Thursday, March 28, 2024

ਐਤਵਾਰ ਦਾ ਦਿਨ

ਥੱਕੇ-ਟੁੱਟੇ ਹੰਭੇ ਹਾਰੇ, ਦਿਨ ਆਇਆ ਐਤਵਾਰ।
ਛੁੱਟੀ ਵਾਲੇ ਦਿਨ ਹੈ ਜਾਣਾ, ਆਪਾਂ ਗੁਰੂ ਦੁਆਰ।
ਸੋਹਣੇ-ਸੋਹਣੇ ਕੱਪੜੇ ਪਾਉਣੇ ਤੇ ਟੋਹਰ ਹੋਏਗਾ ਪੂਰਾ।
ਮੁੱਛ-ਮਰੋੜ ਤੇ ਫਿਕਸੋ ਲਉਣੀ, ਰੰਗ ਚੜੇਗਾ ਗੂੜਾ।
ਸੁੱਖ਼ਣਾ ਲਾਹ ਅਰਦਾਸ ਕਰਾਉਣੀ ਸੌ ਦਾ ਨੋਟ ਚੜਾਉਣਾ।
ਮੇਲੇ `ਚੋਂ ਖਰੀਦ ਕੇ ਬੱਚਿਆਂ ਹਵਾਈ ਜਹਾਜ਼ ਲਿਆਉਣਾ।
ਫਰੀ ਦਾ ਲੰਗਰ ਛੱਕਣਾਂ ਉਥੋਂ ਤੇ ਨਾਲੇ ਚਾਹ-ਪਕੌੜੇ।
ਮੇਲੇ ਦੇ ਵਿਚ ਫਿਰਨਾ ਆਪਾਂ, ਹੋ ਕੇ  ਚੌੜੇ-ਚੌੜੇ।

ਅੱਜ! ਕਵੀਆਂ ਨੇ ਮੀਟਿੰਗ ਸੱਦੀ, ਕਿ ਸਾਰੇ `ਕੱਠੇ ਹੋਵੋ
ਆ ਕੇ ਐਤਵਾਰ ਨੂੰ ਸਾਰੇ, ਆਪਣਾ  ਰੋਣਾ  ਰੋਵੋ।
ਕਵਿਤਾ ਪੜਿਓ ਘਰ ਆਪਣੇ ਦੀ ਆਇਉ ਕਰ ਤਿਆਰੀ।
ਲੱਚਰਤਾ  ਨਾ  ਹੋਵੇ  ਕੋਈ, `ਤੇ ਪੜਿਉ ਵਾਰੀ ਵਾਰੀ।
ਪਹਿਲੇ ਐਤਵਾਰ ਨੂੰ ਰੱਖੀ, (ਇਹ) ਮੀਟਿੰਗ ਹਰ ਮਹੀਨੇ।
ਟੌਹਰ-ਟੱਪਾ ਕਢ ਕੇ ਆਇਉ, ਬਣ ਕਬੂਤਰ ਚੀਨੇ।
ਮੀਟਿਂਗ ਦੇ ਵਿਚ ਚਾਹ-ਸਮੇਸੇ, ਨਾਲੇ ਹੋਏਗੀ ਬਰਫ਼ੀ।
ਪੈਗ-ਛੈਗ਼ ਵੀ ਚੱਲਣਾ ਓਥੇ,  ਗੱਲ ਮੇਰੀ ਦੋ ਹੱਰਫੀ।

ਅਜੇ, ਬੈਡ ਟੀ ਸਾਂ ਪੀਂਦੇਂ ਆਪਾਂ, ਘੰਟੀ ਫੋਨ ਦੀ ਖ਼ੜਕੇ।
ਘਰ ਵਾਲੀ ਦਾ ਮਰ ਗਿਆ ਨਾਨਾ, ਅੱਜ ਸਵੇਰੇ ਤੜਕੇ।
ਸਸਕਾਰ ਉਹਦਾ ਅੱਜ ਕਰ ਦੇਣਾ `ਤੇ ਐਤਵਾਰ ਨੂੰ ਚੌਥਾ।
ਐਤਵਾਰ ਨੂੰ ਸਾਰੇ  ਆਇਉ, ਹੈ ਬਾਰਾ ਵਜੇ ਦਾ ਮੌਕਾ।
ਫਿਰ ਅਗਲੇ ਐਤਵਾਰ ਨੂੰ ਉਹਦਾ ਭੋਗ ਘਰੇ ਹੀ ਪਉਣਾ।
ਹੱਥ ਜੋੜ ਕੇ ਆਖਣ ਲਗੇ, ਸਭ ਨੇ ਉਸ ਦਿਨ ਆਉਣਾ।
ਧੂਮ-ਧਾਮ ਨਾਲ ‘ਕੱਠ  ਕਰਾਂਗੇ ਵਰਤੂ ਖੂਬ ਜਲੇਬੀ।
ਐਤਵਾਰ ਨੂੰ ਸਾਰੇ  ਆਇਉ, ਕਹਿੰਦਾ ਸਾਲਾ ਦੇਬੀ।

ਵੱਜਾ ਕਾਰ ਦਾ ਲੰਮਾ ਹਾਰਨ, ਮੈਂ ਗੇਟ ਵੱਲ ਨੂੰ ਭੱਜਾ।
ਐਤਵਾਰ ਨੂੰ ਆਇਆ ਭਾਈਆ ਦਾਰੂ ਦੇ ਨਾਲ ਰੱਜਾ।
ਕਹਿੰਦਾ ਕਾਕੇ ਦਾ ਹੈ ਠਾਕਾ, ਅਉਣੇ  ਕੱਲ੍ਹ ਪ੍ਰਾਹੁਣੇ।
ਮਾਮੇ ਦਾ ਵੀ ਜ਼ੌਹਰ ਵੇਖਣਾ, ਸਾਰੇ ਸ਼ਗਨ ਮਨਾਉਣੇ।
ਐਤਵਾਰ ਦਿਨ ਕਰਮਾਂ ਵਾਲਾ ਸਾਡੇ ਘਰ ਵੀ ਆਇਆ।
ਠਾਕੇ ਤੋਂ ਕੋਈ ਲੇਟ ਨਾ ਹੋਵੇ, ਭਾਈਏ ਨੇ ਫੁਰਮਾਇਆ।
ਸੁਭਾ-ਸਵੇਰੇ ਭਾਈਏ ਸਾਡੇ, ਘਰ ‘ਚ ਪਾਈ ਭਸੂੜੀ।
ਗਾਲਾਂ ਕੱਢਦਾ ਤੁਰਿਆ ਜਾਵੇ, ਮੱਥੇ ਪਾਈ ਤਿਊੜੀ।

ਓਧਰੋਂ ਸਾਲੇ, ਦੇ ਕਾਕੇ ਦਾ, ਹੈ ਇਨਵੀਟੇਸ਼ਨ ਆਇਆ।
ਛੁੱਟੀ ਵਾਲਾ ਦਿਨ ਉਹਨਾ ਨੇ, ਕਹਿ ਕੇ ਹੈ ਰਖਵਾਇਆ।
ਐਤਵਾਰ ਬਰਾਤ ਚੜੇਗੀ, ਤੁਸਾਂ ਤਾਂ ਪਹਿਲਾਂ ਹੀ ਆਉਣਾ।
ਵਿਆਹ ਦੀ ਕੋਈ ਗੱਲ ਕਰਾਂਗੇ, ਨਾਲੇ ਤੇਲ ਚੜਾਉਣਾ।
ਫਿਰ ਅਗਲੇ ਐਤਵਾਰ ਨੂੰ ਰੱਖੀ, ਪੈਲਿਸ ਵਿਚ ਰਿਸ਼ੈਪਸ਼ਨ।
ਵੇਖਾਂਗੇ ਫਿਰ ਗਉਣ ਵਾਲੀ ਦੇ, ਪੀ ਕੇ ਆਪਾਂ ਐਕਸ਼ਨ।
ਉਹਤੋਂ ਅਗਲੇ ਐਤਵਾਰ ਨੂੰ, ਕੁੱੜਮਾ ਦੇ ਘਰ ਜਾਣਾ।
ਫਿਰ ਉਹਤੋਂ ਐਤਵਾਰ ਨੂੰ, ਉਨਾ ਸਾਡੇ ਆਉਣਾ।

ਤੋਬਾ ਰੱਬ ਦੀ! ਤੋਬਾ ਲੋਕੋ! ਕੋਈ ਨਾ ਆਵੇ ਐਤਵਾਰ।
ਫਿਰ ਵੀ ਮਨ ਨੂੰ ਆਖੀ ਜਾਵਾਂ, ਕਿ ਭਲੀ ਕਰੂ ਕਰਤਾਰ।
ਕੀ? ਐਤਵਾਰ ਹੀ ਜੰਮਦੇ ਸਾਰੇ ਤੇ ਐਤਵਾਰ ਹੀ ਮਰਦੇ?
ਬ੍ਰਹੀਣਾਂ, ਚੌਥਾ ਅਤੇ ਮਕਾਣਾਂ, ਸਭ ਐਤਵਾਰ ਹੀ ਕਰਦੇ।
ਮੀਟਿੰਗ, ਪਿੱਟਸਿਆਪਾ ਸਾਰਾ, ਐਤਵਾਰ ਦਾ ਰੋਣਾ।
ਵਿਆਹ, ਠਾਕਾ ਤੇ ਜਨਮ ਦਿਹਾੜਾ ਐਤਵਾਰ ਹੀ ਆਉਣਾ।
ਪੈ ਜਾਣਗੀਆਂ ਸਿਰ ‘ਚ ਜੂਆਂ, ਜੇ ਐਤਵਾਰ ਨਾ ਨ੍ਹਾਤਾ।
“ਸੁਹਲ” ਸੱਚੀ  ਇਹ ਕਹਾਣੀ, ਨਾ ਕੋਈ ਆਤਾ-ਬਾਤਾ।

Malkiat Suhal

 

 

 

 
ਮਲਕੀਅਤ “ਸੁਹਲ”
ਨੌਸ਼ਹਿਰਾ ਬਹਾਦਰ,
ਡਾਕ- ਪੁਲ ਤਿੱਬੜੀ (ਗੁਰਦਾਸਪੁਰ)  
ਮੋ- 98728-48610

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply