Friday, March 29, 2024

ਬਦਲਾਖੋਰੀ ਨਹੀਂ ਪਰ ਕਿਸੇ ਵਿਰੁੱਧ ਸੈਂਸਰਸ਼ਿਪ ਬਰਦਾਸ਼ਤ ਨਹੀਂ ਕਰਾਂਗਾਂ – ਕੈਪਟਨ

ਸਪੈਸ਼ਲ ਟਾਸਕ ਫੋਰਸ ਨੇ ਹੁਣ ਤੱਕ 6900 ਨਸ਼ਾ ਸਮੱਗਲਰਾਂ ਨੂੰ ਨੱਪਿਆ
ਅੰਮਿ੍ਤਸਰ, 14 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਬਲ ਕੰਪਨੀਆਂ ਵੱਲੋਂ ਵੱਖ Captainਵੱਖ ਚੈਨਲਾਂ ਦੀ ਕੀਤੀ ਜਾ ਰਹੀ ਸੈਂਸਰਸ਼ਿਪ ਖਿਲਾਫ ਚੇਤਾਵਨੀ ਦਿੰਦੇ ਕਿਹਾ ਕਿ ਫਾਸਟਵੇਅ ਜਾਂ ਅਜਿਹੀ ਕਿਸੇ ਵੀ ਹੋਰ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪੱਤਰਕਾਰਾਂ ਵਲੋਂ ਪ੍ਰੈਸ ਕਾਨਫਰੰਸ ਦੇ ਪ੍ਰਸ਼ਨਾਂ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਸਾਰਿਆਂ ਦੇ ਲਈ ਬਰਾਰਬਰ ਦੇ ਮੌਕੇ ਦੇਣ ਦਾ ਵਚਨ ਦੁਹਰਾਇਆ ਅਤੇ ਕਿਹਾ ਕਿ ਉਨਾਂ ਦੀ ਸਰਕਾਰ ਕਿਸੇ ਸਿਆਸੀ ਬਦਲਾਖੋਰੀ ਵਿਚ ਸ਼ਾਮਲ ਨਹੀਂ ਹੈ ਅਤੇ ਨਾ ਹੋਵੇਗੀ ਪਰ ਉਹ ਕਿਸੇ ਵੀ ਮੀਡੀਆ ਖਿਲਾਫ਼ ਸੈਂਸਰਸ਼ਿਪ ਬਰਦਾਸ਼ਤ ਨਹੀਂ ਕਰਨਗੇ।
ਮੁੱਖ ਮੰਤਰੀ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਲਗਾਏ ਜਾ ਰਹੇ ਦੋਸ਼ ਕਿ ਸਰਕਾਰ ਲੋਕਾਂ ਨੂੰ ਕਰਜ਼ਾ ਮੁਆਫੀ ਬਾਰੇ ਗੁੰਮਰਾਹ ਕਰ ਰਹੀ ਹੈ ਦੇ ਉੱਤਰ ਦਿੰਦੇ ਕਿਹਾ ਕਿ ਅਜਿਹੇ ਗੁਮਰਾਹਕੁੰਨ ਬਿਆਨ ਦੇ ਕੇ ਉਹ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਉਸਨੂੰ ਆਪਣੇ ਮੰਤਰਾਲੇ ਉੱਪਰ ਧਿਆਨ ਦੇਣਾ ਚਾਹੀਦਾ ਹੈ।
ਕਪਾਹ ਦੀਆਂ ਫਸਲਾਂ ਉੱਤੇ ਸਫੈਦ ਮੱਖੀ ਦੇ ਹਮਲੇ ਬਾਰੇ ਪੁੱਛੇ ਜਾਣ ਉੱਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਮਾਨਸਾ ਗਏ ਸਨ ਅਤੇ ਪ੍ਰਭਾਵਿਤ ਕਪਾਹ ਦੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਸੀ।ਉਨਾ ਕਿਹਾ ਕਿ ਮੱਖੀ ਦੇ ਪ੍ਰਭਾਵ ਵਾਲੇ ਖੇਤਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਪਣੀ ਨਿਗਰਾਣੀ ਹੇਂਠ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਆਸ ਹੈ ਕਿ ਇਸ ਉੱਤੇ ਕਾਬੂ ਪਾ ਲਿਆ ਜਾਵੇਗਾ। ਉਨਾਂ ਕਿਹਾ ਕਿ  ਇਹ ਸਮੱਸਿਆ ਕਿਸਾਨਾਂ ਵੱਲੋਂ ਮਾੜੇ ਬੀਜ਼ ਵਰਤਣ ਅਤੇ ਮੌਸਮ ਦੀ ਖ਼ਰਾਬੀ ਕਾਰਨ ਆਈ ਹੈ। ਇਸ ਉੱਤੇ ਅਸੀਂ ਕਾਬੂ ਪਾ ਲਵਾਂਗੇ।
ਅਕਾਲੀ ਭਾਜਪਾ ਸਰਕਾਰ ਦੀ ਪਿਛਲੇ 10 ਸਾਲ ਦੀ ਕਾਰਗੁਜਾਰੀ ਨੂੰ ਨਿਸ਼ਾਨਾ ਬਣਾਉਂਦੇ ਉਨਾਂ ਕਿਹਾ ਕਿ 7000 ਹਜ਼ਾਰ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਗਏ ਜੋ ਕਿ ਬਹੁਤ ਹੀ ਮਾੜੀ ਗੱਲ ਹੈ। ਉਨਾਂ ਕਿਹਾ ਕਿ ਅਸੀਂ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਕਿਸਾਨ ਅਜਿਹੇ ਕਦਮ ਨਾ ਚੁੱਕਣ ਸਰਕਾਰ ਉਨਾਂ ਦੇ ਨਾਲ ਹੈ।
ਵਿਰੋਧੀਆਂ ਵੱਲੋਂ ਮੁੱਖ ਮੰਤਰੀ ਉੱਤੇ ਰਾਜ ਵਿੱਚ ਨਾ ਘੁੰਮਣ ਦੀ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਉੱਤਰ ਦਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਸਵੇਰੇ ਗੁਰਦਾਸਪੁਰ ਰਾਸ਼ਟਰੀ ਝੰਡਾ ਲਹਿਰਾਉਣ ਜਾ ਰਿਹਾ ਹਾਂ ਜਿੱਥੇ ਕਿ ਅਜੇ ਤੱਕ ਕੋਈ ਮੁੱਖ ਮੰਤਰੀ ਇਸ ਮੌਕੇ ਨਹੀਂ ਪਹੁੰਚਿਆ।ਉਨਾਂ ਕਿਹਾ ਕਿ ਪਿਛਲੀ ਸਰਕਾਰ ਵਲੋਂ ਰਾਜ ਦੀ ਆਰਥਿਕਤਾ ਨੂੰ ਮਾਰੀ ਗਈ ਭਾਰੀ ਸੱਟ ਕਾਰਨ ਅਸੀਂ ਇਸ ਨੂੰ ਮੁੜ ਲੀਹ ਉੱਤੇ ਪਾਉਣ ਦਾ ਯਤਨ ਕਰ ਰਹੇ ਹਾਂ।
ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਬੇਹੱਦ ਕਾਮਯਾਬ ਰਹੀ ਹੈ ਅਤੇ ਪਹਿਲਾਂ ਹੀ ਪੁਲਿਸ ਜਾਲ ਵਿਚ 6,900 ਤੋਂ ਵੱਧ ਸਮੱਗਲਰ ਫੱਸ ਚੁੱਕੇ ਹਨ।ਉਨਾਂ ਨੇ ਕਿਹਾ ਕਿ ਹੁਣ ਤੱਕ ਅਸੀਂ 95 ਕਿਲੋ ਹੈਰੋਇਨ ਸਮੇਤ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ ਅਤੇ ਇਸ ਧੰਦੇ ਵਿੱਚ ਸ਼ਾਮਲ ਵੱਡੇ ਵਪਾਰੀਆਂ ਦਾ ਪੁਲਿਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਉਨਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।ਉਨਾਂ ਕਿਹਾ ਕਿ ਇਸ ਵਪਾਰ ਵਿੱਚ ਸ਼ਾਮਲ ਕਈ ਵੱਡੀਆਂ ਮੱਛੀਆਂ ਰਾਜ ਤੋਂ ਭੱਜ ਗਈਆਂ ਹਨ ਜੋ ਕਿ ਛੇਤੀ ਹੀ ਪੁਲਿਸ ਦੀ ਗਿ੍ਰਫਤ ਵਿੱਚ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਚੀਨ ਅਤੇ ਰੂਸ ਵਰਗੇ ਦੇਸ਼ਾਂ ਸਮੇਤ 20 ਵੱਡੇ ਸਨਅਤੀ ਘਰਾਂ ਨੇ ਰਾਜ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਉਨਾਂ ਨੇ ਕਿਹਾ ਕਿ ਪਹਿਲੀ ਵਾਰ ਸਰਕਾਰ ਨੇ ਨੌਜਵਾਨਾਂ ਨੂੰ ਲਾਭਦਾਇਕ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਮੁਹਾਲੀ ਵਿਖੇ ਇੱਕ ਨੌਕਰੀ ਮੇਲਾ ਕਰਵਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਰਾਜ ਵਿੱਚ ਨਿਵੇਸ਼ ਅਤੇ ਉਦਯੋਗ ਨੂੰ ਹੱਲਾਸ਼ੇਰੀ ਦੇਣ ਲਈ ਅਤੇ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਲਈ ਪਹਿਲਕਦਮੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਏਗੀ।
ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੇ ਬਿਆਨ ਕਿ ਭਾਰਤ ਵਿਚ ਘੱਟ ਗਿਣਤੀ ਲੋਕ “ਅਸੁਰੱਖਿਅਤ’’ ਮਹਿਸੂਸ ਕਰ ਰਹੇ ਹਨ ਬਾਰੇ ਪੁੱਛੇ ਜਾਣ ਉੱਤੇ ਮੁੱਖ ਮੰਤਰੀ ਨੇ ਕਿਹਾ ਕਿ  ਪੰਜਾਬ ਦੇ ਕਿਸੇ ਵੀ ਭਾਈਚਾਰੇ ਵਿਚ ਕੋਈ ਅਸੁਰੱਖਿਆ ਦਾ ਕੋਈ ਮਾਹੌਲ ਨਹੀਂ ਹੈ ਅਤੇ ਲੋਕਾਂ ਵਿੱਚ ਭਾਈਚਾਰਕ ਸਾਂਝ ਹੋਰ ਪੀਡੀ ਹੋ ਰਹੀ ਹੈ।
ਧਰਤੀ ਹੇਠ ਪਾਣੀ ਦੀ ਕਮੀ ਬਾਰੇ ਚਿੰਤਾ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਗਲੇ ਮਹੀਨੇ ਇਜ਼ਰਾਈਲ ਯਾਤਰਾ ਦੌਰਾਨ ਪਾਣੀ ਦੀ ਸੰਭਾਲ ਦੇ ਮੁੱਦੇ ‘ਤੇ ਚਰਚਾ ਕਰਨਗੇ ਅਤੇ ਤੁਪਕਾ ਸਿੰਚਾਈ ਤੋਂ ਇਲਾਵਾ, ਉਨਾਂ ਦੀ ਸਰਕਾਰ ਜਲ ਸੰਭਾਲਣ ਦੇ ਤਰੀਕੇ ਨਾਲ ਹਾਈਡ੍ਰੋਪੋਨਿਕਸ ਅਤੇ ਏਰੋਪੋਨਿਕਸ ਦਾ ਅਧਿਐਨ ਕਰੇਗੀ ਅਤੇ ਫ਼ਸਲੀ ਬਦਲਾਅ ਲਿਆ ਕੇ ਪਾਣੀ ਦੇ ਸੰਭਾਲ ਦੇ ਯਤਨ ਕੀਤੇ ਜਾਣਗੇ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply