Thursday, April 18, 2024

ਅੰਮ੍ਰਿਤਸਰ ਦੀ ਧੀਅ ਅਨੁਪ੍ਰੀਤ ਕੌਰ ਨੇ ਪਾਇਲਟ ਬਣ ਕੇ ਅਸਮਾਨ ਦੀਆਂ ਉਚਾਈਆਂ ਨੂੰ ਛੂਹਿਆ

PPN1609201723ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਗੁਰੂ ਨਗਰੀ ਅੰਮਿ੍ਰਤਸਰ ਦੀ ਧੀ ਅਨੁਪ੍ਰੀਤ ਕੌਰ ਨੇ ਆਪਣੀ ਮਿਹਨਤ ਦੇ ਬੱਲ ‘ਤੇ ਪਾਇਲਟ ਬਣ ਕੇ ਅਸਮਾਨ ਦੀਆਂ ਉਚਾਈਆਂ ਨੂੰ ਛੂਹਣ ‘ਚ ਸਫਲਤਾ ਹਾਸਲ ਕੀਤੀ ਹੈ।ਜ਼ਿਲਾ ਅੰਮਿ੍ਰਤਸਰ ਦੇ ਪਿੰਡ ਹੇਰ ਦੇ ਵਸਨੀਕ ਅਨੁਪੀਤ ਕੌਰ ਇਸ ਸਮੇਂ ਜੈਟ ਏਅਰਵੇਜ ਵਿਚ ਕਮਰਸ਼ੀਅਲ ਪਾਇਲਟ ਵਜੋਂ ਬਤੌਰ ਫਸਟ ਫਲਾਇੰਗ ਅਫਸਰ ਜਹਾਜ ਉਡਾ ਰਹੀ ਹੈ।ਅਨੁਪ੍ਰੀਤ ਦੀ ਪ੍ਰਾਪਤੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਲੜਕੀਆਂ ਕਿਸੇ ਵੀ ਖੇਤਰ ‘ਚ ਲੜਕਿਆਂ ਤੋਂ ਘੱਟ ਨਹੀਂ ਹਨ।ਅਨੁਪ੍ਰੀਤ ਕੌਰ ਦੀ ਇਸ ਪ੍ਰਾਪਤੀ ‘ਤੇ ਜਿਥੇ ਉਸ ਦੇ ਮਾਂ-ਬਾਪ ਫਖਰ ਮਹਿਸੂਸ ਕਰ ਰਹੇ ਹਨ ਉਥੇ ਇਸ ਧੀ ਨੇ ਆਪਣੀ ਕਾਮਯਾਬੀ ਨਾਲ ਲੜਕੀਆਂ ‘ਚ ਅੱਗੇ ਵਧਣ ਦੀ ਪ੍ਰੇਰਨਾ ਪੈਦਾ ਕੀਤੀ ਹੈ।
ਪਾਇਲਟ ਅਨੁਪ੍ਰੀਤ ਕੌਰ ਦਾ ਜਨਮ 1993 ‘ਚ ਪਿੰਡ ਹੇਰ ਵਿਖੇ ਹੋਇਆ। ਉਸੇ ਪਿਤਾ ਦਾ ਨਾਮ ਜਗਤਾਰ ਸਿੰਘ ਅਤੇ ਮਾਂ ਦਾ ਨਾਮ ਸ੍ਰੀਮਤੀ ਪਰਮਜੀਤ ਕੌਰ ਤੇ ਇੱਕ ਛੋਟਾ ਭਰਾ ਅੰਮਿ੍ਰਤਪਾਲ ਸਿੰਘ ਹੈ।ਅਨੁਪ੍ਰੀਤ ਨੇ ਦੱਸਿਆ ਕਿ ਉਸਨੇ ਅੰਮ੍ਰਿਤਸਰ ਦੇ ਹੋਲੀ ਹਾਰਟ ਰੈਜੀਡੈਂਸੀ ਸਕੂਲ ਤੋਂ ਸਾਲ 2011 ‘ਚ ਨਾਨ ਮੈਡੀਕਲ ਵਿਸ਼ੇ ‘ਚ 12ਵੀਂ ਜਮਾਤ ਪਾਸ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਵਿਖੇ ਏਵੀਏਸ਼ਨ ਕਲੱਬ ‘ਚ ਕਰਮਸ਼ੀਅਲ ਪਾਇਲਟ ਬਣਨ ਲਈ ਦਾਖਲਾ ਲੈ ਲਿਆ।ਪੰਜ ਸਾਲ ਦੀ ਪੜਾਈ ਅਤੇ ਸਿਖਲਾਈ ਤੋਂ ਬਾਅਦ ਉਸ ਨੇ ਸਫਲਤਾਪੂਰਵਕ ਪਾਇਲਟ ਦਾ ਟੈਸਟ ਪਾਸ ਕੀਤਾ।ਉਸ ਤੋਂ ਬਾਅਦ ਸਤੰਬਰ 2016 ‘ਚ ਉਸ ਦੀ ਪਾਇਲਟ ਵਜੋ ਚੋਣ ਦੇਸ਼ ਦੀ ਪ੍ਰਮੁੱਖ ਏਅਰਲਾਈਨ ਜੈਟ ਏਅਰਵੇਜ਼ ਵਿੱਚ ਹੋ ਗਈ। ਅਨੁਪ੍ਰੀਤ ਕੌਰ ਨੇ ਦੱਸਿਆ ਕਿ ਹੁਣ ਤੱਕ ਉਸ ਕੋਲ 200 ਘੰਟੇ ਤੋਂ ਵੱਧ ਦੀ ਉਡਾਨ ਦਾ ਤਜ਼ਰਬਾ ਹੋ ਗਿਆ ਹੈ ਅਤੇ ਉਹ ਬਤੌਰ ਫਸਟ ਫਲਾਇੰਗ ਅਫਸਰ ਵਜੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਨਾ ਉੱਡਾ ਰਹੀ ਹੈ।
ਅਨੁਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਘਰ ਏਅਰਪੋਰਟ ਨੇੜੇ ਹੋਣ ਕਰਕੇ ਉਹ ਅਕਸਰ ਜਹਾਜਾਂ ਨੂੰ ਉਡਦੇ ਦੇਖਦੀ ਸੀ ਤਾਂ ਉਸ ਦੇ ਮਨ ‘ਚ ਵੀ ਇਹ ਸੁਪਨਾ ਆਉਂਦਾ ਸੀ ਕਿ ਇੱਕ ਦਿਨ ਉਹ ਵੀ ਪਾਇਲਟ ਬਣ ਕੇ ਅਸਮਾਨ ਦੀ ਉਚਾਈਆਂ ਨੂੰ ਛੂਹੇਗੀ।ਉਸ ਨੇ ਕਿਹਾ ਕਿ ਭਾਵੇਂ ਪਾਇਲਟ ਬਣਨ ਲਈ ਉਸ ਨੂੰ ਬਹੁਤ ਘਾਲਣਾ ਘਾਲਣੀ ਪਈ ਹੈ ਪਰ ਅੱਜ ਆਪਣਾ ਮਿੱਥਿਆ ਨਿਸ਼ਾਨਾਂ ਪ੍ਰਾਪਤ ਕਰਕੇ ਉਸਨੂੰ ਬਹੁਤ ਖੁਸ਼ੀ ਤੇ ਤਸੱਲੀ ਮਹਿਸੂਸ ਹੁੰਦੀ ਹੈ।ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਸਿਰ ਬੰਨਦਿਆਂ ਪਾਇਲਟ ਅਨੁਪੀੀਤ ਨੇ ਕਿਹਾ ਕਿ ਮੇਰੇ ਸੁਪਨਿਆਂ ਨੂੰ ਖੰਬ ਮੇਰੇ ਮਾਪਿਆਂ ਨੇ ਹੀ ਲਗਾਏ ਹਨ। ਉਨਾਂ ਮੈਨੂੰ ਹਰ ਤਰਾਂ ਦਾ ਸਮਰਥਨ ਦਿੱਤਾ ਅਤੇ ਹਰ ਵੇਲੇ ਉਤਸ਼ਾਹਤ ਕੀਤਾ। ਪਾਇਲਟ ਅਨੁਪ੍ਰੀਤ ਕਹਿੰਦੀ ਹੈ ਕਿ ਜਹਾਜ ਉਡਾਣਾ ਭਾਵੇਂ ਬਹੁਤ ਚਣੌਤੀਪੂਰਨ ਕੰਮ ਹੈ, ਪਰ ਜਦੋਂ ਉਹ ਬੱਦਲਾਂ ਤੋਂ ਉਪਰ ਜਹਾਜ ਉੱਡਾ ਰਹੀ ਹੁੰਦੀ ਹੈ ਤਾਂ ਇਹ ਅਨੁਭਵ ਉਸ ਲਈ ਨਾ ਭੁੱਲਣ ਵਾਲਾ ਹੁੰਦਾ ਹੈ।ਉਸ ਨੇ ਲੜਕੀਆਂ ਨੂੰ ਇਸ ਖੇਤਰ ‘ਚ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ, ਬਸ ਲੋੜ ਹੈ ਮਿਹਨਤ ਤੇ ਦ੍ਰਿੜ ਇਰਾਦੇ ਦੀ।ਉਸ ਨੇ ਕਿਹਾ ਕਿ ਲੜਕੀਆਂ ਨੂੰ ਆਪਣੀ ਮਿਹਨਤ ਦੇ ਬੱਲ ‘ਤੇ ਅੱਗੇ ਆਉਣਾ ਚਾਹੀਦਾ ਹੈ ਅਤੇ ਹਰ ਖੇਤਰ ਲੜਕੀਆਂ ਦੇ ਸਵਾਗਤ ਲਈ ਤਿਆਰ ਬੈਠਾ ਹੈ।ਅਨੁਪ੍ਰੀਤ ਦਾ ਕਹਿਣਾ ਹੈ ਕਿ ਉਹ ਚਾਹੁੰਦੀ ਹੈ ਕਿ ਹਰ ਲੜਕੀ ਦਾ ਸੁਪਨਾ ਪੂਰਾ ਹੋਵੇ ਅਤੇ ਉਹ ਆਪਣੇ ਆਪ ‘ਚ ਮਿਸਾਲ ਹੋਵੇ।ਉਸ ਨੇ ਕਿਹਾ ਕਿ ਉਹ ਭਵਿੱਖ ‘ਚ ਲੜਕੀਆਂ ਲਈ ਇੱਕ ਅਜਿਹੀ ਸੰਸਥਾ ਖੋਲਣੀ ਚਾਹੁੰਦੀ ਹੈ, ਜਿਥੇ ਲੜਕੀਆਂ ਨੂੰ ਕਾਮਯਾਬ ਤੇ ਆਤਮ ਨਿਰਭਰ ਬਣਾਉਣ ਦਾ ਉਪਰਾਲਾ ਕੀਤਾ ਜਾ ਸਕੇ।  ਅਨੁਪ੍ਰੀਤ ਕੌਰ ਦੇ ਪਿਤਾ ਜਗਤਾਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੇ ਆਪਣੀ ਧੀ ਦੀ ਪ੍ਰਾਪਤੀ ‘ਤੇ ਫਖਰ ਕਰਦਿਆਂ ਦੱਸਿਆ ਕਿ ਉਨਾਂ ਦੀ ਧੀ ਨੇ ਪਾਇਲਟ ਬਣ ਕੇ ਲੜਕੀਆਂ ‘ਚ ਕੁਝ ਬਣਨ ਦਾ ਜਜਬਾ ਪੈਦਾ ਕੀਤਾ ਹੈ। ਉਨਾਂ ਕਿਹਾ ਕਿ ਅਨੁਪ੍ਰੀਤ ਦੀ ਇਸ ਪ੍ਰਾਪਤੀ ‘ਤੇ ਬਹੁਤ ਮਾਣ ਹੈ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply