Thursday, March 28, 2024

ਸ਼ਹੀਦ ਭਾਈ ਤਾਰੂ ਸਿੰਘ ਜੀ 

ਸ਼ਹੀਦੀ ਦਿਵਸ ‘ਤੇ ਵਿਸ਼ੇਸ਼      

PPA160701
          ਲੋਕ ਭਲਾਈ ਦੇ ਨਾਂ ਤੇ ਦੁਖੀਆਂ ਦੀਨਾਂ ਤੇ ਲਤਾੜਿਆਂ ਹੋਇਆਂ ਦੀ ਰੱਖਿਆ ਲਈ ਅਤੇ ਧਰਮ ਹੇਤ ਕੀਤੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਖਾਲਸੇ ਦੀਆਂ ਰਵਾਇਤਾਂ ਹਨ। ਗੁਰੂ ਕਾਲ ਤੋਂ ਲੈ ਕੇ ਸਿੱਖ ਕੌਮ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸੱਚਾਈ, ਨਿਆਂ, ਦੇਸ਼, ਧਰਮ ਤੇ ਗੁਰਧਾਮਾਂ ਦੀ ਪਵਿੱਤ੍ਰਤਾ ਨੂੰ ਕਾਇਮ ਰੱਖ ਅਤੇ ਆਪਣੇ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਮਰ ਮਿਟਣਾ ਇਸ ਕੌਮ ਦਾ ਇਕ ਮੀਰੀ ਗੁਣ, ਸ਼ਾਨਦਾਰ ਵਿਰਸਾ ਤੇ ਪਰੰਪਰਾ ਹੈ। ਸਿੱਖ ਸ਼ਹੀਦ ਹੋਣ ਦੀ ਮੰਗ ਨਹੀ ਕਰਦੇ ਸਗੋਂ ਸ਼ਹੀਦੀ ਪਾਪਤ ਕਰਦੇ ਹਨ। ਸ਼ਹੀਦੀ ਦੀ ਦਾਤ ਹਰ ਜਣੇ-ਖਣੇ ਦੇ ਹਿੱਸੇ ਨਹੀ ਆਉਂਦੀ। ਸਗੋਂ ਇਹ ਤਾਂ ਕੇਵਲ ਸੂਰਮਿਆਂ ਦਾ ਹੱਕ ਹੈ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:
                                                                                                  ‘ ਮਰਣੁ ਮੁਣਸਾ ਸੂਰਿਆਂ ਹੱਕ ਹੈ ਜੋ ਹੋਇ ਮਰਹਿ ਪਰਵਾਣੋ
                ਸ੍ਰੀ ਗੁਰੂ ਅਰਜਨ ਦੇਵ ਜੀ ਅਤ  ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੇਕ ਗੁਣ, ਵਡਿਆਈਆਂ ਅਤੇ ਖੂਬੀਆਂ ਦੇ ਮਾਲਕ ਹੁੰਦਿਆ ਹੋਇਆ ਵੀ ਸੰਸਾਰ ਦੇ ਸਾਹਮਣੇ ਆਪਣੇ ਆਪ  ਨੂੰ ਸ਼ਹੀਦੀ ਲਈ ਪੇਸ਼ ਕੀਤਾ । ਉਨਾਂ ਦੀਆਂ ਸ਼ਹਾਦਤਾ ਸੰਸਾਰ ਵਿਚ ਲਾਸਾਨੀ ਹਨ। ਇਨਾਂ ਤੋਂ ਬਾਅਦ ਇਹ ਲੜੀ ਫਿਰ ਅੱਗੇ ਹੀ ਤੁਰੀ ਹੈ ਖਲੌਤੀ ਨਹੀ।ਸਿਖ ਕੌਮ ਹੀ ਸ਼ਹੀਦਾਂ ਦੀ ਕੌਮ ਬਣ ਗਈ। ਅਸੀ ਰੋਜ਼ਾਨਾ ਹੀ ਅਰਦਾਸ ਵਿਚ ਉਨਾਂ ਸਿੰਘਾਂ ਨੂੰ ਯਾਦ ਕਰਦੇ ਹਾਂ  ‘ ਜਿਨਾਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ , ਚਰੱਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀ ਹਾਰਿਆਂ, ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੀ।ਉਸੇ ਇਕ  ਲੜੀ ਦੀ ਇਕ ਕੜੀ ਹੈ ਭਾਈ ਤਾਰੂ ਸਿੰਘ ਜੀ ਸ਼ਹੀਦ: 
ਭਾਈ ਜੀ ਪਿੰਡ ਪੂਹਲੇ (ਅੰਮ੍ਰਿਤਸਰ) ਦੇ ਵਸਨੀਕ ਸਨ। ਖੇਤੀਬਾੜੀ ਦਾ ਕੰਮ ਕਰਦੇ ਸਨ, ਆਏ ਗਏ ਗੁਰਸਿੱਖ ਦੇ ਰਹਿਣ ਦਾ ਪ੍ਰਬੰਧ ਕਰਦੇ ਤੇ ਆਉਣ ਵਾਲੇ ਖਤਰਿਆਂ ਤੋਂ ਸਿੱਖਾਂ ਨੂੰ ਸੁਚੇਤ ਕਰਦੇ ਸਨ। ਲੰਗਰ ਤਿਆਰ ਕਰਦੇ ਜਾਂ ਲੋੜ ਅਨੁਸਾਰ ਕਦੀ-ਕਦੀ ਰਸਦ ਜੰਗਲਾਂ ਵਿੱਚ ਸਿੰਘਾਂ ਨੂੰ ਭਿਜਵਾਉਂਦੇ। ਭਾਈ ਜੀ ਐੈਸੇ ਪਰਉਪਕਾਰੀ ਜੀਓੜੇ ਸਨ ਕਿ ਉਨਾਂ ਦੇ ਪਿੰਡ ਦੇ ਆਲੇ-ਦੁਆਲੇ ਦੇ ਹਿੰਦੂ ਮੁਸਲਮਾਨ ਵੀ ਸਿਫ਼ਤਾਂ ਕਰਦੇ ਨਾ ਥੱਕਦੇ। ਸਿੱਖ ਉਨਾਂ ਦਿਨਾਂ ਵਿੱਚ ਜੰਗਲਾਂ ਵਿੱਚ ਚਲੇ ਗਏ ਸਨ। ਉਹ ਉਥੇ ਜਥੇਬੰਦ ਹੋ ਕੇ ਤਿਆਰੀ ਕਰਦੇ ਸਨ। ਜਦੋਂ ਵੀ ਮੌਕਾ ਬਣਦਾ, ਉਹ ਹਕੂਮਤ ਨਾਲ ਟੱਕਰ ਲੈ ਲੈਂਦੇ। ਕਈ ਸਿੰਘ ਉਨਾਂ ਦੀ ਲੰਗਰ ਪਾਣੀ ਦੀ ਸੇਵਾ ਕਰਨ ਲਈ ਜੰਗਲਾਂ ਵਿੱਚ ਜਾਂਦੇ ਸਨ। ਭਾਈ ਤਾਰੂ ਸਿੰਘ ਜੀ ਵੀ ਉਨਾਂ ਸਿੰਘਾਂ ਵਿੱਚੋਂ ਇੱਕ ਸਨ। ਇਨਾਂ ਦੀ ਮਾਤਾ ਜੀ ਨੇ ਇਨਾਂ ਨੂੰ ਬਚਪਨ ਤੋਂ ਹੀ ਗੁਰਬਾਣੀ ਤੇ ਗੁਰੂ ਇਤਿਹਾਸ ਦੀ ਅਜਿਹੀ ਗੁੜਤੀ ਦਿੱਤੀ ਕਿ ਭਾਈ ਤਾਰੂ ਸਿੰਘ ਦੇ ਲੂੰ-ਲੂੰ ਵਿੱਚ ਸਿੱਖੀ ਪ੍ਰਤੀ ਅਨੰਤ ਸ਼ਰਧਾ ਤੇ ਗੁਰਸਿੱਖਾਂ ਪ੍ਰਤੀ ਨਿੱਘਾ ਪਿਆਰ ਪੱਕਣ ਲੱਗਾ। 
    ਜ਼ਕਰੀਆ ਖਾਂ ਸਿੱਖਾਂ ਤੇ ਬੜੇ ਜੁਲਮ ਕਰਦਾ ਸੀ। ਇਹ ਲਾਹੌਰ ਦਾ ਗਵਰਨਰ ਸੀ। ਸਿੱਖਾਂ ਨੂੰ ਖ਼ਤਮ ਕਰਨ ਦਾ ਇਸ ਨੇ ਫੈਸਲਾ ਕੀਤਾ ਹੋਇਆ ਸੀ। ਸਿੱਖਾਂ ਨੂੰ ਚੁਣ-ਚੁਣ ਕੇ ਖ਼ਤਮ ਕੀਤਾ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸਨ। ਇਹ ਇਸ ਲਈ ਕੀਤਾ ਜਾ ਰਿਹਾ ਸੀ ਕਿਉਂਕਿ ਸਿੱਖ ਕਿਸੇ ਵੀ ਜੁਲਮ ਨੂੰ ਸਹਾਰਦੇ ਨਹੀਂ ਸਨ। ਸਿੱਖਾਂ ਦੇ ਹੁੰਦੇ ਜ਼ਕਰੀਆ ਖਾਂ ਕਿਸੇ ਨਾਲ ਜੁਲਮ ਤੇ ਅਨਿਆਏ ਨਹੀਂ ਸੀ ਕਰ ਸਕਦਾ। ਗਵਰਨਰ ਜ਼ਕਰੀਆ ਖਾਂ ਨੇ ਉਨਾਂ ਦਿਨਾਂ ਵਿੱਚ ਸਿੱਖਾਂ ਨੂੰ ਫੜਾਉਣ ਲਈ ਇਨਾਮ ਰੱਖੇ ਹੋਏ ਸਨ। ਇਨਾਮ ਦੇ ਲਾਲਚ ਵਿੱਚ ਦੋਖੀ ਸਰਕਾਰੀ ਮੁਖਬਰ ਹਰ ਭਗਤ ਨਿਰੰਜਨੀਏ ਨੇ ਭਾਈ ਤਾਰੂ ਸਿੰਘ ਜੀ ਦੀ ਸ਼ਿਕਾਇਤ ਜ਼ਕਰੀਆ ਖਾਂ ਕੋਲ ਕਰ ਦਿੱਤੀ ਕਿ ਸਿੰਘਾਂ ਨੂੰ ਸ਼ਰਣ ਦੇਂਦਾ ਹੈ ਤੇ ਪਿੰਡ ਦੇ ਲੋਕਾਂ ਨੂੰ ਖ਼ਤਰਾ ਹੈ, ਹਕੂਮਤ ਦੀਆਂ ਗਤੀਵਿਧਿਆਂ ਸਿੱਖਾਂ ਤਾਈਂ ਪਹੁੰਚਾਉਂਦਾ ਹੈ। ਸੂਬੇ ਨੇ ਬਗੈਰ ਘੋਖ ਪੜਤਾਲ ਕੀਤੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਵਾ ਕੇ ਲਾਹੌਰ ਲੈ ਆਂਦਾ। ਲਾਹੌਰ ਪੁੱਜ ਕੇ ਭਾਈ ਤਾਰੂ ਸਿੰਘ ਜੀ ਨੂੰ ਜਿਉਂ ਜਿਉਂ ਤਸੀਹੇ ਦਿੱਤੇ ਜਾਦੇ ਤਿਉਂ-ਤਿਉਂ ਉਨਾਂ ਦੇ ਚਿਹਰੇ ਦਾ ਜਲਾਲ ਵੱਧਦਾ ਜਾਂਦਾ।
                   ਕੁਝ ਦਿਨਾਂ ਬਾਅਦ ਭਾਈ ਸਾਹਿਬ ਜੀ ਨੂੰ ਸੂਬੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਭਾਈ ਸਾਹਿਬ ਨੇ ਆਪਣੀ ਗ੍ਰਿਫ਼ਤਾਰੀ ਦਾ ਕਾਰਨ ਪੁੱਛਿਆ, ‘ਦੱਸ ਮੈਂ ਤੇਰਾ ਕੀ ਵਿਗਾੜਿਆ ਹੈ ਤੂੰ ਮੈਨੂੰ ਏਨੇ ਤਸੀਹੇ ਦੇ ਰਿਹਾ ਹੈ, ਮੈਂ ਦਸਾਂ ਨੌਹਾਂ ਦੀ ਕਿਰਤ ਕਰਦਾ ਹਾਂ, ਖੇਤੀ ਬਾੜੀ ਕਰਦਾ ਹਾਂ, ਮਾਲੀਆਂ ਭਰਦਾ ਹਾਂ।’
ਖਾਨ ਕੋਲ ਕੋਈ ਉੱਤਰ ਨਹੀਂ ਸੀ, ਕਹਿਣ ਲੱਗਾ ਕਿ ਤੂੰ ਸਿੱਖਾਂ ਨੂੰ ਸ਼ਰਣ ਦਿੰਦਾ ਹੈ ਇਸ ਲਈ ਤੂੰ ਸਜ਼ਾ ਦਾ ਭਾਗੀ ਹੈ ਜੇ ਤੂੰ ਮੁਸਲਮਾਨ ਬਣ ਜਾਵੇ ਤਾਂ ਤੂੰ ਬੱਚ ਸਕਦਾ ਏਂ ਨਹੀਂ ਤਾਂ ਤੈਨੂੰ ਮੌਤ ਪ੍ਰਵਾਨ ਕਰਨੀ ਪਵੇਗੀ। ਭਾਈ ਸਾਹਿਬ ਨੇ ਉਤਰ ਦਿੱਤਾ, ‘ਕੀ ਮੁਸਲਮਾਨ ਬਣਨ ਨਾਲ ਮੈਨੂੰ ਕਦੀ ਮੌਤ ਨਹੀਂ ਆਵੇਗੀ, ਕੀ ਮੁਸਲਮਾਨ ਮਰਦੇ ਨਹੀਂ ਹਨ? ਜੇ ਮੌਤ ਨੇ ਫਿਰ ਵੀ ਆ ਜਾਣਾ ਹੈ ਤਾਂ ਮੈਂ ਗੁਰੂ ਤੋਂ ਮੂੰਹ ਕਿਉਂ ਮੋੜਾ? ਮੈਨੂੰ ਤਾਂ ਸਿੱਖੀ ਆਪਣੀ ਜਾਨ ਨਾਲੋਂ ਵੱਧ ਪਿਆਰੀ ਹੈ।’ ਭਾਈ ਸਾਹਿਬ ਨੂੰ ਬੜੇ ਲਾਲਚ ਤੇ ਡਰਾਵੇ ਦਿੱਤੇ ਗਏ ਪਰੰਤੂ ਉਹ ਅਡੋਲ  ਹੀ ਰਹੇ। ਕੋਈ ਲਾਲਚ ਉਨਾਂ ਨੂੰ ਆਪਣੇ ਆਦਰਸ਼ ਤੋਂ ਡੇਗਾ ਨਾ ਸਕਿਆ। ਭਾਈ ਸਾਹਿਬ ਦੇ ਕੇਸ ਕਤਲ ਕਰਨ ਦੀ ਸਜ਼ਾ ਸੁਣਾਈ। ਭਾਈ ਸਾਹਿਬ ਜੀ ਨੇ ਸਾਫ਼ ਕਹਿ ਦਿੱਤਾ ਕਿ ਉਹ ਕੇਸਾਂ ਦੀ ਬੇ-ਅਦਬੀ ਨਹੀਂ ਹੋਣ ਦੇਣਗੇ। ਭਾਵੇਂ ਮੇਰੀ ਖੋਪਰੀ ਲਹਿ ਜਾਵੇ। ਜ਼ਕਰੀਆ ਖਾਂ ਨੇ ਖੋਪਰੀ ਲਾਹੁਣ ਦਾ ਹੁਕਮ ਦੇ ਦਿੱਤਾ। ਜਾਲਮਾਂ ਨੇ ਰੰਬੀ ਨਾਲ ਭਾਈ ਜੀ ਦੀ ਖੋਪਰੀ ਉਤਾਰ ਕੇ ਉਨਾਂ ਦੇ ਸਾਹਮਣੇ ਰੱਖ ਦਿੱਤੀ। ਭਾਈ ਤਾਰੂ ਜੀ ਸ਼ਹੀਦ ਹੋ ਗਏ ਪਰ ਉਨਾਂ ਨੇ ਆਪਣੀ ਜਾਨ ਤੋਂ ਪਿਆਰੇ ਕੇਸਾਂ ਨੂੰ ਆਂਚ ਨਹੀਂ ਆਉਣ ਦਿੱਤੀ। ਉਹ ਚਾਹੁੰਦੇ ਤਾਂ ਕੇਸ ਲੁਹਾ ਕੇ ਆਪਣੀ ਜਾਨ ਬਚਾ ਸਕਦੇ ਸਨ, ਪਰ ਗੁਰੂ ਦਾ ਸਿੰਘ ਭਾਈ ਤਾਰੂ ਸਿੰਘ ਕੇਸਾਂ ਸੁਆਸਾਂ ਸੰਗ ਸਿੱਖੀ ਨਿਭਾ ਕੇ ਸਾਡੇ ਲਈ ਪੂਰਨੇ ਪਾ ਗਿਆ। ਇਹ ਘਟਨਾ ੧ ਜੁਲਾਈ ੧੭੪੫ ਈ. ਦੀ ਹੈ। ਭਾਈ ਤਾਰੂ ਸਿੰਘ ਜੀ ਦੇ ਨਾਲ ਹੋਰ ਕਈ ਸਿੰਘਾਂ ਨੂੰ ਲਾਹੌਰ ਦੇ ਨਖਾਸ ਚੌਕ ਵਿੱਚ ਸ਼ਹੀਦ ਕੀਤਾ ਗਿਆ।
   PPA160702      

  ਅਵਤਾਰ ਸਿੰਘ ਕੈਂਥ
  ਮੁੱਖ ਸੇਵਾਦਾਰ :      ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ 
  ਜਸ਼ਨ ਕੰਪਿਊਟਰ ਕੋਰਟ ਰੋਡ ਨੇੜੇ ਬੱਸ ਸਟੈਂਡ ਬਠਿੰਡਾ
   93562 00120, 9878600120

Check Also

ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਖੂਬਸੂਰਤ ਪੰਜਾਬੀ ਫ਼ਿਲਮ ‘ਪ੍ਰਹੁਣਾ 2’

ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ …

Leave a Reply