Thursday, April 18, 2024

ਜਨਤਕ ਥਾਂ ’ਤੇ ਸਿਗਰੇਟਨੋਸ਼ੀ ਦੇ ਕਾਰਣ ਕਤਲ ਕੀਤੇ ਗਏ ਸਿੱਖ ਨੋਜਵਾਨ ਨੂੰ 1 ਕਰੋੜ ਦਾ ਮੁਆਵਜਾ ਮਿਲੇ- ਜੀ.ਕੇ

PPN2109201735ਨਵੀਂ ਦਿੱਲੀ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਜਨਤਕ ਥਾਂ ’ਤੇ ਸਿਗਰੇਟਨੋਸ਼ੀ ਦਾ ਵਿਰੋਧ ਕਰਨ ਕਰਕੇੇ ਮਾਰੇ ਗਏ ਸਿੱਖ ਨੋਜਵਾਨ ਗੁਰਪ੍ਰੀਤ ਸਿੰਘ ਦੇ ਨਾਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਸ਼ਾ ਮੁਕਤੀ ਅਭਿਆਨ ਦਾ ਨਾਂ ਰੱਖਣ ਦੀ ਦਿੱਲੀ ਸਰਕਾਰ ਪਾਸੋਂ ਮੰਗ ਕੀਤੀ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 1 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਮ੍ਰਿਤਕ ਦੇ ਪਰਿਵਾਰ ਨੂੰ ਦਿੱਲੀ ਸਰਕਾਰ ਨੂੰ ਦੇਣ ਦੀ ਅਪੀਲ ਕੀਤੀ ਹੈ।
ਜੀ.ਕੇ ਨੇ ਕਿਹਾ ਕਿ ਉਕਤ ਘਟਨਾ ਸਿਸਟਮ ਦੀ ਲੱਚਰਤਾ ਤੇ ਨਾਲਾਇਕੀ ਦਾ ਜਿਉਂਦਾ ਜਾਗਦਾ ਉਦਾਹਰਣ ਹੈ।ਜਿਸ ਤਰੀਕੇ ਨਾਲ ਨਸ਼ੇ ਵਿਚ ਧੁੱਤ ਪੇਸ਼ੇ ਤੋਂ ਵਕੀਲ ਰੋਹਿਤ ਮੋਹਿੰਤਾ ਨੇ ਜਾਣਬੁੱਝ ਕੇ ਮ੍ਰਿਤਕ ਤੇ ਉਸ ਦੇ ਸਾਥੀ ਦੀ ਮੋਟਰ ਸਾਈਕਲ ਨੂੰ ਆਪਣੀ ਤੇਜ਼ ਰਫ਼ਤਾਰ ਕਾਰ ਨਾਲ ਰੌਂਦਿਆ ਸੀ, ਉਹ ਸਿੱਧਾ ਜਾਣਬੁੱਝ ਕੇ ਕਤਲ ਦੀ ਕੋਸ਼ਿਸ਼ ਸੀ।ਪਰ ਦਿੱਲੀ ਪੁਲਿਸ ਨੇ ਆਰੋਪੀ ਦੇ ਪ੍ਰਭਾਵ ’ਚ ਆ ਕੇ ਇਸ ਘਟਨਾ ਨੂੰ ਰੋਡਰੇਜ ਦਾ ਨਾਂ ਦੇ ਕੇ ਕਾਰ ਚਲਾਉਣ ’ਚ ਲਾਪਰਵਾਹੀ ਵਰਤਣ ਵਿਚ ਲਗਾਈਆਂ ਜਾਂਦੀ ਮਾਮੂਲੀ ਧਾਰਾਵਾਂ ਦੇ ਤਹਿਤ ਆਰੋਪੀ ਨੂੰ ਨਾਮਜ਼ੱਦ ਕਰਕੇ ਥਾਣੇ ਤੋਂ ਹੀ ਜਮਾਨਤ ਦੇ ਦਿੱਤੀ ਸੀ।ਜਦਕਿ ਇਹ ਮਾਮਲਾ ਸਿੱਧੇ ਤੌਰ ਤੇ ਸਾਮਾਜਿਕ ਬੁਰਾਈ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਨੌਜਵਾਨ ਦੇ ਕਤਲ ਦਾ ਸੀ।ਜੀ.ਕੇ ਨੇ ਕਿਹਾ ਕਿ ਇਹ ਜੁਰੁੱਤ ਦੇ ਬਦਲੇ ਕਤਲ ਦਾ ਮਾਮਲਾ ਹੈ।ਇਕ ਪਾਸੇ ਦੇਸ਼ ’ਚ ਸਵੱਛ ਭਾਰਤ ਮੁਹਿੰਮ ਚਲਾਈ ਜਾਂਦੀ ਹੈ ਤੇ ਦੂਜੇ ਪਾਸੇ ਪੈਸੇ ਵਾਲਿਆਂ ਦੇ ਹੁਲੱੜਬਾਜ਼ ਸ਼ਹਿਜਾਦੇ ਵਾਤਾਵਰਣ ਨੂੰ ਖਰਾਬ ਕਰਨ ਲਈ ਤਿਆਰ ਨਜ਼ਰ ਆਉਂਦੇ ਹਨ।ਮੀਡੀਆ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕਰਦੇ ਹੋਏ ਜੀ.ਕੇ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਇਸ ਮਸਲੇ ’ਤੇ ਨਾਕਾਮ ਕਰਾਰ ਦਿੱਤਾ।
ਜੀ.ਕੇ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਪਾਏ ਗਏ ਦਬਾਵ ਤੋਂ ਬਾਅਦ ਕਲ ਰਾਤ ਨੂੰ ਪੁਲਿਸ ਨੇ ਉਨ੍ਹਾਂ ਦੀ ਮੌਜੂਦਗੀ ’ਚ ਥਾਣਾ ਸਫਦਰਜੰਗ ’ਚ ਆਰੋਪੀ ਦੇ ਖਿਲਾਫ਼ ਕਤਲ ਕਰਨ ਦੀ ਧਾਰਾ 302 ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਧਾਰਾ 295 ਏ ’ਚ ਨਵੀਂ ਐਫ.ਆਈ.ਆਰ. ਦਰਜ ਕੀਤੀ ਹੈ।ਜੀ.ਕੇ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ ਨੂੰ ਦਿੱਤੇ ਜਾਣ ਦੀ ਵਕਾਲਤ ਕਰਦੇ ਹੋਏ ਦੋਸ਼ੀ ਪੁਲਿਸ ਅਧਿਕਾਰੀਆਂ ਦੀ ਬਰਖਾਸਤਗੀ ਲਈ 23 ਸਤੰਬਰ ਨੂੰ ਦਿੱਲੀ ਪੁਲਿਸ ਹੈਡਕੁਆਟਰ ਦਾ ਘੇਰਾਉ ਕਰਨ ਦਾ ਵੀ ਐਲਾਨ ਕੀਤਾ।ਜੀ.ਕੇ ਨੇ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਨੂੰ ਘਟਨਾ ਦਾ ਜਿੰਮੇਵਾਰ ਦੱਸਦੇ ਹੋਏ ਦਿੱਲੀ ਵਿਖੇ ਸਰਕਾਰੀ ਰਾਸ਼ਨ ਦੀ ਉਚਿਤ ਦਰ ਦੁਕਾਨਾਂ ਤੋਂ ਵੱਧ ਬੀਅਰ ਬਾਰ ਅਤੇ ਠੇਕੇ ਹੋਣ ਦਾ ਵੀ ਖੁਲਾਸਾ ਕੀਤਾ।
ਜੀ.ਕੇ ਨੇ ਦੱਸਿਆ ਕਿ ਦਿੱਲੀ ਸਰਕਾਰ ਸ਼ਰਾਬ ਤੋਂ ਸਲਾਨਾ 15 ਅਰਬ ਰੁਪਏ ਦੇ ਵੈਟ ਪ੍ਰਾਪਤੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਦਿੱਲੀ ਨੂੰ ਮਹਿਖਾਨਿਆਂ ਦਾ ਸ਼ਹਿਰ ਬਣਾਉਣ ਲਈ ਤਿਆਰ ਨਜ਼ਰ ਆਉਂਦੀ ਹੈ।ਕੇਜਰੀਵਾਲ ਰਾਜ ਦੌਰਾਨ ਲਗਭਗ 500 ਨਵੇਂ ਠੇਕੇ ਖੁਲਣ ਦਾ ਖੁਲਾਸਾ ਕਰਦੇ ਹੋਏ ਜੀ.ਕੇ ਨੇ ਦਿੱਲੀ ’ਚ ਪ੍ਰਤੀ 1 ਲੱਖ ਜਨਸੰਖਿਆ ’ਤੇ 361 ਪੁਲਿਸ ਕਰਮਚਾਰੀਆਂ ਦੀ ਮੌਜੂਦਾ ਗਿਣਤੀ ਨੂੰ ਨਾਕਾਫੀ ਦੱਸਿਆ।ਜੀ.ਕੇ ਨੇ ਕਿਹਾ ਕਿ ਸਰਕਾਰਾਂ ਨੇ ਸਾਰੇ ਆਦਰਸ਼ਾਂ ਨੂੰ ਤਾਕ ਤੇ ਰੱਖ ਕੇ ਜਿਆਦਾ ਟੈਕਸ ਵਸੂਲੀ ਨੂੰ ਆਪਣਾ ਟੀਚਾ ਬਣਾ ਲਿਆ ਹੈ।ਜੀ.ਕੇ ਨੇ ਆਰੋਪੀ ਰੋਹਿਤ ਮੋਹਿੰਤਾ ਨੂੰ ਵਕਾਲਤ ਕਰਨ ਲਈ ਬਾਰ ਕਾਉਂਸਿਲ ਆੱਫ਼ ਦਿੱਲੀ ਤੋਂ ਮਿਲੇ ਲਾਈਸੇਂਸ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ।
ਸਿਰਸਾ ਨੇ ਆਰੋਪੀ ਵੱਲੋਂ ਸਾਜਿਸ਼ ਤਹਿਤ ਜਾਣਬੁੱਝ ਕੇ ਘਟਨਾ ਨੂੰ ਅੰਜਾਮ ਦੇਣ ਦਾ ਦੋਸ਼ ਲਗਾਉਂਦੇ ਹੋਏ ਆਰੋਪੀ ਦੇ ਵਕੀਲ ਪਿਤਾ ਦੀ ਗ੍ਰਿਫ਼ਤਾਰੀ ਦੀ ਵੀ ਮੰਗ ਕੀਤੀ।ਸਿਰਸਾ ਨੇ ਕਿਹਾ ਕਿ ਵਕੀਲ ਪਿਤਾ ਨੇ ਵਕੀਲ ਪੁੱਤਰ ਨੂੰ ਬਚਾਉਣ ਲਈ ਆਪਣੇ ਰਸੂਖ ਅਤੇ ਸਲਾਹ ਦਾ ਇਸਤੇਮਾਲ ਕਰਕੇ ਕੇਸ ਨੂੰ ਕਮਜੋਰ ਕਰਨ ਦਾ ਗੁਨਾਹ ਕੀਤਾ ਹੈ ਜਿਸਦੇ ਲਈ ਬੀ.ਐਮ.ਡਬਲਿਯੂ ਕੇਸ ਦੀ ਤਰਜ਼ ’ਤੇ ਪਿਤਾ ਖਿਲਾਫ਼ ਧਾਰਾ 120ਬੀ ਤਹਿਤ ਸਾਜਿਸ਼ ਕਰਨ ਦਾ ਮੁਕਦਮਾ ਦਰਜ ਹੋਣਾ ਚਾਹੀਦਾ ਹੈ।
ਪਿਤਾ ਦੀ ਗ੍ਰਿਫ਼ਤਾਰੀ ਲਈ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰਨ ਦੀ ਗੱਲ ਕਰਦੇ ਹੋਏ ਸਿਰਸਾ ਨੇ ਗੁਰਪ੍ਰੀਤ ਦੀ ਭੈਣ ਹਰਪ੍ਰੀਤ ਕੌਰ ਅਤੇ ਘਾਇਲ ਸਾਥੀ ਮਨਿੰਦਰ ਸਿੰਘ ਵੱਲੋਂ ਦਿਖਾਏ ਗਏ ਜਜ਼ਬੇ ਦੀ ਵੀ ਸ਼ਲਾਘਾ ਕੀਤੀ। ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਕਾਨੂੰਨੀ ਅਤੇ ਸਿਆਸੀ ਮੋਰਚੇ ’ਤੇ ਇਸ ਮਸਲੇ ਨੂੰ ਲੜਦੇ ਹੋਏ ਪੂਰੀ ਕੋਸ਼ਿਸ਼ ਕਰੇਗੀ ਕਿ ਦੋਸ਼ੀ ਬੱਚ ਨਾ ਪਾਏ।ਸਿਰਸਾ ਨੇ ਕੇਜਰੀਵਾਲ ’ਤੇ ਨਸ਼ਾ ਵਰਤਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਤੱਥਾਂ ਦੇ ਗੜਬੜ ਘੁਟਾਲੇ ਨੂੰ ਲੈ ਕੇ ਦਿੱਲੀ ਪੁਲਿਸ ਆਪਣੀ ਨਾਕਾਮੀ ਨੂੰ ਨਹੀਂ ਲੁਕਾ ਸਕਦੀ।ਇਸ ਮੌਕੇ ਕਮੇਟੀ ਵੱਲੋਂ ਗੁਰਪ੍ਰੀਤ ਨੂੰ ਇਨਸਾਫ਼ ਦਿਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਲੋਗੋ ਵੀ ਜਾਰੀ ਕੀਤਾ ਗਿਆ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply