Friday, March 29, 2024

ਪੰਜਾਬ ਦੀਆਂ ਖੂਨੀ ਸੜਕਾਂ ਦਾ ਤਾਂਡਵ ਨਾਚ

 (ਸੰਪਾਦਕ ਦੀ ਡਾਕ)
ਪੰਜਾਬ ਦੇ ਰਾਜਸੀ ਨੇਤਾਵਾਂ ਦੁਆਰਾ ਪੰਜਾਬ ਦੇ ਵਿਕਾਸ ਸਬੰਧੀ, ਰਾਜਸੀ ਸਟੇਜਾਂ ਤੋਂ ਜੋ ਬਾਹਾਂ ਖੜੀਆਂ ਕਰਕੇ ਨਾਅਰੇ ਲਗਾਏ ਜਾਂਦੇ ਹਨ, ਹੁਣ ਉਹ ਇਸ ਤਰਾਂ ਲੱਗ ਰਹੇ ਹਨ ਜਿਵੇਂ ਉਨਾਂ ਦੀਆਂ ਖੜੀਆਂ ਬਾਹਾਂ ਇਹ ਕਹਿ ਰਹੀਆਂ ਹੋਣ ਕਿ ‘ਅਸੀਂ ਤਾਂ ਨਾਅਰੇ ਮਾਰ ਕੇ ਹੀ ਪੰਜਾਬ ਲੁੱਟ ਲੈਂਦੇ ਹਾਂ, ਤੁਸੀਂ ਤਾਂ ਮੂਰਖ ਹੋ।’ ਇਸ ਤਰਾਂ ਲੱਗ ਰਿਹਾ ਹੈ ਕਿ ਇਹ ਨੇਤਾ ਲੋਕ ਸੱਚ ਹੀ ਬੋਲ ਰਹੇ ਹਨ।ਜਿਹੜੇ ਲੋਕਾਂ ਨੂੰ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਬੁਨਿਆਦੀ ਸਹੂਲਤਾਂ ਨਾ ਮਿਲੀਆਂ ਹੋਣ, ਉਹ ਲੋਕ ਕਿਹੜੀ ਤਰੱਕੀ ਹਾਸਲ ਕਰ ਸਕਦੇ ਹਨ।ਕਿਸੇ ਵੀ ਦੇਸ਼ ਦੇ ਵਿਕਾਸ ਲਈ ਉੱਥੋਂ ਦੀ ਸੜਕੀ ਆਵਾਜਾਈ ਵਧੀਆ ਸੁਚਾਰੂ ਰੂਪ ਵਿੱਚ ਹੋਣੀ ਚਾਹੀਦੀ ਹੈ।ਪ੍ਰੰਤੂ ਸਾਡੇ ਤਾਂ ਅਜੇ ਤੱਕ ਮੇਨ ਹਾਈਵੇਜ਼ ਵੀ ਵੱਡੇ ਵੱਡੇ ਟੋਇਆਂ ਨਾਲ ਭਰੇ ਪਏ ਹਨ, ਸਮਾਂ ਬਦਲਣ ਨਾਲ ਆਵਾਜਾਈ ਦੇ ਸਾਧਨਾਂ ਵਿੱਚ ਵੀ ਇਜਾਫ਼ਾ ਹੋਇਆ ਹੈ।ਪੱਛਮੀ ਦੇਸ਼ ਅੱਜ ਦੇ ਸਮੇਂ ਤੋਂ ਅੱਗੇ 50 ਸਾਲ ਦੀ ਸੋਚ ਲੈ ਕੇ ਚੱਲਦੇ ਹਨ, ਸਾਡੇ ਇੱਥੇ ਸਮੇਂ ਦੇ ਹਾਣ ਦੀ ਸੋਚ ਵੀ ਨਹੀਂ ਸੋਚੀ ਜਾਂਦੀ। ਸਾਡੀਆਂ ਸੜਕਾਂ ਅਤੇ ਪੁਲ ਪੁਰਾਣੇ ਸਮੇਂ ਦੀਆਂ ਪੁਰਾਣੀਆਂ ਅਤੇ ਤੰਗ ਹਨ, ਜਿਸ ਕਾਰਨ ਨਿੱਤ ਪ੍ਰਤੀ ਦਿਨ ਭਿਆਨਕ ਸੜਕੀ ਹਾਦਸੇ ਹੋ ਰਹੇ ਹਨ ਅਤੇ ਪਰਿਵਾਰਾਂ ਦੇ ਪਰਿਵਾਰ ਇਨਾਂ ਖੂਨੀ ਸੜਕਾਂ ਦੀ ਬਲੀ ਚੜ ਰਹੇ ਹਨ।ਸੜਕਾਂ ਹਮੇਸ਼ਾਂ ਜਾਮ ਲੱਗਣ ਕਾਰਨ ਤੂੜੀਆਂ ਰਹਿੰਦੀਆਂ ਹਨ। ਸਾਲ 2017 ਦੇ ਆਖਰੀ ਦਿਨ ਪੰਜਾਬ ਅੰਦਰ ਖੂਨੀ ਸੜਕਾਂ ਦੇ ਭਿਆਨਕ ਹਾਦਸਿਆਂ ਨੇ 10 ਦੇ ਕਰੀਬ ਜਾਨਾਂ ਲੈ ਕੇ ਕਿੰਨੇ ਪਰਿਵਾਰਾਂ ਦੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ।
2018 ਦੇ ਚੜਦੇ ਸਾਲ ਹੀ ਪੰਜਾਬ ਦੀਆਂ ਖੂਨੀ ਸੜਕਾਂ ਨੇ ਆਪਣਾ ਤਾਂਡਵ ਨਾਚ ਜਾਰੀ ਰੱਖਦੇ ਹੋਏ 13 ਕੀਮਤੀ ਜਾਨਾਂ ਲੈ, ਜਿਨਾਂ ਵਿੱਚ ਨਿੱਕੇ ਨਿੱਕੇ ਮਾਸੂਮ ਵੀ ਸ਼ਾਮਲ ਸਨ, ਮੌਤ ਦੀ ਗੋਦ ਵਿੱਚ ਸਮਾ ਦਿੱਤੀਆਂ।ਕੀ ਕਰਨਾ ਹੈ ਇਹੋ ਜਿਹੇ ਵਿਕਾਸ ਦਾ ਜੋ ਆਮ ਲੋਕਾਂ ਲਈ ਸਰਵਨਾਸ਼ ਬਣਕੇ ਉਨਾਂ ਦੇ ਘਰਾਂ ਵਿੱਚ ਸੱਥਰ ਵਿਛਾ ਦੇਵੇ।ਪੰਜਾਬ ਅੰਦਰ ਰੋਜਾਨਾਂ ਦੀ ਸੜਕੀ ਹਾਦਸਿਆਂ ਕਾਰਨ ਔਸਤਨ 10 ਮੌਤਾਂ ਰੋਜ ਹੁੰਦੀਆਂ ਹਨ, ਪ੍ਰੰਤੂ ਸਾਡੀਆਂ ਸਮੇਂ ਦੀਆਂ ਸਰਕਾਰਾਂ ਜੋ ਅਜਿਹੀ ਗੂੜੀ ਨੀਂਦਰ ਵਿੱਚ ਸੁੱਤੀਆਂ ਪਈਆਂ ਹਨ ਕਿ ਇਸ ਤਰਾਂ ਲੱਗ ਰਿਹਾ ਹੈ ਕਿ ਜਿਵੇਂ ਪੰਜਾਬੀਆਂ ਦੇ ਅਜਾਂਈ ਵਹਿੰਦੇ ਖੂਨ ਨਾਲ ਇਨਾਂ ਨੂੰ ਹੋਰ ਘੂਕੀ ਚੜਦੀ ਹੈ।ਕੋਈ ਵੀ ਸੜਕ ਪੂਰੀ ਬਣਨ ਤੋਂ ਪਹਿਲਾਂ ਇਨਾਂ ਦਾ ਬੋਝੇ ਭਰਨ ਲਈ ਟੋਲ ਪਲਾਜਾ ਪਹਿਲਾਂ ਲੱਗ ਜਾਂਦਾ ਹੈ। ਚੋਣਾਂ ਤੋਂ ਪਹਿਲਾਂ ਰਾਜਸੀ ਨੇਤਾ ਲੋਕਾਂ ਨਾਲ ਅਜਿਹੇ ਵਾਅਦੇ ਕਰਦੇ ਹਨ, ਜਿਵੇਂ ਆਉਂਦੇ ਸਾਰ ਹੀ ਕਾਇਆ ਪਲਟ ਦੇਣੀ ਹੋਵੇ।ਪ੍ਰੰਤੂ ਉਹੀ ਨੇਤਾ ਚੋਣਾਂ ਜਿੱਤ ਕੇ ਸਾਢੇ ਚਾਰ ਸਾਲਾਂ ਲਈ ਮੂੰਹ ਇਸ ਤਰਾਂ ਲੁਕੋ ਲੈਂਦੇ ਹਨ, ਜਿਵੇਂ ਉਨਾਂ ਦਾ ਆਮ ਲੋਕਾਂ ਨਾਲ ਕੋਈ ਵਾਹ ਵਾਸਤਾ ਹੀ ਨਾ ਹੋਵੇ।

INDERJIT SINGH KANG

ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ)
ਜ਼ਿਲਾ ਲੁਧਿਆਣਾ
ਮੋਬਾ: 98558-82722

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply