Thursday, April 25, 2024

ਕਮਾਦ ਦੀ ਫਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਦਾ ਜਾਇਜ਼ਾ ਲੈਣ ਲਈ ਖੇਤੀ ਮਾਹਿਰਾਂ ਦੀ ਵਿਸ਼ੇਸ਼ ਟੀਮ ਵੱਲੋਂ ਪਿੰਡਾਂ ਦਾ ਦੌਰਾ

ਪੱਤਝੜ ਰੁੱਤ ਦੀ ਬਿਜਾਈ ਲਈ ਕੇਵਲ ਸੀ.ਓ.ਜੇ. 85, ਸੀ.ਓ.ਜੇ. 89003, ਸੀ.ਓ.ਜੇ. 118 ਜਾਂ ਸੀ.ਓ.ਜੇ. 83 ਕਿਸਮਾਂ ਦੀ ਹੀ ਵਰਤੋਂ ਕੀਤੀ ਜਾਵੇ : ਡਾ ਜਗਦੀਸ਼ ਸਿੰਘ

PPN31081403ਬਟਾਲਾ, 31 ਅਗਸਤ (ਨਰਿੰਦਰ ਬਰਨਾਲ) – ਕਮਾਦ ਦੀ ਫਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਦਾ ਜਾਇਜ਼ਾ ਲੈਣ ਲਈ ਖੇਤੀ ਮਾਹਿਰਾਂ ਦੀ ਵਿਸ਼ੇਸ਼ ਟੀਮ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਖੇਤੀ ਮਾਹਿਰਾਂ ਦੇਖਿਆ ਕਿ ਬਰਸਾਤਾਂ ਘੱਟ ਪੈਣ ਕਾਰਨ ਕਮਾਦ ਦੀ ਫਸਲ ਉੱਪਰ ਕਮਾਦ ਦੇ ਘੋੜੇ (ਇੱਕ ਖਾਸ ਕਿਸਮ ਦਾ ਕੀੜਾ) ਦਾ ਹਮਲਾ ਖਾਸ ਕਰਕੇ ਕਿਸਮ ਸੀ.ਓ.ਜੇ. 238 ਤੇ ਬਾਕੀ ਕਿਸਮਾਂ ਨਾਲੋਂ ਜ਼ਿਆਦਾ ਹੋਇਆ ਹੈ। ਇਸ ਵਿਸ਼ੇਸ਼ ਟੀਮ ਵਿੱਚ ਡਾ. ਅਮਰੀਕ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਜਗਦੀਸ਼ ਸਿੰਘ ਮੁੱਖ ਗੰਨਾ ਵਿਕਾਸ ਅਫਸਰ ਸਹਿਕਾਰੀ ਖੰਡ ਮਿੱਲ ਬਟਾਲਾ, ਸੰਦੀਪ ਸਿੰਘ ਰੰਧਾਵਾ ਡਾਇਰੈਕਟਰ ਰਾਸ਼ਟਰੀ ਸਹਿਕਾਰੀ ਖੰਡ ਮਿੱਲ ਫੈਡਰੇਸ਼ਨ, ਸੁਰਜੀਤ ਸਿੰਘ ਗੰਨਾ ਵਿਕਾਸ ਨਿਰੀਖਕ ਹਾਜ਼ਰ ਸਨ ਅਤੇ ਇਸ ਟੀਮ ਵੱਲੋਂ ਕਾਸ਼ਤੀਵਾਲ, ਗੁਜਰਪੁਰਾ, ਦਾਬਾਂਵਾਲਾ, ਕੁਲਾਰ, ਸੈਦਪੁਰ, ਚੋਰਾਂਵਾਲੀ, ਤਲਵੰਡੀ ਲਾਲ ਸਿੰਘ, ਤਲਵੰਡੀ ਅਲੀਵਾਲ, ਬਾਲੇਵਾਲ, ਦਿਆਲਗੜ, ਘੁੰਮਣ ਕਲਾਂ ਆਦਿ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੁੰ ਕਮਾਦ ਦੀ ਫਸਲ ਦੇ ਕੀੜਿਆਂ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਪਿੰਡ ਤਲਵੰਡੀ ਲਾਲ ਸਿੰਘ ਵਿਖੇ ਕਮਾਦ ਦੀ ਫਸਲ ਦਾ ਜਾਇਜ਼ਾ ਲੈਂਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜੇਕਰ ਕਮਾਦ ਦੇ ਘੋੜੇ ਦਾ ਹਮਲਾ ਜ਼ਿਆਦਾ ਹੋਵੇ ਤਾਂ ਇਹ ਕੀੜਾ ਕਮਾਦ ਦੇ ਝਾੜ ਅਤੇ ਗੰਨੇ ਦੀ ਮਿਠਾਸ ਦੀ ਮਾਤਰਾ ਬਹੁਤ ਘਟਾ ਦਿੰਦਾ ਹੈ ਜਿਸ ਕਾਰਨ ਖੰਡ ਦੀ ਵਸੂਲੀ ਘੱਟ ਜਾਣ ਕਾਰਨ ਖੰਡ ਮਿਲਾਂ ਨੂੰ ਨੁਕਸਾਨ ਹੋਣ ਦੇ ਨਾਲ ਨਾਲ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਨੂੰ ਵੀ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾ ਕਿਹਾ ਕਿ ਜ਼ਿਆਦਾ ਹਮਲੇ ਵਾਲੀ ਫਸਲ ਤੋਂ ਗੁੜ ਵੀ ਠੀਕ ਨਹੀਂ ਬਣਦਾ। ਉਨਾਂ ਦੱਸਿਆ ਕਿ ਇਸ ਕੀੜੇ ਦੇ ਹਮਲੇ ਵਾਲੀ ਕਮਾਦ ਦੀ ਫਸਲ ਦੇ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਜ਼ਿਆਦਾ ਹਮਲੇ ਦੀ ਸੂਰਤ ਵਿੱਚ ਕਾਲੇ ਹੋ ਜਾਂਦੇ ਹਨ ਜੋ ਪਸ਼ੂਆਂ ਦੇ ਖਾਣ ਦੇ ਯੋਗ ਵੀ ਨਹੀਂ ਰਹਿੰਦੇ। ਉਨਾਂ ਕਿਹਾ ਕਿ ਇਸ ਕੀੜੇ ਦੇ ਬੱਚੇ ਅਤੇ ਜਵਾਨ ਦੋਵੇਂ ਹੀ ਪੱਤਿਆਂ ਤੋਂ ਰਸ ਚੂਸ ਕੇ ਫਸਲ ਦਾ ਨੁਕਸਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅੰਦਾਜਨ ਕਮਾਦ ਦਾ ਘੋੜਾ ਗੰਨੇ ਦੀ ਫਸਲ ਦਾ 28 ਫੀਸਦੀ ਤੱਕ ਵੀ ਨੁਕਸਾਨ ਕਰ ਸਕਦਾ ਹੈ। ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਸੀ.ਓ.ਜੇ. 89003 ਕਿਸਮ ਉੱਪਰ ਹਮਲਾ ਹੈ ਪਰ ਸੀ.ਓ. 238 ਕਿਸਮ ਉੱਪਰ ਹਮਲਾ ਜ਼ਿਆਦਾ ਪਾਇਆ ਗਿਆ ਹੈ। ਉਨਾਂ ਕਿਹਾ ਕਿ ਕਮਾਦ ਦੇ ਘੋੜੇ ਦੇ ਹਮਲੇ ਵਾਲੇ ਖੇਤਾਂ ਵਿੱਚ ਇਪੀਰੀਕੇਨੀਆ ਨਾਮਕ ਮਿੱਤਰ ਕੀੜਾ ਵੱਡੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ, ਜੋ ਕਮਾਦ ਦੇ ਘੋੜੇ ਦੇ ਬੱਚਿਆਂ ਅਤੇ ਵੱਡੇ ਕੀੜਿਆਂ ਦੀ ਰੋਕਥਾਮ ਕਰਨ ਵਿੱਚ ਸਹਾਈ ਹੁੰਦਾ ਹੈ। ਉਨਾਂ ਕਿਹਾ ਕਿ ਜੇਕਰ ਕਮਾਦ ਦੇ ਘੋੜੇ ਦਾ ਹਮਲਾ ਬਹੁਤ ਜ਼ਿਆਦਾ ਹੋ ਜਾਵੇ ਤਾਂ ਇੰਜਣ ਜਾਂ ਟ੍ਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪਾਂ ਦੀ ਸਹਾਇਤਾ ਨਾਲ ਕੀਟ ਨਾਸ਼ਕ ਰਸਾਇਣਾਂ ਐਸੀਫੇਟ ਜਾਂ ਡਾਈਮੈਥੋਏਟ 1 ਤੋਂ 1.5 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।
ਡਾ ਜਗਦੀਸ਼ ਸਿੰਘ ਨੇ ਦੱਸਿਆ ਕਿ ਗੰਨੇ ਦੀ ਫਸਲ ਨੂੰ ਡਿੱਗਣ ਤੋਂ ਬਚਾਉਣ ਲਈ ਸਤੰਬਰ ਦੇ ਪਹਿਲੇ ਹਫਤੇ ਤੋਂ ਬਾਅਦ ਮੂੰਏ ਬੰਨ ਦੇਣੇ ਚਾਹੀਦੇ ਹਨ। ਉਨਾਂ ਕਿਹਾ ਕਿ ਪੱਤਝੜ ਦੀ ਰੁੱਤ ਦੇ ਕਮਾਦ ਦੀ ਫਸਲ ਵਿੱਚ ਹੋਰ ਫਸਲਾਂ ਜਿਵੇਂ ਸਰੋਂ, ਕਣਕ, ਗੋਭੀ, ਛੋਲੇ, ਮਟਰ ਆਦਿ ਬੀਜ ਕੇ ਉਤਪਾਦਕਤਾ ਵਧਾਉਣ ਦੇ ਨਾਲ-ਨਾਲ ਵਧੇਰੇ ਮੁਨਾਫਾ ਵੀ ਲਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਕਮਾਦ ਦੀ ਬਿੱਜਾਈ 20 ਸਤੰਬਰ ਤੋਂ ਬਾਅਦ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੱਤਝੜ ਰੁੱਤ ਦੀ ਬਿਜਾਈ ਲਈ ਕੇਵਲ ਸੀ ੳ ਜੇ 85,ਸੀ ੳ ਜੇ 89003,ਸੀ ੳ 118 ਜਾਂ ਸੀ ੳ ਜੇ 83 ਕਿਸਮਾਂ ਦੀ ਹੀ ਵਰਤੋਂ ਕਰਨ ਅਤੇ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਰਸਾਇਣਾਂ ਨਾਲ ਜ਼ਰੂਰ ਸੋਧ ਲੈਣਾ ਚਾਹੀਦਾ ਹੈ। ਸੰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਕਮਾਦ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਖੇਤੀ ਮਾਹਿਰਾਂ ਵੱਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਹੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਪ੍ਰਤੀ ਹੈਕਟੇਅਰ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕੇ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply