Thursday, April 25, 2024

ਪੂਰਬੀ ਭਾਰਤ ਦੇ ਉਘੇ ਪੱਤਰਕਾਰ ਬੰਗਭੂਸ਼ਨ ਬਚਨ ਸਿੰਘ ਸਰਲ ਨੂੰ ਸਦਮਾ-ਪੋਤਰੇ ਦਾ ਦਿਹਾਂਤ

PPN20101419
ਕੋਲਕਾਤਾ, 19 ਅਕਤੂਬਰ (ਪੰਜਾਬ ਪੋਸਟ ਬਿਊਰੋ)- ਪੂਰਬੀ ਭਾਰਤ ਦੇ ਉਘੇ ਪੱਤਰਕਾਰ, ਬੰਗਭੂਸ਼ਨ ਬਚਨ ਸਿੰਘ ਸਰਲ ਨੂੰ ਉਹਨਾਂ ਦੇ ਪੋਤਰੇ ਨਰਿੰਦਰਪਾਲ ਸਿੰਘ (ਵਿਕਰਮ) ਦੀ ਭਰ ਜਵਾਨੀ ‘ਚ ਅਚਾਨਕ ਹੋਈ ਮੌਤ ਨਾਲ ਅਸਹਿ ਸਦਮਾ ਲੱਗਾ ਹੈ। ਪਰਿਵਾਰਕ ਸੂਤਰਾਂ ਅਨੁਸਾਰ ਗੁਰਚਰਨ ਸਿੰਘ ਦੇ ਸਪੁੱਤਰ ਅਤੇ ਬਚਨ ਸਿੰਘ ਸਰਲ ਦੇ ਪੋਤਰੇ ਨਰਿੰਦਰਪਾਲ ਸਿੰਘ ਦੀ ਉਮਰ ਇਸ ਸਮੇਂ 20 ਸਾਲ ਦੀ ਸੀ ਅਤੇ ਉਸ ਨੇ ਇਸ ਸਾਲ ਹੀ ਬੀ. ਕਾਮ ਦਾ ਇਮਤਿਹਾਨ ਪਾਸ ਕੀਤਾ ਸੀ।ਉੱਚੇ ਲੰਮੇ ਅਤੇ ਸੁਡੋਲ ਸਰੀਰ ਅਤੇ ਸੁੰਦਰ ਦਿੱਖੇ ਵਾਲਾ ਨਰਿੰਦਰਪਾਲ ਸਿੰਘ ਪੜਾਈ ਦੇ ਨਾਲ-ਨਾਲ ਸੇਹਤ ਸੰਭਾਲ ਦੇ ਆਸ਼ੇ ਨਾਲ ਪਿਛਲੇ 2 ਸਾਲਾਂ ਤੋਂ ਕਸਰਤ ਕਰਨ ਲਈ ਜਿਮ ‘ਚ ਜਾਇਆ ਕਰਦਾ ਸੀ।ਸ਼ੁੱਕਰਵਾਰ ਨੂੰ ਵੀ ਉਹ ਨਿਯਮ ਅਨੁਸਾਰ ਜਿਮ ਗਿਆ ਤੇ ਫਿਰ ਉਥੋਂ ਉਹ ਲਾਸ਼ ਦੇ ਰੂਪ ਵਿੱਚ ਹੀ ਘਰ ਵਾਪਸ ਮੁੜਿਆ। ਜਿਮ ‘ਚ ਉੁਸ ਨਾਲ ਕੀ ਬੀਤੀ, ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲਗ ਸਕਿਆ।
ਨਰਿੰਦਰਪਾਲ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਹੋਣ ਉਪਰੰਤ ਸ਼ਾਮ ਹਾਵੜਾ ‘ਚ ਬਾਂਧਾਘਾਟ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।ਸਸਕਾਰ ਸਮੇਂ ਸਰਲ ਪਰਿਵਾਰ ਦੇ ਹਮਦਰਦਾਂ ਅਤੇ ਸੁਨੇਹੀਆਂ ਦਾ ਭਾਰੀ ਇੱਕਠ ਸੀ ਜਿਸ ਵਿੱਚ ਸਥਾਨਕ ਗੁਰਦੁਆਰਾ ਕਮੇਟੀਆਂ ਦੇ ਆਗੂ, ਨਗਰ ਨਿਗਮ ਕੌਂਸਲਰ ਅਤੇ ਹੋਰ ਸਨਮਾਨਿਤ ਹਸਤੀਆਂ ਸ਼ਾਮਿਲ ਸਨ।
ਸ੍ਰ. ਬਚਨ ਸਿੰਘ ਸਰਲ ਨੇ ਦੱਸਿਆ ਕਿ ਉਹਨਾਂ ਨੇ ਲੁਧਿਆਣਾ ਜਾਣਾ ਸੀ, ਜਿਥੇ ਆਯੋਜਿਤ ਹੋ ਰਹੇ 36ਵੇਂ ਪ੍ਰੋ: ਮੋਹਨ ਸਿੰਘ ਯਾਦਗਾਰੀ ਅੰਤਰ-ਰਾਸ਼ਟਰੀ ਸਭਿਆਚਾਰਕ ਮੇਲੇ ‘ਚ ਉਹਨਾਂ ਦਾ ਬਤੌਰ ਪੱਤਰਕਾਰ ਸਨਮਾਨ ਹੋਣਾ ਸੀ।ਉਹਨਾਂ ਨੇ ਕਿਹਾ ਕਿ ਪਰਿਵਾਰ ‘ਚ ਵਾਪਰੀ ਦੁਖਦਾਈ ਘਟਨਾ ਕਾਰਨ ਉਹ ਇਸ ਮੇਲੇ ‘ਚ ਸ਼ਾਮਿਲ ਨਹੀਂ ਹੋ ਸਕੇ ਜਿਸ ਲਈ ਉਹਨਾਂ ਨੇ ਮੇਲੇ ਦੇ ਆਯੋਜਕਾਂ ਅਤੇ ਸੁਨੇਹੀਆਂ ਤੋਂ ਮਾਫੀ ਮੰਗੀ ਹੈ। ਉਹਨਾਂ ਨੇ ਦੱਸਿਆ ਕਿ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਦੇ ਪ੍ਰਧਾਨ ਸ੍ਰ. ਪਰਗਟ ਸਿਸੰਘ ਗਰੇਵਾਲ ਅਤੇ ਜਨਰਲ ਸੈਕਟਰੀ ਸ੍ਰ. ਗੁਰਭਜਨ ਸਿੰਘ ਗਿੱਲ ਨੇ ਫੋਨ ਤੇ ਉਹਨਾਂ ਨਾਲ ਹਮਦਰਦੀ ਜਤਾਈ ਹੈ।
ਨਰਿੰਦਰਪਾਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ 26 ਅਕਤੂਬਰ ਨੂੰ ਆਪਣੇ ਨਿਵਾਸ ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਵੇਗਾ ਤੇ ਉਸ ਤੋਂ ਬਾਅਦ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਦਾਨਕੂਨੀ ਵਿਖੇ ਗੁਰਬਾਣੀ ਦੇ ਕੀਰਤਨ ਲਈ ਦੀਵਾਨ ਸੱਜੇਗਾ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ।
ਅਦਾਰਾ ਪੰਜਾਬ ਪੋਸਟ ਵੀ ਸ੍ਰ. ਸਰਲ ਦੇ ਪੋਤਰੇ ਦੀ ਅਚਾਨਕ ਹੋਈ ਮੌਤ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ, ਨਰਿੰਦਰਪਾਲ ਸਿੰਘ ਦੀ ਆਤਮਾ ਦੀ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply