Saturday, April 20, 2024

ਏਸ਼ੀਆ ਦੀ ਸਭ ਤੋ ਵੱਡੀ ਉੱਨ ਮੰਡੀ ਰਿਹਾ ਫ਼ਾਜਿਲਕਾ ਆਪਣੀ ਹੋਂਦ ਕਾਇਮ ਰੱਖਣ ਲਈ ਕਰ ਰਿਹਾ ਹੈ ਸੰਘਰਸ਼

PPN020801
ਫਾਜਿਲਕਾ, 2  ਅਗਸਤ (ਵਿਨੀਤ ਅਰੋੜਾ/ਸ਼ਾਇਨ ਕੁੱਕੜ) –  ਅੰਤਰਰਾਸ਼ਟਰੀ ਸਰਹੱਦ ‘ਤੇ ਵਸਿਆ ਸ਼ਹਿਰ ਫ਼ਾਜ਼ਿਲਕਾ ਜਿਸ ਨੂੰ ਭਾਵੇਂ ਜ਼ਿਲ੍ਹੇ ਦਾ ਦਰਜਾ ਤਾਂ ਮਿਲ ਚੁੱਕਿਆ ਹੈ, ਪਰ ਜ਼ਿਲ੍ਹੇ ਦਾ ਦਰਜਾ ਪਾਉਣ ਲਈ ਇਸਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਹਨ, ਕੀ ਕੁੱਝ ਖੋਹਿਆ ਹੈ, ਇਸ ਦਾ ਦਰਦ ਅੱਜ ਵੀ ਦੇਖਿਆ ਜਾ ਸਕਦਾ ਹੈ।ਜ਼ਿਲ੍ਹਾ ਬਣਨ ਤੋਂ ਬਾਅਦ ਵੀ ਆਪਣੀ ਹੋਂਦ ਕਾਇਮ ਰੱਖਣ ਲਈ ਫ਼ਾਜ਼ਿਲਕਾ ਸੰਘਰਸ਼ ਕਰ ਰਿਹਾ ਹੈ । ਉਦਯੋਗਿਕ ਇਕਾਈਆਂ ਤੋਂ ਸੱਖਣਾ ਫ਼ਾਜ਼ਿਲਕਾ ਕਦੇ ਉੱਨ ਦੀ ਮੰਡੀ ਹੋਇਆ ਕਰਦਾ ਸੀ । ਕੇਵਲ ਸੂਬਾ ਜਾ ਦੇਸ਼ ਹੀ ਨਹੀਂ ਬਲਕਿ ਸਮੁੱਚੇ ਏਸ਼ੀਆ ਵਿਚ ਮਸ਼ਹੂਰ ਫ਼ਾਜ਼ਿਲਕਾ ਦੀ ਉੱਨ ਮੰਡੀ ਦੇਸ਼ ਦੀ ਵੰਡ ਤੋਂ ਬਾਅਦ ਦੋਹੀਂ ਹੱਥੀ ਲੁੱਟੀ ਗਈ ।ਅੰਗਰੇਜ਼ੀ ਰਾਜ ਵੇਲੇ ਉਨ ਦੀ ਖ਼ੁਸ਼ਕ ਬੰਦਰਗਾਹ ਵਜੋਂ ਪ੍ਰਸਿੱਧ ਫ਼ਾਜ਼ਿਲਕਾ ਆਰਥਿਕ ਪੱਖੋਂ ਕਾਫ਼ੀ ਮਜ਼ਬੂਤ ਹੋਇਆ ਕਰਦਾ ਸੀ।ਕਰਾਚੀ ਦੀ ਬੰਦਰਗਾਹ ਤੋਂ ਲੈ ਕੇ ਯੂਰਪ ਤੱਕ ਫ਼ਾਜ਼ਿਲਕਾ ਤੋਂ ਉੱਨ ਦਾ ਵਪਾਰ ਹੁੰਦਾ ਸੀ।ਅੰਗਰੇਜ਼ੀ ਹਕੂਮਤ ਵੇਲੇ ਫ਼ਾਜ਼ਿਲਕਾ ਇੰਗਲੈਂਡ ਤੱਕ ਉਦਯੋਗਿਕ ਇਕਾਈਆਂ ਦਾ ਕੇਂਦਰ ਬਣ ਚੁੱਕਿਆ ਸੀ।ਫ਼ਾਜ਼ਿਲਕਾ ਦੇ ਲੋਕਾਂ ਨੂੰ ਉੱਨ ਦੀ ਕਲਾ ਵਿਚ ਕਾਫ਼ੀ ਮਹਾਰਥ ਹਾਸਲ ਸੀ । ਸੰਨ 1946 ਵਿਚ ਈਸਟ ਇੰਡੀਆ ਕੰਪਨੀ ਦੇ ਅਫ਼ਸਰ ਅੋਲੀਵਰ ਗਾਰਡਨ ਨੇ ਫ਼ਾਜ਼ਿਲਕਾ ‘ਚ ਅੋਲੀਵਰ ਮਾਰਕੀਟ ਦੀ ਸਥਾਪਨਾ ਕੀਤੀ ਸੀ।ਉਸ ਵੇਲੇ ਇੱਥੇ ਉੱਨ ਦੀਆਂ ਦੋ ਕਿਸਮਾਂ ਸਾਉਣੀ ਕਿਸਮ ਅਤੇ ਦੂਜੀ ਚੇਤਰੀ ਕਿਸਮ ।ਇਹ ਮੈਰੀਨੋ ਕਿਸਮ ਦੀ ਭੇਡ ਤੋਂ ਪ੍ਰਾਪਤ ਕੀਤੀ ਜਾਂਦੀ ਸੀ।ਜੋ ਕਿ ਲੰਮੇ ਰੇਸ਼ੇ ਵਾਲੀ ਹੁੰਦੀ ਸੀ ।ਵਪਾਰ ਲਈ ਦੂਰ ਦੂਰ ਤੋਂ ਵਪਾਰੀ ਵਰਗ ਨੂੰ ਸੱਦਾ ਦਿੱਤਾ ਗਿਆ ਸੀ ।ਜਿਸ ਵਿਚ ਮਾਰਵਾੜੀ ਪੇੜੀਵਾਲ, ਅਗਰਵਾਲ ਅਤੇ ਅਰੋੜਵੰਸ਼ ਆਦਿ ਜਾਤੀ ਦੇ ਲੋਕ ਸ਼ਾਮਲ ਸਨ ।ਫ਼ਾਜ਼ਿਲਕਾ ਦੇ ਚੱਲਦਿਆਂ ਹੀ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚ ਉੱਨ ਦੀਆਂ ਫ਼ੈਕਟਰੀਆਂ ਹੋਂਦ ਵਿਚ ਆਈਆਂ ਸਨ ।ਵੈਸਟ ਪੈਂਟੇਂਟ ਪ੍ਰੈੱਸ ਕੰਪਨੀ ਲਿਮਿਟਡ ਇਕ ਅਜਿਹੀ ਕੰਪਨੀ ਸੀ, ਜਿੱਥੇ ਉਨ ਦੇ ਕੱਚੇ ਮਾਲ ਦੀ ਪੈਕਿੰਗ ਕੀਤੀ ਜਾਂਦੀ ਸੀ।ਇੰਗਲੈਂਡ ਪੇਂਟੇਂਟ ਪ੍ਰੈੱਸ ਅਤੇ ਦੋ ਲੋਕ ਪ੍ਰੈੱਸ ਪ੍ਰਾਈਵੇਟ ਇੰਟਰਪ੍ਰਾਈਜੇਜ਼ ਜਿੱਥੋਂ ਗੰਢਾ ਤਿਆਰ ਹੋ ਕੇ ਲਿਵਰ ਪੁਲ, ਕਾਨਪੁਰ ਅਤੇ ਹੋਰ ਥਾਵਾਂ ਤੇ ਭੇਜੀਆਂ ਜਾਂਦੀਆਂ ਸਨ।ਫ਼ਾਜ਼ਿਲਕਾ ਤੋਂ ਬਣਿਆ ਮਾਲ ਮੁਲਤਾਨ, ਹਵੇਲੀ, ਮਿੰਟਗੁਮਰੀ, ਬਹਾਵਲਪੁਰ, ਬੀਕਾਨੇਰ ਵਿਖੇ ਭੇਜਿਆ ਜਾਂਦਾ ਸੀ । ਇਸ ਕਾਰੋਬਾਰ ਵਿਚ ਮਰਦਾਂ ਤੋਂ ਇਲਾਵਾ ਔਰਤਾਂ ਵੀ ਮਜ਼ਦੂਰੀ ਕਰਦੀਆਂ ਸਨ।ਫ਼ਾਜ਼ਿਲਕਾ ਦੇ ਬਜ਼ੁਰਗ ਦੱਸਦੇ ਹਨ ਕਿ ਕਿ ਕਾਲਜ ਰੋਡ ਤੇ ਸ਼ਿਵਪੁਰੀ ਦੇ ਨੇੜੇ ਇਕ ਵਿਸ਼ਾਲ ਮੈਦਾਨ ਹੁੰਦਾ ਸੀ।ਜਿੱਥੇ ਭੇਡਾਂ ਨੂੰ ਇਸ਼ਨਾਨ ਕਰਵਾਇਆ ਜਾਂਦਾ ਸੀ ਅਤੇ ਉੱਨ ਉਤਾਰੀ ਜਾਂਦੀ ਸੀ ।ਮੁਲਤਾਨੀ ਚੁੰਗੀ ਦੇ ਨੇੜੇ ਕੁਆਲਿਟੀ ਵਿਚ ਸੁਧਾਰ ਕਰਨ ਲਈ ਖੂਹ ‘ਤੇ ਉੱਨ ਨੂੰ ਧੋਇਆ ਜਾਂਦਾ ਸੀ ।ਇਹ ਕੰਮ ਕਰੀਬ ੫ ਏਕੜ ਰਕਬੇ ਵਿਚ ਕੀਤਾ ਜਾਂਦਾ ਸੀ।ਇਹੀ ਕਾਰਨ ਹੈ ਕਿ ਘੰਟਾ ਘਰ ਦੇ ਨੇੜੇ ਪੈਂਦੇ ਬਾਜ਼ਾਰ ਨੂੰ ਉੱਨ ਬਾਜ਼ਾਰ ਕਿਹਾ ਜਾਂਦਾ ਹੈ ।ਇਤਨੇ ਯਤਨ ਕਰਨ ਦੇ ਬਾਅਦ ਵੀ ਫ਼ਾਜ਼ਿਲਕਾ ਅੱਜ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰ ਰਿਹਾ ਹੈ।ਸਮਾਂ ਬਦਲਿਆ ਅਤੇ ਸਭ ਕੁੱਝ ਬਦਲ ਗਿਆ।ਕਦੇ ਵਪਾਰਿਕ ਪੱਖੋਂ ਇਕ ਨੰਬਰ ‘ਤੇ ਰਹੇ ਫ਼ਾਜ਼ਿਲਕਾ ਦੇ ਲੋਕ ਅੱਜ ਵੀ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕਰ ਰਹੇ ਹਨ ਕਿ ਫ਼ਾਜ਼ਿਲਕਾ ਇਲਾਕੇ ਅੰਦਰ ਉਦਯੋਗਿਕ ਇਕਾਈਆਂ ਸਥਾਪਿਤ ਕੀਤੀਆਂ ਜਾਣ ਤਾਂ ਜੋ ਫ਼ਾਜ਼ਿਲਕਾ ਦੀ ਹੋਂਦ ਕਾਇਮ ਰਹਿ ਸਕੇ ।ਇਲਾਕੇ ਦੇ ਬੁੱਧੀਜੀਵੀ ਲੋਕਾਂ ਦੀ ਮੰਗ ਹੈ ਕਿ ਫ਼ਾਜ਼ਿਲਕਾ ਸੈਕਟਰ ‘ਤੇ ਪੈਂਦੀ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਸਾਦਕੀ ਚੌਕੀ ਨੂੰ ਵਪਾਰ ਪੱਖੋਂ ਜੇਕਰ ਖੋਲ੍ਹ ਦਿੱਤਾ ਜਾਵੇ ਤਾਂ ਇਲਾਕੇ ਦੀ ਨੁਹਾਰ ਬਦਲੀ ਜਾ ਸਕਦੀ ਹੈ ਅਤੇ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਖੁੱਲ੍ਹ ਸਕਦੇ ਹਨ ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply