Thursday, March 28, 2024

ਕਿਸਾਨ ਜਾਗਰੂਕਤਾ ਕੈਂਪਾਂ ਦੀ ਸ਼ੁਰੂਆਤ ਅੰਮ੍ਰਿਤਸਰ ਜ਼ਿਲੇ ਤੋਂ – ਰਣੀਕੇ

ਪਹਿਲਾ ਰਾਜ ਪੱਧਰੀ ਕੈਂਪ ਪਿੰਡ ਜੇਠੂਕੇ ਵਿਖੇ 20 ਸਤੰਬਰ ਨੂੰ

Gulzar Singh Ranikeਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) ਪੰਜਾਬ ਦੇ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਅਤੇ ਵੱਖ-ਵੱਖ ਸਹਾਇਕ ਕਿੱਤਿਆਂ ਦੀ ਜਾਣਕਾਰੀ ਦੇਣ ਅਤੇ ਜਾਗਰੂਕਤਾ ਫੈਲਾਉਣ ਲਈ ਪੰਜਾਬ ਸਰਕਾਰ ਵੱਲੋਂ ਇਕ ਹਜ਼ਾਰ ਪਿੰਡਾਂ ਵਿਚ ਕਿਸਾਨ ਜਾਗਰੂਕਤਾ ਕੈਂਪ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਇਸ ਲੜੀ ਤਹਿਤ ਰਾਜ ਪੱਧਰੀ ਪਹਿਲਾ ਕਿਸਾਨ ਜਾਗਰੂਕਤਾ ਕੈਂਪ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਜੇਠੂਕੇ ਵਿਖੇ 20 ਸਤੰਬਰ, 2014 ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਸੂਬੇ ਭਰ ਵਿਚ ਕੁੱਲ ਇਕ ਹਜ਼ਾਰ ‘ਕਿਸਾਨ ਕੈਂਪ’ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ‘ਚ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਕੈਂਪਾਂ ਲਈ ਖਾਸ ਤੌਰ ‘ਤੇ ਇਕ ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ।

ਉਨਾਂ ਦੱਸਿਆ ਕਿ ਕਿਸਾਨਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਅਤੇ ਵੱਖ-ਵੱਖ ਵਿਭਾਗੀ ਸਕੀਮਾਂ ਦੀ ਜਾਣਕਾਰੀ ਇਨਾਂ ‘ਕਿਸਾਨ ਕੈਂਪਾਂ’ ‘ਚ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਜਿਵੇਂ ਪਸ਼ੂ ਪਾਲਣ ਤੇ ਡੇਅਰੀ ਆਦਿ ਵੱਲ ਪ੍ਰੇਰਿਤ ਕਰਨ ਲਈ ਖਾਸ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣਗੇ। ਉਨਾਂ ਕਿਹਾ ਕਿ ਕਿਸਾਨ ਕੈਂਪਾਂ ਲਈ ਹਰੇਕ ਪਿੰਡ ‘ਚ ਦਸ ਹਜ਼ਾਰ ਰੁਪਏ ਖਰਚੇ ਜਾਣਗੇ ਅਤੇ ਇਕ ਹਜ਼ਾਰ ਪਿੰਡਾਂ ਲਈ ਇਹ ਰਾਸ਼ੀ ਇਕ ਕਰੋੜ ਰੁਪਏ ਬਣਦੀ ਹੈ। ਉਨਾਂ ਦੱਸਿਆ ਕਿ ਜ਼ਹਿਰੀਲੇ ਚਾਰੇ ਨਾਲ ਪਸ਼ੂਆਂ ਦੀਆਂ ਹੋਣ ਵਾਲੀਆਂ ਮੌਤਾਂ ਦੀ ਰੋਕਥਾਮ ਲਈ ਵੀ ਇਨਾਂ ਕੈਂਪਾਂ ਦੌਰਾਨ ਕਿਸਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਮਰੀਕਾ ਤੋਂ ਮੰਗਵਾਇਆ ਸੀਮਨ ਵੀ ਕਿਸਾਨਾਂ ਨੂੰ ਸਬਸਿਡੀ ਉੱਤੇ ਦਿੱਤਾ ਜਾਵੇਗਾ। ਸ੍ਰੀ ਰਣੀਕੇ ਨੇ ਆਸ ਪ੍ਰਗਟਾਈ ਹੈ ਕਿ ਇਨਾਂ ‘ਕਿਸਾਨ ਕੈਂਪਾਂ’ ਦਾ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਅਤੇ ਨਾਲ ਹੀ ਅਪੀਲ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਇਨਾਂ ਕੈਂਪਾਂ ‘ਚ ਪੁੱਜ ਕੇ ਨਵੀਆਂ ਤਕਨੀਕਾਂ ਸਬੰਧੀ ਜਾਗਰੂਕਤਾ ਹਾਸਲ ਕਰਨ।-

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply