇ ਨਾਲ ਸਵੇਰ ਦਾ ਨਾਸ਼ਤਾ ਕਰਨ ਲਗੀ ਤਾਂ ਅਚਾਨਕ ਫੇਰ ਆਸ਼ੂ ਨੇ ਕਿਹਾ “ਮੰਮੀ ਏਨਾ ਦੀ ਰੋਟੀ ਤਾਂ ਬੋਤ ਸਵਾਦ ਆ । ਮੁਸ਼ਕ ਨੀ ਆਉਦਂੀ “।ਗੱਲਾਂ ਕਰਦੇ ਹੀ ਕਿ ਬਿਮਲਾ ਦਾ ਭਾਈ ਵਿੱਚੋਂ ਹੀ ਬੋਲ ਉਠਿਆ “ਕਿਉਂ ਵੀ ਆਸ਼ੂ ਰੋਟੀ ਚੋਂ ਮੁਸ਼ਕ ਕਾਹਦੀ ਆਉਂਦੀ ਆ ?” ਨਹੀ, ਮਾਮਾ ਜੀ ਸਾਡੀ ਰੋਟੀ  ਚੋਂ ਆਉੇਦੀ ਆ । ਥੋਡੀ ਰੋਟੀ ਤਾਂ ਬੜੀ ਸੁਵਾਦ ਆ।” ਸਾਰੇ ਨਾਸ਼ਤਾ ਕਰਨ ਤੋਂ ਬਾਅਦ ਰੱਖੜੀ ਦਾ ਤਿਉੇਹਾਰ ਮਨਾaੁਣ ਲਗੇ।ਬਿਮਲਾ ਨੇ ਵੀ ਬੈਗ ਵਿੱਚੋ ਮਿਠਾਈ ਦਾ ਡੱਬਾ ਕੱਢ ਕੇ ਆਪਣੇ ਭਾਈ ਦੇ ਵੀ ਰੱਖੜੀ ਬੰਨ ਦਿੱਤੀ ।
            ਬਿਮਲਾ ਦੇ ਭਾਈ ਨੇ ਆਪਣੀ ਭੈਣ ਪ੍ਰਤੀ ਪਿਆਰ ਦਿਖਾਉਂਦਿਆਂ ਬਿਮਲਾ ਨੂੰ ਕੁੱਝ ਰੁਪਏ ਦਿੰਦਿਆ ਕਿਹਾ “ਭੈਣ, ਤੈਨੂੰ ਮੈਂ ਬਹੁਤ ਪਿਆਰ ਕਰਦਾ ਹਾਂ।ਕਦੇ ਵੀ ਜਰੂਰਤ ਹੋਵੇ ਤਾਂ ਬਿਨ੍ਹਾ ਕਿਸੇ ਸੰਕੋਚ ਤੋਂ ਕਹਿ ਦੇਵੀਂ।ਭੈਣ ਨਾਲ ਤਾਂ ਵੀਰ ਦਾ ਪਿਆਰ ਹੀ ਅਲੱਗ ਹੁੰਦਾ “।ਬਿਮਲਾ ਬੋਲੀ “ਵੀਰ ਤੂੰ ਮੈਨੂੰ ਐਨੇਂ ਪੈਸੇ ਨਾ ਦੇ।” ਬਿਮਲਾ ਦੀ ਗੱਲ ਕਟਦਿਆਂ ਭਾਈ ਬੋਲਿਆ ” ਨਾਂ , ਨਾਂ ,  ਭੈਣੇ ਰੱਖ ਲਾ , ਏ ਕੋਈ ਜਾਦਾ ਨੇ ? ਬਿਮਲਾ ਦੇ ਹੱਥ ਵਿੱਚ ਨੋਟ ਰੱਖ ਕੇ ਮੁੱਠੀ ਬੰਦ ਕਰਕੇ ਉਸ ਦੇ ਸਿਰ ਤੇ ਪਿਆਰ ਦੇਕੇ ਕਹਿਣ ਲੱਗਾ “ਤੂੰ ਤਾਂ ਮੇਰੀ ਨਿੱਕੀ ਭੈਣ ਏ” ਵਿਹੜੇ ਵਿੱਚ ਪੰਜ ਛੇ ਗੈਸ ਸਲੰਡਰ ਪਏ ਦੇਖ ਕੇ ਬੋਲੀ “ਵੀਰ ਮੈਂ ,ਮੈਂ,ਮੈਂ “।ਬਿਮਲਾ ਦਾ ਬਾਈ ਬੋਲਿਆ “ਭੈਣ ਹਾਂ ਦੱਸ, ਕੀ ਗੱਲ ਆ ?”ਬਿਮਲਾ ਨੇ ਹਿੰਮਤ ਕਰਕੇ ਆਖਿਆ “ਵੀਰ ਮੈਂ ਇੱਕ ਸਲੰਡਰ ਲੈਣਾ,ਮੈਂਨੂੰ ਇੱਕ ਸਲੰਡਰ ਦੇ ਦੇ। ਪੈਸੇ ਹੈ ਨੀ ,ਜੇ ਤੂੰ ਮੈਨੂੰ ਇੱਕ ਸਿਲੰਦਰ ਦੇ ਦੇ ਤਾਂ ਸੌਖਾ ਹੋ ਜੂ ।ਮਿੱਟੀ ਦਾ ਤੇਲ ਵੀ ਬੋਤਾ ਮੈਂਗਾ ਹੋ ਗਿਆ।ਜੇ ਸਲੰਡਰ ਦੇ ਦੇਂਗਾ ਤਾਂ ਮੇਰਾ ਮੀਨ੍ਹਾ ਡੇਢ ਮੀਨ੍ਹਾ ਸੌਖਾ ਨਿਕਲ ਜੇਆ ਕਰੂ।’ਬਿਮਲਾ ਦਾ ਭਾਈ ਬੋਲਿਆ’ ਦੇਖ ਭੈਣੇ, ਤੈਨੂੰ ਮੈ ਬੌਤ ਪਿਆਰ ਕਰਦਾ ਪਰ ਸਲੰਡਰ ਦੇਣਾ ਤਾਂ ਔਖਾ।’ਮੇਰੀ ਸਾਲੀ ਦੇ ਘਰ ਇੱਕ ਸਲੰਡਰ ਨਾਲ ਗੁਜਾਰਾ ਹੋਣਾ ਔਖਾ ਹੈਗਾ’। ਨਾਲੇ ਤੇਰੀ ਭਾਬੀ, ਮੇਰੀ ਸਾਲੀ ਨੂੰ ਕਿੰਨਾ ਪਿਆਰ ਕਰਦੀ ਆ ।’ਬਿਮਲਾ ਦੇ ਗੋਡੇ ਤੇ ਹੱਥ ਰੱਖ ਕੇ ਫਿਰ ਬੋਲਿਆ’ ਭੈਣ, ਤੂੰ ਏ ਨਾ ਸਮਝੀ ਕਿ ਤੇਰੇ ਨਾਲ ਮੇਰਾ ਪਿਆਰ ਘੱਟ ਆ ਪਰ ਫੇਰ ਵੀ ਦੂਜੇ ਪਾਸੇ ਮੇਰੀ ਸਾਲੀ ਤੇ ਤੇਰੀ ਭਾਬੀ ਦਾ ਪਿਆਰ ਆ, ਸਿਲੰਡਰ ਦੇਣਾ ਤਾਂ ਔਖਾ ਆ।”
           ਬਿਮਲਾ ਕਦੇ ਹੱਥ ਵਿੱਚ ਫੜੇ ਨੋਟ ਨੂੰ ਵੇਖਦੀ ਅਤੇ ਕਦੇ ਵਿਹੜੇ ਵਿੱਚ ਪਏ ਸਲੰਡਰਾਂ ਨੂੰ ਵੇਖਦੀ।ਬਿਮਲਾ ਆਪਣੇ ਭਾਈ ਦੇ ਪਿਆਰ ਦੇ ਬੋਝ ਹੇਠਾਂ ਦੱਬੀ ਆਪਣੇ ਬੱਚਿਆਂ ਨਾਲ ਘਰ ਪਰਤ ਆਈ । 
 PPA08081401

ਜਸਬੀਰ ਕੌਰ ਕਲਸੀ

 9988334125

Check Also

ਕੁੜੱਤਣ (ਮਿੰਨੀ ਕਹਾਣੀ )

ਮਹੀਨੇ ਕੁ ਬਾਹਦ ਨਸੀਬ ਕੌਰ ਆਪਣੇ ਪੇਕਿਆਂ ਤੋਂ ਵਾਪਿਸ ਆਈ।ਉਸ ਨੂੰ ਜਲਦੀ ਤਾਂ ਵਾਪਿਸ ਆਉਣਾ …

Leave a Reply