Friday, April 19, 2024

ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਖੁਸ਼ਬੀਰ ਪੰਜਾਬ ਸਰਕਾਰ ਦੇ ਵਤੀਰੇ ਤੋਂ ਨਾਖੁਸ਼

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਨਵਾਂ ਘਰ ਬਣਾਉਣ ਲਈ ਮਾਲੀ ਸਹਾਇਤਾ ਦਾ ਕੀਤਾ ਐਲਾਨ

 PPN21101421

ਅੰਮ੍ਰਿਤਸਰ, 21 ਅਕਤੂਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਪ੍ਰਸਿੱਧ ਐਥਲੀਟ ਖੁਸ਼ਬੀਰ ਕੌਰ ਜਿਸਨੇ ਕੋਰੀਆ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਦੁਨੀਆ ਵਿੱਚ ਰੌਸ਼ਨ ਕੀਤਾ ਹੈ, ਨੇ ਅੱਜ ਪੰਜਾਬ ਸਰਕਾਰ ‘ਤੇ ਮਾੜੇ ਵਤੀਰੇ ਦਾ ਦੋਸ਼ ਲਗਾਉਂਦਿਆ ਖਿਡਾਰੀਆਂ ਨੂੰ ਨਜ਼ਰਅੰਦਾਜ ਕਰਨ ਦਾ ਰੋਸ ਪ੍ਰਗਟ ਕੀਤਾ। ਉਸ ਨੇ ਕਿਹਾ ਕਿ ਗੁਆਂਢੀ ਰਾਜ ਹਰਿਆਣਾ ਵਿੱਚ ਏਸ਼ੀਅਨ ਖੇਡਾਂ ਵਿੱਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਵੱਡੇ-ਵੱਡੇ ਨਗਦੀ ਇਨਾਮ ਦਿੱਤੇ ਜਾ ਰਹੇ ਹਨ, ਜਦ ਕਿ ਪੰਜਾਬ ਵਿੱਚ ਖਿਡਾਰੀਆਂ ਨਾਲ ਕੌਝਾ ਮਜ਼ਾਕ ਕਰਕੇ ਉਨ੍ਹਾਂ ਦੀ ਕਾਬਲੀਅਤ ਦੀ ਖਿਲੀ ਉਡਾਈ ਜਾ ਰਹੀ ਹੈ।   ਖੁਸ਼ਬੀਰ ਨੇ ਇੰਚੀਓਨ (ਕੋਰੀਆ) ਸਥਿਤ ਹੋਈ ਏਸ਼ੀਆਡ ਖੇਡਾਂ ਵਿੱਚ ਖੁਸ਼ਬੀਰ ਨੇ 20 ਕਿਲੋਮੀਟਰ ਦੀ ਦੂਰੀ 1 ਘੰਟੇ 33 ਮਿੰਟ ਵਿੱਚ ਪੈਦਲ ਚਾਲ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਕੇ ਭਾਰਤ ਦੀ ਪਹਿਲੀ ਔਰਤ ਖਿਡਾਰੀ ਹੋਣ ਦਾ ਖਿਤਾਬ ਹਾਸਲ ਕੀਤਾ ਸੀ। ਪਰ ਉਹ ਅੱਜ ਹਿੰਮਤ ਹਾਰੀ ਹੋਈ ਨਜ਼ਰ ਆਉਂਦੀ ਹੈ, ਜਦ ਉਸਨੇ ਕਿਹਾ ਕਿ ਉਸਨੂੰ ਫ਼ਖਰ ਮਹਿਸੂਸ ਹੋਇਆ ਸੀ, ਜਦੋਂ ਭਾਰਤ ਦਾ ਤਿਰੰਗਾ ਝੰਡਾ ਉਸਦੇ ਤਮਗਾ ਜਿੱਤਣ ‘ਤੇ ਇੰਚੀਓਨ ਵਿਖੇ ਲਹਿਰਾਇਆ ਗਿਆ। ਪਰ ਇੱਥੇ ਪਹੁੰਚਣ ‘ਤੇ ਨਾ ਤਾਂ ਪੰਜਾਬ ਸਰਕਾਰ ਵੱਲੋਂ ਉਸਦਾ ਕੋਈ ਸਵਾਗਤ ਕੀਤਾ ਗਿਆ, ਸਗੋਂ ਨਗਦ ਇਨਾਮ ਵਜੋਂ ਐਲਾਨੀ ਜਾ ਰਹੀ ਥੋੜ੍ਹੀ ਜਿਹੀ ਰਾਸ਼ੀ ਨੂੰ ਹਾਸਲ ਕਰਨ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਵਿੱਚੋ ਗੁਜ਼ਰਣਾ ਪੈ ਰਿਹਾ ਹੈ। ਖੁਸ਼ਬੀਰ ਦੇ ਨਾਲ ਇਸੇ ਕਾਲਜ ਦੀ ਵਿਦਿਆਰਥਣ ਨਵਜੀਤ ਕੌਰ ਢਿੱਲੋਂ ਜਿਸਨੇ ਅਮਰੀਕਾ ਵਿੱਚ ਹੋਈ ਵਰਲਡ ਜੂਨੀਅਰ ਐਥਲੈਟਿਕਸ ਮੀਟ ਵਿੱਚ ਕਾਂਸੇ ਦਾ ਤਮਗਾ ਹਾਸਲ ਕੀਤਾ ਸੀ, ਨੇ ਵੀ ਪੰਜਾਬ ਸਰਕਾਰ ਵੱਲੋਂ ਉਘੇ ਖਿਡਾਰੀਆਂ ਨੂੰ ਅਣਗੌਲਿਆ ਕਰਨ ‘ਤੇ ਗੁੱਸਾ ਜਾਹਿਰ ਕੀਤਾ। ਦੋਵੇਂ ਖਿਡਾਰਣਾਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਉਨ੍ਹਾਂ ਦੇ ਸਵਾਗਤ ਵਿੱਚ ਕੀਤੇ ਗਏ ਇਕ ਖ਼ਾਸ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰੀ ਅਧਿਕਾਰੀ ਉਨ੍ਹਾਂ ਦੇ ਸਵਾਗਤ ਲਈ ਨਹੀਂ ਪਹੁੰਚਿਆ, ਜਦ ਕਿ ਉਨ੍ਹਾਂ ਦੇ ਕਾਲਜ, ਕੋਚਾਂ ਵਿਦਿਆਰਥਣਾਂ ਅਤੇ ਮਾਪਿਆਂ ਨੇ ਉਨ੍ਹਾਂ ਦੀ ਜਿੱਤ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਸੀ।  ਖੁਸ਼ਬੀਰ ਨੇ ਕਿਹਾ ਕਿ ਹਰਿਆਣਾ ਰਾਜ ਨੇ ਏਸ਼ੀਅਨ ਖੇਡਾਂ ਵਿੱਚ ਸੋਨੇ ਵਿੱਚ ਤਮਗਾ ਜਿੱਤਣ ਵਾਲੇ ਖਿਡਾਰੀ ਨੂੰ 2 ਕਰੋੜ, ਚਾਂਦੀ ਦਾ ਤਮਗਾ ਹਾਸਲ ਕਰਨ ਵਾਲੇ ਨੂੰ ਡੇਢ ਕਰੋੜ ਅਤੇ ਕਾਂਸੇ ਦਾ ਤਮਗ ਜਿੱਤਣ ਵਾਲੇ ਨੂੰ 1 ਕਰੋੜ ਦੇਣ ਦਾ ਐਲਾਨ ਕੀਤਾ ਹੈ, ਜਦ ਕਿ ਪੰਜਾਬ ਨੇ ਸੋਨੇ ਦਾ ਤਮਗਾ ਜਿੱਤਣ ਵਾਲੇ ਨੂੰ ਨਾਮਾਤਰ 20 ਲੱਖ ਰੁਪਏ, ਚਾਂਦੀ ਦਾ ਤਮਗਾ ਜਿੱਤਣ ਵਾਲੇ 16 ਲੱਖ ਅਤੇ ਕਾਂਸੇ ਦਾ ਤਮਗਾ ਜਿੱਤਣ ਵਾਲੇ ਨੂੰ 11 ਲੱਖ ਦੇਣ ਦਾ ਐਲਾਨ ਕੀਤਾ ਹੈ। ਜੋ ਕਿ ਖਿਡਾਰੀਆਂ ਨਾਲ ਕੋਝਾ ਮਜ਼ਾਕ ਨਹੀਂ ਹੋਰ ਕੀ ਹੈ?

ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਮੌਕੇ ਕਿਹਾ ਕਿ ਖੁਸ਼ਬੀਰ ਇਕ ਬਹੁਤ ਹੀ ਗਰੀਬ ਘਰ ਤੋਂ ਹੈ ਅਤੇ ਕਾਲਜ ਮੈਨੇਜਮੈਂਟ ਨੇ ਉਸਨੂੰ ਘਰ ਦੀ ਉਸਾਰੀ ਕਰਕੇ ਦੇਣ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਹ ਵੀ ਹੈਰਾਨ ਹਨ ਕਿ ਸਰਕਾਰ ਇੰਨ੍ਹੀਆਂ ਉੱਚੀਆਂ ਸਫ਼ਲਾਤਾਵਾਂ ਹਾਸਲ ਕਰਨ ਵਾਲੇ ਖਿਡਾਰੀਆਂ ਤੋਂ ਕੰਨੀ ਕਿਉਂ ਕਤਰਾ ਰਹੀ ਹੈ? ਸ: ਛੀਨਾ ਨੇ ਤੁਰੰਤ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਪੱਤਰ ਲਿਖਦਿਆ ਅੱਜ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਨੂੰ ਉਨ੍ਹਾਂ ਦਾ ਲੋੜੀਂਦਾ ਇਨਾਮ, ਮਾਣ-ਸਨਮਾਨ ਅਤੇ ਗਜ਼ਟਿਡ ਅਫ਼ਸਰ ਦੀ ਨੌਕਰੀ ਦੇਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਖੇਡ ਮੰਤਰੀ ਸਰਬਾਨੰਦਾ ਸੋਨੋਵਾਲ ਨੂੰ ਵੀ ਇਕ ਪੱਤਰ ਲਿਖਿਆ ਹੈ ਅਤੇ ਇਨ੍ਹਾਂ ਖਿਡਾਰਣਾਂ ਦੀ ਆਰਥਿਕ ਮਦਦ ਦੀ ਅਪੀਲ ਕੀਤੀ।

ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਵੀ ਕਿਹਾ ਕਿ ਖੁਸ਼ਬੀਰ ਖੇਡ ਦੌਰਾਨ ਮਸਲ ਪੁੱਲ ਹੋ ਗਿਆ ਸੀ ਪਰ ਇਸ ਸੱਟ ਦੇ ਬਾਵਜੂਦ ਵੀ ਉਸਨੇ ਹਿੰਮਤ ਨਹੀਂ ਹਾਰੀ ਅਤੇ ਉਸਨੇ ਆਪਣਾ ਅਭਿਆਸ ਜਾਰੀ ਰੱਖਿਆ। ਉਸਨੇ ਕਿਹਾ ਕਿ ਉਸਨੂੰ ਖੁਸ਼ੀ ਹੈ ਕਿ ਉਹ ਏਸ਼ੀਅਡ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਉਹ ਆਪਣੇ ਪਰਿਵਾਰ, ਕਾਲਜ, ਸੂਬਾ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕੀ। ਉਨ੍ਹਾਂ ਕਿਹਾ ਕਿ ਉਸਦੀ ਆਰਥਿਕ ਹਾਲਤ ਨੂੰ ਵੇਖਦਿਆ ਕਾਲਜ ਮੈਨੇਜ਼ਮੈਂਟ ਨੇ ਹਮੇਸ਼ਾਂ ਹੀ ਉਸਦੀ ਮਦਦ ਕੀਤੀ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਸਹਾਇਤਾ ਪ੍ਰਾਪਤ ਨਹੀਂ ਹੋਈ। ਇਸ ਮੌਕੇ ਕੌਂਸਲ ਦੇ ਮੀਤ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ, ਜੁਆਇੰਟ ਸਕੱਤਰ ਸ: ਸੁਖਦੇਵ ਸਿੰਘ ਅਬਦਾਲ, ਮੈਂਬਰ ਅਜੀਤ ਸਿੰਘ ਬਸਰਾ, ਤੇਜਿੰਦਰ ਕੌਰ ਛੀਨਾ, ਡਾ. ਏ. ਐੱਸ. ਮਾਹਲ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਡਾ. ਜਸਵਿੰਦਰ ਸਿੰਘ ਢਿੱਲੋਂ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਆਫ਼ ਇੰਜੀਨੀਅਰ ਐਂਡ ਟੈਕਨਾਲੋਜੀ ਡਾ. ਅਮਰਪਾਲ ਸਿੰਘ ਆਦਿ ਤੋਂ ਇਲਾਵਾ ਹੋਰ ਕਈ ਅਹਿਮ ਸਖ਼ਸ਼ੀਅਤਾਂ ਮੌਜ਼ੂਦ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply