Tuesday, March 19, 2024

ਰਾਜੀਵ ਗਾਂਧੀ ਨੂੰ ਕਲੀਨ ਚਿੱਟ ਦੇਣ ਦੀ ਬਜਾਏ ਤੱਥਾਂ ਦੀ ਪੜਚੋਲ ਕਰੇ ਕੈਪਟਨ – ਜੀ.ਕੇ

ਰਾਸ਼ਟਰਪਤੀ ਦੇ ਕਾਫਿਲੇ ’ਤੇ ਹੋਏ ਹਮਲੇ ਦੇ ਵੀ ਜਾਰੀ ਕੀਤੇ ਫੋਟੋ
ਨਵੀਂ ਦਿੱਲੀ , 12 ਫਰਵਰੀ 2018): ਪੰਜਾਬ ਦੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦਿੱਲੀ 1984 riots photoਪੁੱਜਣ ਤੋਂ ਪਹਿਲਾ 1984 ਸਿੱਖ ਕਤਲੇਆਮ ਸ਼ੁਰੂ ਹੋਣ ਦੇ ਕੀਤੇ ਗਏ ਦਾਅਵੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਝੂਠਾ ਕਰਾਰ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੈਪਟਨ ਦੇ ਬਿਆਨ ਨੂੰ ਬਿਨਾਂ ਤੱਥਾਂ ਦੀ ਜਾਣਕਾਰੀ ਦੇ ਗਾਂਧੀ ਪਰਿਵਾਰ ਨੂੰ ਬਚਾਉਣ ਵਾਸਤੇ ਕੈਪਟਨ ਵੱਲੋਂ ਹਨੇ੍ਹਰੇ ’ਚ ਕੀਤੀ ਗਈ ਗੋਲੀਬਾਰੀ ਵੱਜੋਂ ਪਰਿਭਾਸਿਤ ਕੀਤਾ ਹੈ। ਜੀ.ਕੇ. ਨੇ ਕਿਹਾ ਕਿ ਜਾਂ ਤੇ ਕੈਪਟਨ ਸੱਚ ਬੋਲਣਾ ਨਹੀਂ ਚਾਹੁੰਦੇ ਹਨ ਜਾਂ ਫਿਰ ਗਾਂਧੀ ਪਰਿਵਾਰ ਵੱਲੋਂ ਉਨ੍ਹਾਂ ਨੂੰ ਇਹ ਝੂਠਾ ਬਿਆਨ ਦੇਣ ਲਈ ਹੁਕਮ ਦਿੱਤਾ ਗਿਆ ਹੈ।
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਕਿਤਾਬ ‘ਦਾ ਟਰਬੁਲੇਂਟ ਇਅਰਸ’ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ 31 ਅਕਤੂਬਰ 1984 ਨੂੰ ਰਾਜੀਵ ਗਾਂਧੀ ਦੀ ਸਾਰੀ ਦਿਨਚਰਿਆ ਦਾ ਜ਼ਿਕਰ ਵੀ ਕੀਤਾ। ਜੀ.ਕੇ. ਨੇ ਕਿਹਾ ਕਿ ਰਾਜੀਵ ਗਾਂਧੀ ਵੱਲੋਂ ਸ਼ਾਮ 6.45 ਵਜੇ ’ਤੇ ਹਲਫ਼ ਲੈਣ ਤੋਂ ਬਾਅਦ ਸਾਬਕਾ ਉਪਰਾਸ਼ਟਰਪਤੀ ਆਰ. ਵੈਂਕਟਰਮਨ ਨੇ ਦੂਰਦਰਸ਼ਨ ’ਤੇ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਅਧਿਕਾਰਕ ਬਿਆਨ ’ਚ ਇੰਦਰਾ ਗਾਂਧੀ ਦੇ ਕਤਲ ਅਤੇ ਰਾਜੀਵ ਗਾਂਧੀ ਦੇ ਪ੍ਰਧਾਨਮੰਤਰੀ ਬਣਨ ਬਾਰੇ ਦੇਸ਼ ਨੂੰ ਸੂਚਨਾ ਦਿੱਤੀ ਸੀ। ਹਾਲਾਂਕਿ ਰਾਜੀਵ ਗਾਂਧੀ ਨੂੰ ਇੰਦਰਾ ਗਾਂਧੀ ’ਤੇ ਹੋਏ ਹਮਲੇ ਦੀ ਖਬਰ ਪਛਮੀ ਬੰਗਾਲ ਦੇ ਕੋਂਟਾਈ ਵਿਖੇ ਪੁਲਿਸ ਵਾਇਰਲੇਸ ਸੈਟ ਜਰੀਏ ਸਵੇਰੇ 9.30 ਵਜੇ ਮਿਲ ਗਈ ਸੀ।
ਉਨ੍ਹਾਂ ਦੱਸਿਆ ਕਿ ਉਸ ਵੇਲੇ ਰਾਜੀਵ ਗਾਂਧੀ ਦੇ ਨਾਲ ਇੰਦਰਾ ਸਰਕਾਰ ਦੇ 2 ਮੰਤਰੀ ਪ੍ਰਣਬ ਮੁਖਰਜੀ ਅਤੇ ਗਨੀ ਖਾਂ ਚੌਧਰੀ ਮੌਜੂਦ ਸਨ।ਪ੍ਰਣਬ ਮੁਖਰਜੀ ਨੇ ਤਦ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਮੰਗਾਉਣ ਦਾ ਆਦੇਸ਼ ਦਿੱਤਾ ਸੀ।ਸੜਕ ਦੇ ਰਾਹ ਲਗਭਗ 100 ਕਿਲੋਮੀਟਰ ਦਾ ਸਫਰ ਤੈਅ ਕਰਕੇ ਇਹ ਤਿੰਨੋਂ ਕੋਲਾਘਾਟ ਪੁੱਜੇ ਸਨ।ਜਿਥੋਂ ਇਹਨਾਂ ਨੂੰ ਇੱਕ ਹੈਲੀਕਾਪਟਰ ਕੋਲਕਾਤਾ ਲੈ ਕੇ ਆਇਆ। ਲਗਭਗ 1 ਵਜੇ ਇੰਡੀਅਨ ਏਅਰਲਾਈਂਜ਼ ਦੇ ਵਿਸ਼ੇਸ਼ ਜਹਾਜ਼ ’ਤੇ ਰਾਜੀਵ ਗਾਂਧੀ ਅਤੇ ਉਸਦੇ ਸਾਥੀ ਕੋਲਕਾਤਾ ਤੋਂ ਦਿੱਲੀ ਨੂੰ ਰਵਾਨਾ ਹੋਏ।
ਕੋਲਕਾਤਾ ਹਵਾਈ ਅੱਡੇ ’ਤੇ ਬਲਰਾਮ ਜਾਖੜ, ਸ਼ਾਮਲਾਲ ਯਾਦਵ, ਸ਼ੀਲਾ ਦੀਕਸ਼ਿਤ ਅਤੇ ਉਨ੍ਹਾਂ ਦੇ ਸਸੁਰ ਉਮਾ ਸ਼ੰਕਰ ਦੀਕਸ਼ਿਤ ਪਹਿਲੇ ਤੋਂ ਮੌਜੂਦ ਸਨ।ਜਹਾਜ਼ ਦੇ ਕਾਕਪਿਟ ’ਚ ਰਾਜੀਵ ਗਾਂਧੀ ਨੂੰ ਇੰਦਰਾ ਗਾਂਧੀ ਦੀ ਮੋਤ ਦਾ ਸਮਾਚਾਰ ਪ੍ਰਾਪਤ ਹੋਇਆ।ਜਿਸ ਤੋਂ ਬਾਅਦ ਯਾਤਰਾ ਦੌਰਾਨ ਹੀ 6 ਕਾਂਗਰਸੀ ਆਗੂਆਂ ਨੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣ ਲਈ ਮਨਾ ਲਿਆ ਸੀ।ਜਦਕਿ ਇਸ ਦੌਰਾਨ ਓਮਾਨ ਦੀ ਯਾਤਰਾ ’ਤੇ ਗਏ ਸਾਬਕਾ ਰਾਸ਼ਟਰਪਤੀ ਜੈਲ ਸਿੰਘ ਵੀ ਸ਼ਾਮ 4 ਵਜੇ ਦਿੱਲੀ ਵਾਪਸ ਮੁੜ ਆਏ ਸਨ।
ਉਨ੍ਹਾਂ ਦੱਸਿਆ ਕਿ ਲਗਭਗ 4.30 ਵਜੇ ਕਾਂਗਰਸ ਦੇ ਜਨਰਲ ਸਕੱਤਰ ਜੀ.ਪੀ ਮੁਪਨਾਰ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਰਾਜੀਵ ਗਾਂਧੀ ਦੇ ਕਾਂਗਰਸ ਸੰਸਦੀ ਦਲ ਦਾ ਆਗੂ ਚੁਣੇ ਜਾਣ ਦਾ ਪੱਤਰ ਦਿੰਦੇ ਹੋਏ ਸ਼ਾਮ 6.45 ਵਜੇ ’ਤੇ ਰਾਜੀਵ ਗਾਂਧੀ ਨੂੰ ਹਲਫ਼ ਦਿਵਾਉਣ ਦੀ ਮੰਗ ਕੀਤੀ ਸੀ। ਜੀ.ਕੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਉਪਰੰਤ ਨਵੇਂ ਬਣੇ 4 ਕੈਬਨਿਟ ਮੰਤਰੀ ਪ੍ਰਣਬ ਮੁਖਰਜੀ, ਪੀ.ਸ਼ਿਵਸੰਕਰ, ਪੀ.ਵੀ ਨਰਸਿੰਮਹਾ ਰਾਓ ਅਤੇ ਬੂਟਾ ਸਿੰਘ ਨਾਲ ਪਹਿਲੀ ਮੀਟਿੰਗ ਦੌਰਾਨ ਰਾਜੀਵ ਗਾਂਧੀ ਨੇ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਨੂੰ ਲੋਕਾ ਦੇ ਦਰਸ਼ਨਾਂ ਲਈ 3 ਦਿਨ ਲਈ ਤੀਨ ਮੂਰਤੀ ਭਵਨ ’ਚ ਰਖਣ ਦੇ ਨਾਲ ਹੀ 3 ਨਵੰਬਰ ਨੂੰ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਲਿਆ ਸੀ।
ਜੀ.ਕੇ ਨੇ ਸਵਾਲ ਕੀਤਾ ਕਿ ਲਗਭਗ 4 ਵਜੇ ਰਾਜੀਵ ਗਾਂਧੀ ਦੇ ਦਿੱਲੀ ਪੁੱਜਣ ਤੋਂ ਬਾਅਦ ਹੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਗੱਡੀ ਅਤੇ ਉਨ੍ਹਾਂ ਦੇ ਸਿੱਖ ਅੰਗਰਕਸ਼ਕ ’ਤੇ ਹੋਏ ਹਮਲੇ ਬਾਰੇ ਕੈਪਟਨ ਦੀ ਕੀ ਦਲੀਲ ਹੈ। ਜੀ.ਕੇ ਨੇ ਇਸ ਸਬੰਧੀ ਰਾਸ਼ਟਰਪਤੀ ਦੇ ਕਾਫਿਲੇ ਦੀ ਤਿੰਨ ਗੱਡੀਆ ’ਤੇ ਹਮਲਾ ਹੋਣ ਦਾ ਦਾਅਵਾ ਕੀਤਾ ਜਦੋਂ ਰਾਸ਼ਟਰਪਤੀ ਇੰਦਰਾ ਗਾਂਧੀ ਨੂੰ ਦੇਖਣ ਲਈ ਏਮਸ ਗਏ ਸਨ। ਜੀ.ਕੇ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਨਿਗਮ ਪਾਰਸ਼ਦ ਅਰਜੁਨ ਦਾਸ ਨੇ ਰਾਸ਼ਟਰਪਤੀ ਦੀ ਗੱਡੀ ’ਤੇ ਪਹਿਲਾ ਪੱਥਰ ਸੁਟਿਆ ਸੀ। ਇਸ ਸਬੰਧੀ ਜੀ.ਕੇ ਨੇ ਮੀਡੀਆ ਨੂੰ 2 ਫੋਟੋ ਵੀ ਜਾਰੀ ਕੀਤੇ। ਜਿਸ ’ਚ ਇੱਕ ਫੋਟੋ ਰਾਸ਼ਟਰਪਤੀ ਦੀ ਕਾਰ ਦੇ ਟੁੱਟੇ ਹੋਏ ਸ਼ੀਸ਼ੇ ਅਤੇ ਦੂਜੀ ਰਾਸ਼ਟਰਪਤੀ ਦੇ ਸਿੱਖ ਅੰਗਰਕਸ਼ਕ ਤੇ ਹੋਏ ਹਮਲੇ ਬਾਅਦ ਬਿਨਾਂ ਪਗੜੀ ਦੇ ਹਸਪਤਾਲ ਤੋਂ ਪੱਟੀ ਬੰਨਵਾ ਕੇ ਬਾਹਰ ਆਉਣ ਦੀ ਹੈ। ਜੀ.ਕੇ ਨੇ ਕਿਹਾ ਕਿ ਗਾਂਧੀ ਪਰਿਵਾਰ ਦੀ ਭੂਮਿਕਾ ਦੀ ਜਾਂਚ ’ਤੇ ਕੈਪਟਨ ਨੂੰ ਸਵਾਲ ਚੁੱਕਣ ਦੀ ਥਾਂ ਸੱਚ ਨੂੰ ਬਾਹਰ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।

Check Also

ਜਸਟਿਸ ਅਰੁਣ ਪੱਲੀ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੇਂਦਰੀ ਜੇਲ੍ਹ ਦਾ ਨਿਰੀਖਣ

ਕੈਦੀਆਂ ਨਾਲ ਬਿਤਾਏ ਪਲ ਅਤੇ ਸੁਣੀਆਂ ਸਮੱਸਿਆਵਾਂ ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਮਾਨਯੋਗ ਜਸਟਿਸ …

Leave a Reply