Friday, March 29, 2024

ਰਾਹੁਲ ਗਾਂਧੀ ਨੂੰ 1984 ਸਿੱਖ ਕਤਲੇਆਮ ਦਾ ਕੋਈ ਪਛਤਾਵਾ ਨਹੀਂ-ਸੁਖਬੀਰ ਸਿੰਘ ਬਾਦਲ

ਦੱਖਣੀ ਹਲਕੇ ਵਿੱਚ 285 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ
PPN200201

ਅੰਮ੍ਰਿਤਸਰ, 20 ਫਰਵਰੀ ( ਸੁਖਬੀਰ ਸਿੰਘ, ਗਰੁਪ੍ਰੀਤ ਸਿੰਘ)- ”ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ 1984 ਸਿੱਖ ਕਤਲੇਆਮ ਉਤੇ ਰਤੀ ਭਰ ਪਛਤਾਵਾ ਨਹੀਂ ਹੈ ਬਲਕਿ ਉਹ ਇਸ ਘਿਨੌਣੇ ਕਤਲੇਆਮ ਦੇ ਜਿੰਮੇਵਾਰ ਕਾਂਗਰਸੀ ਆਗੂਆਂ ਦੀ ਪਿੱਠ ਥਾਪੜ ਰਿਹਾ ਹੈ”। ਉਕਤ ਸ਼ਬਦਾ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਸ੍ਰ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਦੱਖਣੀ ਹਲਕੇ ਵਿੱਚ 285 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਜਾਣ ਵਾਲੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੇ ਪਿਤਾ ਰਾਜੀਵ ਗਾਂਧੀ ਦੇ ਕਾਤਲਾਂ ਦੀ  ਸਜਾ ਸੁਪਰੀਮ ਕੋਰਟ ਦੇ ਫੈਸਲੇ ਉਤੇ ਮੌਤ ਤੋਂ ਉਮਰ ਕੈਦ ਵੈੱਚ ਬਦਲਣ ਦਾ ਤਾਂ ਗਮ ਖਾ ਰਿਹਾ  ਹੈ ਪਰ 1984 ਵਿੱਚ ਕਾਂਗਰਸ ਦੀ ਸ਼ਹਿ ਉਤੇ ਹੋਏ  ਸਿੱਖ ਕਤਲੇਆਮ ਵਿੱਚ ਮਾਰੇ ਗਏ 5000 ਤੋਂ ਵੱਧ ਨਿਰਦੋਸ਼ ਸਿੱਖਾਂ ਦੀਆਂ ਮੌਤਾ ਉਤੇ ਰਤੀ ਭਰ ਵੀ ਦੁੱਖ ਨਹੀਂ।

ਉਨਾਂ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਕਾਸ ਦੇ ਮੁੱਦੇ ਉਤੇ ਲੜੇਗਾ।ਉਨਾਂ ਕਿਹਾ ਕਿ ਅਸੀਂ ਕਾਂਗਰਸ ਵਾਂਗ ਫੋਕੇ ਵਾਅਦੇ ਨਹੀਂ ਕੀਤੇ ਬਲਕਿ ਵਿਕਾਸ ਕਰਕੇ ਵਿਖਾਇਆ ਹੈ। ਆਮ ਆਦਮੀ ਪਾਰਟੀ ਬਾਰੇ ਪੁੱਛੇ ਜਾਣ ਤੇ ਸ੍ਰ ਬਾਦਲ ਨੇ ਕਿਹਾ ਕਿ ਲੋਕਤੰਤਰ ਵਿੱਚ ਸਾਰਿਆਂ ਨੂੰ ਚੋਣ ਲੜਣ ਦਾ ਅਧਿਕਾਰ ਅਤੇ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪਰ ਇਸ ਵੇਲੇ ਪੰਜਾਬ ਵਿੱਚ ਆਪ ਤੋਂ ਸਾਨੂੰ ਕੋਈ ਖਤਰਾ ਨਹੀਂ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਨੂੰ ਪਹਿਲਾਂ ਹੀ ਲਾਗੂ ਕਰ ਚੁੱਕੇ ਹਾਂ। ਸ੍ਰ ਬਾਦਲ ਨੇ ਕਿਹਾ ਕਿ ਅਸੀਂ ਆਪਣੀ ਰਵਾਇਤ ਨੂੰ ਬਕਰਾਰ ਰੱਖਦੇ ਹੋਏ ਸਾਰੀਆਂ ਪਾਰਟੀਆਂ ਨਾਲੋਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰ ਪਹਿਲਾਂ ਐਲਾਨ ਦਿੱਤੇ ਹਨ ਅਤੇ ਬਾਕੀ ਰਹਿੰਦੇ ਉਮੀਦਵਾਰਾਂ ਦੀ ਐਲਾਨ ਵੀ ਛੇਤੀ ਕਰ ਦਿੱਤਾ ਜਾਵੇਗਾ।
PPN200202
ਮੁੱਖ ਸੰਸਦੀ ਸਕੱਤਰ ਸ੍ਰ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਵਿੱਚ ਬੱਸ ਰੈਪਿਡ ਟਰਾਂਜਿਟ ਸਿਸਟਮ ਜਿਸ ਤਹਿਤ ਸ਼ਹਿਰ ਵਿੱਚ ਆਧੁਨਿਕ ਬੱਸਾਂ ਸ਼ੁਰੂ ਕੀਤੀਆਂ ਜਾਣੀਆਂ ਹਨ, ਦੀ ਸ਼ੁਰੂਆਤ ਅਗਲੇ ਹਫਤੇ ਨੀਂਹ ਪੱਥਰ ਰੱਖ ਕੇ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਤੁਰਕੀ ਦੇ ਸ਼ਹਿਰ ਇਸਤਨਬੁੱਲ  ਦੀ ਤਰਾਂ ਅੰਮ੍ਰਿਤਸਰ ਵਿੱਚ ਵੀ ਛੇਤੀ ਹੀ ਇਹ ਵਾਤਾਅਨੂਕੁਲ ਬੱਸਾਂ ਸੜਕਾਂ ਉਤੇ ਦੌੜਦੀਆਂ ਨਜ਼ਰ ਆਉਣਗੀਆਂ। ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਇਸ ਪਵਿੱਤਰ ਨਗਰੀ ਦਾ ਵਿਕਾਸ ਮੇਰੀ ਪਹਿਲੀ ਤਰਜੀਹ ਹੈ ਅਤੇ ਮੈਂ ਇਸ ਮਿਸ਼ਨ ਦੀ ਪੂਰਤੀ ਲਈ ਹਰ ਮਹੀਨੇ ਮੀਟਿੰਗਾਂ ਕਰ ਰਿਹਾ ਹਾਂ। ਉਨਾਂ ਦੱਸਿਆ ਕਿ ਸ਼ਹਿਰ ਦੇ ਵਿਕਾਸ ਉਤੇ 2500 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਚੱਲ ਰਹੇ ਹਨ ਜੋ ਕਿ ਅਗਲੇ ਦੋ ਸਾਲਾਂ ਵਿੱਚ ਮੁਕੰਮਲ ਹੋ ਜਾਣਗੇ। ਇਸ ਮੌਕੇ ਸ. ਬਾਦਲ ਵਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਇਕ ਅੰਡਰ ਬਾਈਪਾਸ ਬਣਾਉਣ ਦਾ ਵੀ ਐਲਾਨ ਕੀਤਾ ਗਿਆ।
ਸ੍ਰ ਇੰਦਰਬੀਰ ਸਿੰਘ ਬੁਲਾਰੀਆਂ ਦੀ ਮੰਗ ਉਤੇ ਬੋਲਦੇ ਉਪ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਕੇਂਦਰ ਵਿੱਚ ਰਾਸ਼ਟਰੀ ਜਮਹੂਰੀ ਗਠਜੋੜ ਦੀ ਸਰਕਾਰ ਆਉਣ ਦੇ ਇਕ ਮਹੀਨੇ ਦੇ ਅੰਦਰ ਸਵਰਣਕਾਰ ਭਾਈਚਾਰੇ ਨੂੰ ਓ:ਬੀ:ਸੀ ਸ਼੍ਰੇ੍ਰਣੀ ਵਿੱਚ ਸ਼ਾਮਲ ਕਰ ਲਿਆ ਜਾਵੇਗਾ। ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਉਖਾੜ ਦੇਣ ਦਾ ਸੱਦਾ ਦਿੰਦਿਆਂ ਸ੍ਰ ਬਾਦਲ ਨੇ ਕਿਹਾ ਕਿ ਇਹ ਚੋਣਾਂ ਸੱਤਾ ਪਰਿਵਰਤਣ ਲਈ ਨਹੀਂ ਬਲਕਿ ਦੇਸ਼ ਨੂੰ ਭ੍ਰਿਸ਼ਟ, ਦਿਸ਼ਾਹੀਣ ਅਤੇ ਘਪਲਿਆਂ ਵਿੱਚ ਘਿਰੀ ਯੂ:ਪੀ:ਏ ਸਰਕਾਰ ਤੋਂ ਮੁਕਤੀ ਦਿਵਾਉਣ ਦਾ ਮੌਕਾ ਦੇ ਰਹੀਆਂ ਹਨ।
PPN200203
ਆਮ ਲੋਕਾਂ ਨੂੰ  ਰੋਜ਼ਮੱਰਾ ਵਾਲੀਆਂ ਸੇਵਾਵਾਂ ਆਨ ਲਾਇਨ ਤੇ ਪੇਪਰ ਰਹਿਤ ਪ੍ਰਸ਼ਾਸ਼ਨ ਦੇਣ ਦਾ ਵਾਅਦਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਅਗਲੇ  ਮਹੀਨੇ ਦੌਰਾਨ 147 ਸੇਵਾਵਾਂ ਆਨ ਲਾਇਨ ਮਿਲਣਗੀਆਂ ਕਿਉਂ ਜੋ 4000 ਕਰੋੜ ਦੀ ਲਾਗਤ ਨਾਲ ਸਾਰੇ ਪਿੰਡਾਂ ਨੂੰ 4 ਜੀ ਸੇਵਾ ਨਾਲ ਜੋੜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪੇਪਰ ਰਹਿਤ ਪ੍ਰਸ਼ਾਸ਼ਨ ਲਈ ਪ੍ਰਕ੍ਰਿਆ ਦੀ ਸ਼ੁਰੂਆਤ ਹੋ ਚੁੱਕੀ ਅਤੇ ਮਾਨਸਾ ਦੇਸ਼ ਦਾ ਪਹਿਲਾ ਜਿਲਾ ਬਣਨ ਜਾ ਰਿਹਾ ਹੈ ਜਿਸ ਵਿਚ ਸਾਰਾ ਪ੍ਰਸ਼ਾਸ਼ਨ ਆਨ ਲਾਇਨ ਕੰਮ ਕਰੇਗਾ।  ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਸ ਵੀ ਵਿਅਕਤੀ ਨੂੰ ਅਕਾਲੀ-ਭਾਜਪਾ ਗਠਜੋੜ ਵਲੋਂ ਅੰਮ੍ਰਿਤਸਰ ਤੋਂ ਉਮੀਦਵਾਰ ਐਲਾਨਿਆ ਜਾਵੇਗਾ ਅਕਾਲੀ ਦਲ ਉਸਦੀ ਵੱਡੀ ਜਿੱਤ ਯਕੀਨੀ ਬਣਾਏਗਾ। ਉਨਾਂ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸਪੱਸ਼ਟ ਹਾਰ ਨੂੰ ਦੇਖਦਿਆਂ ਕਾਂਗਰਸੀ ਆਗੂਆਂ ਨੇ ਹਾਈਕਮਾਨ ਕੋਲੋਂ ਟਿਕਟ ਦੀ ਮੰਗ ਕਰਨੀ ਹੀ ਛੱਡ ਦਿੱਤੀ ਹੈ ਤੇ ਪੰਜਾਬ ਕਾਂਗਰਸ ਹਲਕੇ ਲਈ ਬਾਹਰਲੇ ਉਮੀਦਵਾਰ ਦੀ ਭਾਲ ਕਰ ਰਹੀ ਹੈ।  ਉਨਾਂ ਕਿਹਾ ਕਿ ਕਦੀ ਸਮਾਂ ਸੀ ਕਿ ਕਾਂਗਰਸ ਝੂਠੇ ਵਾਅਦਿਆਂ ਤੇ ਨਾਅਰਿਆਂ ਨਾਲ 400 ਸੀਟਾਂ ਤੱਕ ਲੈ ਜਾਂਦੀ ਸੀ, ਪਰ ਯੂ.ਪੀ.ਏ ਦੀ ਕਾਰਗੁਜ਼ਾਰੀ ਕਾਰਨ ਕਾਂਗਰਸ ਆਪਣੇ ਇਤਿਹਾਸ ਵਿਚ ਪਹਿਲੀ ਵਾਰ 100 ਤੋਂ ਵੀ ਘੱਟ ਸੀਟਾਂ ਤੱਕ ਸਿਮਟ ਜਾਵੇਗੀ।
ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਸੰਬੋਧਨ ਕਰਦੇ ਕਿਹਾ ਕਿ ਸ਼ਹਿਰੀ ਨਵੀਨੀਕਰਨ ਮਿਸ਼ਨ ਤਹਿਤ ਪੰਜਾਬ ਦੇ ਸਾਰੇ ਸਹਿਰਾਂ ਵਿੱਚ 3700 ਕਰੋੜ ਰੁਪਏ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਜੋ ਕਿ ਆਉਣ ਵਾਲੇ ਕੁਝ ਸਮੇਂ ਤੱਕ ਪੰਜਾਬ ਦੇ ਸ਼ਹਿਰਾਂ ਦਾ ਮੁਹਾਂਦਰਾ ਬਦਲ ਦੇਣਗੇ। ਸਥਾਨਕ ਵਿਧਾਇਕ ਤੇ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਨੇ ਹਲਕੇ ਵੱਲ ਵਿਸ਼ੇਸ਼ ਧਿਆਨ ਦੇਣ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਰੈਲੀ ਵਿਚ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮੁੱਖ ਤੌਰ ‘ਤੇ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ, ਮਨਜੀਤ ਸਿੰਘ ਮੰਨਾ, ਮੇਅਰ ਬਖਸ਼ੀ ਰਾਮ ਅਰੋੜਾ, ਭਾਜਪਾ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ, ਸ੍ਰ ਅਮਰਬੀਰ ਸਿੰਘ ਢੋਟ,  ਤਰੁਣ ਚੁੱਘ,  ਉਪਕਾਰ ਸਿੰਘ ਸੰਧੂ ਹਾਜ਼ਰ ਸਨ।

 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply