Thursday, April 25, 2024

ਪੰਥਕ ਜਾਇਦਾਦਾਂ ਨੂੰ ਸਰਕਾਰ ਦੀ ਜਾਇਦਾਦਾਂ ਨਹੀਂ ਬਣਨ ਦਿਆਂਗੇ – ਜੀ.ਕੇ

ਧਰਮ ਪ੍ਰਚਾਰ ਦੇ ਨਾਲ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣਾ ਕਮੇਟੀ ਦਾ ਮੁੱਖ ਟੀਚਾ

PPN230704

ਨਵੀਂ ਦਿੱਲੀ, 23 ਜੁਲਾਈ (ਅੰਮ੍ਰਿਤ ਲਾਲ ਮੰਨਣ) –  ਅਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਵੱਖ ਵੱਖ ਇਤਿਹਾਸਕ ਗੁਰਦੁਆਰਿਆਂ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਨਾਨਕ ਪਿਆਉ ਸਾਹਿਬ, ਗੁਰਦੁਆਰਾ ਬਾਲਾ ਸਾਹਿਬ, ਗੁਰਦੁਆਰਾ ਮੋਤੀ ਬਾਗ ਸਾਹਿਬ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀਆਂ ਪਰਿਕ੍ਰਮਾਂ ਵਿੱਚ ਆਗਮਨ ਪੁਰਬ ਦੀ ਖੁਸ਼ੀ ਵਿੱਚ ਗੁਰਮਤਿ ਸਮਾਗਮ ਹੋਏੇ। ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਹੋਏ ਮੁੱਖ ਸਮਾਗਮ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਸੰਗਤਾਂ ਨੂੰ ਜਿਥੇ ਗੁਰਦੁਆਰਾ ਬੰਗਲਾ ਸਾਹਿਬ ਬਾਰੇ ਇਤਿਹਾਸਕ ਤੱਥਾਂ ਤੋਂ ਜਾਣੂੰ ਕਰਵਾਇਆ, ਉਥੇ ਨਾਲ ਹੀ ਕਮੇਟੀ ਵੱਲੋਂ ਧਰਮ ਪ੍ਰਚਾਰ, ਸਿੱਖਿਆ ਦੇ ਖੇਤਰ ਦੇ ਵਿੱਚ ਕੀਤੇ ਜਾ ਰਹੇ ਕਾਰਜਾਂ ਤੇ ਹਰਿਆਣਾ ਵਿਖੇ ਵੱਖਰੀ ਗੁਰਦੁਆਰਾ ਕਮੇਟੀ ਉਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਗੁਰਦੁਆਰਾ ਬੰਗਲਾ ਸਾਹਿਬ ਨਾਲ ਲੱਗਦੀਆਂ ਜਮੀਨਾਂ ਉਤੇ ਬਣੇ ਲੰਗਰ ਹਾਲ, ਸਰੋਵਰ ਸਾਹਿਬ, ਡੇਰਾ ਬਾਬਾ ਹਰਬੰਸ ਸਿੰਘ ਜੀ ਅਤੇ ਮਹਾਰਾਜਾ ਜੈ ਸਿੰਘ ਮਾਰਗ ਨੂੰ ਬੰਦ ਕਰਕੇ ਬਣਾਈ ਗਈ ਮਲਟੀਲੈਵਲ ਕਾਰ ਪਾਰਕਿੰਗ ਦੇ ਇਤਿਹਾਸ ਤੋਂ ਜਾਣੂੰ ਕਰਵਾਉਂਦੇ ਹੋਏ ਜੀ.ਕੇ. ਨੇ ਸੰਗਤਾਂ ਨੂੰ ਪਿਛਲੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਨੂੰ ਐਨ.ਡੀ.ਐਮ.ਸੀ. ਨੂੰ ਦੇਣ ਦੇ ਕੀਤੇ ਗਏ ਕਰਾਰ ਨੂੰ ਕਿਸੇ ਵੀ ਹਲਾਤ ਵਿੱਚ ਮੰਨਣ ਤੋਂ ਇਨਕਾਰੀ ਹੁੰਦੇ ਹੋਏ ਸੰਗਤਾਂ ਨੂੰ ਕਾਰ ਪਾਰਕਿੰਗ ਦਾ ਐਮ.ਓ.ਯੂ ਕੈਂਸਲ ਕਰਵਾਕੇ ਦਿੱਲੀ ਕਮੇਟੀ ਦੀ ਜਾਇਦਾਦ ਦੇ ਤੋਰ ‘ਤੇ ਵੀ ਰੱਖਣ ਦਾ ਵਾਇਦਾ ਕੀਤਾ। ਸੰਗਤਾਂ ਵੱਲੋਂ ਦਿੱਤੇ ਗਏ 90  ਕਰੋੜ ਦੇ ਦਸਵੰਧ ਨਾਲ ਬਣੀ ਇਸ ਪਾਰਕਿੰਗ ਨੂੰ ਪਿਛਲੇ ਪ੍ਰਬੰਧਕਾਂ ਵੱਲੋਂ ਐਨ.ਡੀ.ਐਮ.ਸੀ. ਨੂੰ 25  ਸਾਲ ਬਾਅਦ ਦੇਣ ਦੇ ਕੀਤੇ ਗਏ ਕਰਾਰ ‘ਤੇ ਵੀ ਉਨ੍ਹਾਂ ਨੇ ਹੈਰਾਨੀ ਪ੍ਰਗਟਾਈ। 1984 ਦੇ ਸ਼ਹੀਦਾਂ ਦੀ ਯਾਦ ‘ਚ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਯਾਦਗਾਰ ਬਣਾਉਣ ਦਾ ਵੀ ਇਸ ਮੋਕੇ ਜੀ.ਕੇ. ਨੇ ਭਰੋਸਾ ਜਤਾਇਆ।
ਧਰਮ ਪ੍ਰਚਾਰ ਅਤੇ ਸਿੱਖਿਆ ਦੇ ਨਾਲ ਹੀ ਆਪਣੀ ਵਿਰਾਸਤ ਨੂੰ ਬਚਾਉਣ ਦੀ ਜਿੰਮੇਵਾਰੀ ਕਮੇਟੀ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਫਰੈਂਡਸ ਕਾਲੋਨੀ ਦੇ ਨੇੜੇ ਕਮੇਟੀ ਦੀ ਜੋਗਾ ਬਾਈ ਪਿੰਡ ‘ਚ 12 ਏਕੜ ਜਮੀਨ ‘ਤੇ ਵੀ ਇਸੇ ਹਫਤੇ ਮੁੜ ਕਬਜਾ ਲੈਣ ਦਾ ਵੀ ਦਾਅਵਾ ਕੀਤਾ। ਗੁਰਦੁਆਰਾ ਬਾਲਾ ਸਾਹਿਬ ਵਿਖੇ ਹਸਪਤਾਲ ਦੀਆਂ ਕਾਨੂੰਨੀ ਪਚੀਦਗੀਆਂ ਨੂੰ ਦੂਰ ਕਰਦੇ ਹੋਏ ਛੇਤੀ ਹੀ ਹਸਪਤਾਲ ਤੇ ਮੈਡੀਕਲ ਕਾਲਜ ਨੂੰ ਸ਼ੁਰੂ ਕਰਨ ਦਾ ਵੀ ਭਰੋਸਾ ਜਤਾਇਆ। ਹਰਿਆਣਾ ਸਰਕਾਰ ਵੱਲੋਂ ਹਰਿਆਣਾ ਵਿਖੇ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਨੂੰ ਸਿੱਖਾਂ ਦੇ ਵਿੱਚ ਵੰਡੀਆਂ ਪਾਉਣ ਦਾ ਕਾਰਨ ਦੱਸਦੇ ਹੋਏ ਜੀ.ਕੇ. ਨੇ ਦਿੱਲੀ ਦੀ ਸੰਗਤ ਨੂੰ 27 ਜੁਲਾਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣ ਵਾਲੇ ਪੰਥਕ ਇਕੱਠ ਵਿੱਚ ਦਿੱਲੀ ਕਮੇਟੀ ਦੀਆਂ ਬੱਸਾਂ ਰਾਹੀਂ ਜਾਣ ਦਾ ਵੀ ਸੰਗਤਾਂ ਨੂੰ ਸੱਦਾ ਦਿੱਤਾ, ਜਿਸ ਦੀ ਸੰਗਤਾਂ ਨੇ ਦੋਵੇਂ ਬਾਹਵਾਂ ਖੜੀਆਂ ਕਰਕੇ ਪ੍ਰਵਾਨਗੀ ਦਿੱਤੀ। ਦਿੱਲੀ ਕਮੇਟੀ ਦੇ ਪ੍ਰਬੰਧ ਅਧੀਨ ਦਿੱਲੀ ਯੂਨੀਵਰਸਿਟੀ ਦੇ ਤਹਿਤ ਚਲਦੇ 4 ਖਾਲਸਾ ਕਾਲਜਾਂ ਵਿੱਚ ਇਸ ਵਾਰ ਅੰਡਰ ਗਰੈਜੂਏਟ ਕੋਰਸਾਂ ਵਿੱਚ 80  ਫੀਸਦੀ ਸਿੱਖ ਬੱਚਿਆਂ ਦੇ ਦਾਖਲਾ ਲੈਣ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਸੈਂਟ ਸਟੀਫਨ ਕਾਲਜ ਵੱਲੋਂ ਈਸਾਈ ਭਾਈਚਾਰੇ ਦੇ ਬੱਚਿਆਂ ਨੂੰ 100 ਫੀਸਦੀ ਸੀਟਾਂ ਉਤੇ ਦਿੱਤੇ ਜਾ ਰਹੇ ਰਾਖਵਾਂਕਰਨ ਦਾ ਵੀ ਹਵਾਲਾ ਦਿੱਤਾ। ਇੰਜਨੀਰਿੰਗ, ਲਾਅ ਅਤੇ ਮੈਨੇਜਮੈਂਟ ਸਿੱਖਿਆ ਦੇ ਨਵੇਂ ਕੋਰਸ ਆਪਣੇ ਦੋ ਤਕਨੀਕੀ ਕਾਲਜਾਂ ਵਿੱਚ ਮੈਸੂਰ ਯੂਨੀਵਰਸਿਟੀ ਤੋਂ ਸ਼ੁਰੂ ਕਰਨ ਦੀ ਵੀ ਉਨ੍ਹਾਂ ਗੱਲ ਕਹੀ।
ਨਵੀਂ ਕਮੇਟੀ ਵੱਲੋਂ ਲੋੜਵੰਦ ਸਿੱਖ ਬੱਚਿਆਂ ਦੀ ਸਰਕਾਰੀ ਸਕੀਮਾਂ ਤਹਿਤ ਫੀਸ ਮਾਫ ਕਰਾਉਣ ਵਾਸਤੇ ਸ਼ੁਰੂ ਕੀਤੇ ਗਏ ਮਾਇਨੋਰਟੀ ਅਵੇਰਨੈਸ ਸੈਕਸ਼ਨ ਦੇ ਜੋਨਲ ਆਫਿਸ ਪੱਛਮ ਦਿੱਲੀ 4, ਸਾਊਥ ਦਿੱਲੀ 2, ਪੂਰਬੀ ਦਿੱਲੀ 2, ਉਤਰੀ ਦਿੱਲੀ 2 ਅਤੇ ਸੈਂਟਰਲ ਦਿੱਲੀ ਵਿਖੇ ੧ ਖੋਲਣ ਦਾ ਐਲਾਨ ਕਰਦੇ ਹੋਏ ਜੀ.ਕੇ. ਨੇ ਇਸ ਸਾਲ ੨੦ ਕਰੋੜ ਰੁਪਏ ਸਰਕਾਰੀ ਫੰਡਾਂ ਵਿੱਚੋਂ ਸਿੱਖ ਬੱਚਿਆਂ ਨੂੰ ਦਿਵਾਉਣ ਦੀ ਵੀ ਗੱਲ ਕਹੀ। ਪੁਰਾਣੀ ਕਮੇਟੀ ਵੱਲੋਂ ਇਸ ਮਦ ਵਿੱਚ 35 ਲੱਖ ਦਾ ਬੱਚਿਆਂ ਨੂੰ ਫਾਇਦਾ ਦਿਵਾਉਣ ਦੇ ਮੁਕਾਬਲੇ ਇਸ ਸਾਲ ਬੱਚਿਆਂ ਨੂੰ 12 ਕਰੋੜ ਦੀ ਫੀਸ ਮਾਫੀ ਦਾ ਫਾਇਦਾ ਮਿਲਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਚੜ੍ਹਦੀ ਕਲਾ ਗਰੁੱਪ ਦੇ ਮੁੱਖੀ ਜਗਜੀਤ ਸਿੰਘ ਦਰਦੀ ਦਾ ਇਸ ਮੋਕੇ ਰਾਜ ਸਭਾ ਪ੍ਰੈਸ ਸਲਾਹਕਾਰ ਮੈਂਬਰ ਬਣਨ ਅਤੇ ਕੀਰਤਨ ਮੁਕਾਬਲੇ ਦੀਆਂ ਜੇਤੂ ਬੀਬੀਆਂ ਨੂੰ ਵੀ ਕਮੇਟੀ ਵੱਲੋਂ ਸਿਰੋਪਾ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ ਤਨਵੰਤ ਸਿੰਘ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਗੁਰਬਚਨ ਸਿੰਘ ਚੀਮਾ, ਚਮਨ ਸਿੰਘ, ਹਰਦੇਵ ਸਿੰਘ ਧਨੋਆ, ਰਵੇਲ ਸਿੰਘ, ਦਰਸ਼ਨ ਸਿੰਘ, ਪਰਮਜੀਤ ਸਿੰਘ ਚੰਢੋਕ, ਇੰਦਰਜੀਤ ਸਿੰਘ ਮੋਂਟੀ ਜਸਬੀਰ ਸਿੰਘ ਜੱਸੀ, ਹਰਜਿੰਦਰ ਸਿੰਘ ਅਤੇ ਅਕਾਲੀ ਆਗੂ ਵਿਕਰਮ ਸਿੰਘ, ਹਰਚਰਨ ਸਿੰਘ ਗੁਲਸ਼ਨ, ਗੁਰਮੀਤ ਸਿੰਘ ਬੋਬੀ, ਮਨਜੀਤ ਸਿੰਘ ਅੋਲਖ ਤੇ ਬੀਬੀ ਰਣਜੀਤ ਕੋਰ ਵੀ ਮੋਜੂਦ ਸਨ।

Check Also

1525 ਵਿੱਚੋਂ 596 ਸ਼ਰਧਾਲੂਆਂ ਨੂੰ ਵੀਜੇ ਨਾ ਦੇਣੇ ਮੰਦਭਾਗੀ ਕਾਰਵਾਈ- ਸਕੱਤਰ ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਸਾਜਣਾ ਦਿਵਸ ਸਬੰਧੀ 13 ਅਪ੍ਰੈਲ ਨੂੰ ਪਾਕਿਸਤਾਨ ਜਾਵੇਗਾ ਸਿੱਖ ਜਥਾ ਅੰਮ੍ਰਿਤਸਰ, …

Leave a Reply