Thursday, April 25, 2024

ਟਰੂਡੋ ਦੇ ਭਾਰਤ ਦੌਰੇ ਦੌਰਾਨ ਸਰਕਾਰ ਵਲੋਂ ਵਿਖਾਈ ਗਈ ਬੇਰੁਖੀ ਕੂਟਨੀਤਕ ਖੁਸ਼ਕੀ – ਜੀ.ਕੇ

ਨਵੀਂ ਦਿੱਲੀ, 20 ਫਰਵਰੀ ਪੰਜਾਬ ਪੋਸਟ ਬਿਊਰੋ) – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਸਰਕਾਰ ਵੱਲੋਂ Manajit GKਵਿਖਾਈ ਗਈ ਬੇਰੁੱਖੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੂਟਨੀਤਕ ਖੁਸ਼ਕੀ ਕਰਾਰ ਦਿੱਤਾ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਮੀਡੀਆ ਨੂੰ ਜਾਰੀ ਬਿਆਨ ’ਚ ਭਾਰਤੀ ਵਿਦੇਸ਼ ਨੀਤੀ ’ਤੇ ਸਿਆਸੀ ਲੋਕਾਂ ਅਤੇ ਏਜੰਸੀਆਂ ਦੇ ਨਿਜ਼ੀ ਮੁਫਾਦ ਭਾਰੂ ਹੋਣ ਦਾ ਵੀ ਦਾਅਵਾ ਕੀਤਾ ਹੈ।ਜੀ.ਕੇ ਨੇ ਮੰਨਿਆ ਕਿ ਆਪਣੀ ਵਜ਼ਾਰਤ ’ਚ 4 ਸਿੱਖ ਮੰਤਰੀ ਰੱਖਣ ਵਾਲੇ ਟਰੂਡੋ ਦੀ ਸਰਕਾਰ ਨੂੰ ਵੱਖਵਾਦੀਆਂ ਦਾ ਸਮਰਥਕ ਬਿਨਾਂ ਤੱਥਾਂ ਦੇ ਸਾਬਿਤ ਕਰਨ ਦੀ ਹੋੜ ਲੱਗੀ ਹੋਈ ਹੈ।ਭਾਰਤ ਸਰਕਾਰ ਨੂੰ ਟਰੂਡੋ ਦਾ ਸਵਾਗਤ ਗਰਮਜ਼ੋਸ਼ੀ ਨਾਲ ਕਰਨਾ ਚਾਹੀਦਾ ਸੀ, ਕਿਉਂਕਿ ਕੈਨੇਡਾ ’ਚ ਵੱਡੀ ਗਿਣਤੀ ’ਚ ਪੰਜਾਬੀ ਅਤੇ ਗੁਜ਼ਰਾਤੀ ਸਵੈਮਾਨ ਨਾਲ ਜਿੰਦਗੀ ਜੀ ਰਹੇ ਹਨ।
ਜੀ.ਕੇ ਨੇ ਚਾਣਕਯ ਦੀ ਕੂਟਨੀਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਦੇਸ਼ ਅਤੇ ਸਮਾਜ਼ ’ਚ ਰਹਿਣ ਵਾਲੇ ਬੁਰੇ ਲੋਕਾਂ ਦੇ ਮਾੜੇ ਕਾਰਜਾਂ ਕਰਕੇ ਦੇਸ਼ ਦਾ ਉਨ੍ਹਾਂ ਨੁਕਸਾਨ ਨਹੀਂ ਹੁੰਦਾ, ਜਿਨ੍ਹਾਂ ਨੁਕਸਾਨ ਦੇਸ਼ ਦੇ ਸੱਜਣ ਅਤੇ ਸਮਰੱਥ ਲੋਕਾਂ ਦੇ ਚੁੱਪ ਧਾਰਣ ਕਰਨ ਨਾਲ ਹੁੰਦਾ ਹੈ।ਕੌਟਿਲਯਾ ਨੇ ਵੀ ਵਿਦੇਸ਼ ਨੀਤੀ ਦੇ ਲਈ ਕੂਟਨੀਤੀ ਦੇ 4 ਸਿਧਾਂਤਾਂ ਸਾਮ, ਦਾਮ, ਦੰਡ ਅਤੇ ਭੇਦ ਦੀ ਵਰਤੋ ਕਰਕੇ ਦੂਜੇ ਦੇਸ਼ਾਂ ਨਾਲ ਚੰਗੇ ਸੰਬੰਧ ਬਣਾਏ ਰਖਣ ਦੀ ਵਕਾਲਤ ਕੀਤੀ ਹੈ।ਇਸ ਕਰਕੇ ਟਰੂਡੋ ਨੂੰ ਵੱਖਵਾਦੀਆਂ ਦਾ ਸਮੱਰਥਕ ਦੱਸ ਕੇ ਕੈਨੇਡਾ ਦੇ ਨਾਲ ਜੋ ਸੰਬੰਧ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ, ਉਹ ਗਲਤ ਹੈ।
ਜੀ.ਕੇ ਨੇ ਕਿਹਾ ਕਿ ਸਾਡੇ ਦੇਸ਼ ’ਚ ਵੀ ਕੁੱਝ ਮੁੱਠੀ ਭਰ ਲੋਕ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੋਏ ਘੱਟਗਿਣਤੀ ਲੋਕਾਂ ਨੂੰ ਪਾਕਿਸਤਾਨ ਚਲੇ ਜਾਣ ਦੀ ਸਲਾਹ ਦਿੰਦੇ ਹਨ।ਇਸੇ ਤਰ੍ਹਾਂ ਹੀ ਕੈਨੇਡਾ ’ਚ ਕੁੱਝ ਮੁੱਠੀ ਭਰ ਲੋਕ ਖਾਲਿਸਤਾਨ ਦੀ ਗੱਲ ਕਰਦੇ ਹਨ।ਦੋਨੋਂ ਦੇਸ਼ ਲੋਕਤਾਂਤ੍ਰਿਕ ਦੇਸ਼ ਹਨ।ਇਸ ਕਰਕੇ ਕੁੱਝ ਲੋਕਾਂ ਦੀ ਰਾਇ ਨੂੰ ਦੇਸ਼ ਜਾ ਸਰਕਾਰ ਦੀ ਰਾਇ ਬਣਾਉਣਾ ਗਲਤ ਹੈ।ਜੇਕਰ ਸਾਡੀ ਸਰਕਾਰ ਕੁੱਝ ਲੋਕਾਂ ਦੀ ਗੱਲ ’ਤੇ ਕੈਨੇਡਾ ਸਰਕਾਰ ਨੂੰ ਦੋਸ਼ੀ ਮੰਨਦੀ ਹੈ ਤਾਂ ਇਸ ਰੁਝਾਨ ਨਾਲ ਦੂਜੇ ਮੁਲਕ ਵੀ ਭਾਰਤ ਸਰਕਾਰ ਨੂੰ ਹਿੰਦੂ ਰਾਸ਼ਟਰ ਦਾ ਹਮਾਇਤੀ ਦੱਸਣ ਲੱਗ ਪੈਣਗੇ।
ਜੀ.ਕੇ ਨੇ ਕਿਹਾ ਕਿ ਇੱਕ ਪਾਸੇ ਤਾਂ ਭਾਰਤ ਸਰਕਾਰ ਪਾਕਿਸਤਾਨ ਅਤੇ ਚੀਨ ਨਾਲ ਜੰਗੀ ਹਾਲਾਤਾਂ ਦੇ ਬਾਵਜੂਦ ਦੋਸ਼ਤੀ ਨਿਭਾਉਣ ਨੂੰ ਬਾਜਿੱਦ ਨਜ਼ਰ ਆਉਂਦੀ ਹੈ ਤੇ ਦੂਜੇ ਪਾਸੇ ਸਿੱਖਾਂ ਦੀ ਹਮਾਇਤੀ ਟਰੂਡੋ ਸਰਕਾਰ ਦੇ ਖਿਲਾਫ਼ ਕੂਟਨੀਤਿਕ ਬੇਰੂਖੀ ਸਮਝ ਤੋਂ ਬਾਹਰ ਹੈ।ਜੀ.ਕੇ ਨੇ ਦਾਅਵਾ ਕੀਤਾ ਕਿ ਸੁਰੱਖਿਆ ਏਜੰਸੀਆਂ ਸਿੱਖਾਂ ਨੂੰ ਵੱਖਵਾਦੀ ਸਾਬਿਤ ਕਰਨ ਦੇ ਏਜੰਡੇ ’ਤੇ ਲਗਾਤਾਰ ਚਲ ਰਹੀਆਂ ਹਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਬਿਨਾਂ ਤਥਾਂ ਦੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਖਿਲਾਫ਼ ਜ਼ਹਿਰ ਉਗਲਿਆ ਸੀ।ਪਰ ਜਦੋਂ ਸਿੱਖਾਂ ਨੇ ਕੈਪਟਨ ਦੀ ਇਸ ਮਸਲੇ ’ਤੇ ਖਿਚਾਈ ਸ਼ੁਰੂ ਕੀਤੀ ਤਾਂ ਪੰਜਾਬ ਪੁਲਿਸ ਨੇ ਸੂਤਰਾਂ ਦੇ ਹਵਾਲੇ ਤੋਂ ਚੋਣਵੇਂ ਮੀਡੀਆ ਅਦਾਰਿਆਂ ਪਾਸੋਂ ਪੰਜਾਬ ’ਚ ਕੈਨੇਡਾ ਤੋਂ ਅੱਤਵਾਦੀ ਫੰਡਿੰਗ ਦੀਆਂ ਖਬਰਾਂ ਛੱਪਵਾ ਦਿੱਤੀਆਂ।
ਜੀ.ਕੇ ਨੇ ਕੈਪਟਨ ਨੂੰ ਸਵਾਲ ਪੁੱਛਿਆ ਕਿ ਜੇਕਰ ਕੈਨੇਡਾ ਤੋਂ ਪੰਜਾਬ ’ਚ ਅੱਤਵਾਦ ਭੜਕਾਉਣ ਵਾਸਤੇ ਕਿਸੇ ਫਡਿੰਗ ਦੇ ਪੰਜਾਬ ਪੁਲਿਸ ਕੋਲ ਸਬੂਤ ਸਨ ਤਾਂ ਪੰਜਾਬ ਪੁਲਿਸ ਨੇ ਖੁਦ ਉਸ ਨੂੰ ਲੋਕਾਂ ਦੇ ਸਾਹਮਣੇ ਜਨਤਕ ਕਰਨ ਤੋਂ ਪਾਸਾ ਕਿਉਂ ਵੱਟਿਆ ਸੀ? ਜੇਕਰ ਸੱਜਣ ਦੇ ਖਾਲਿਸਤਾਨ ਸਮੱਰਥਕਾਂ ਨਾਲ ਸਬੰਧ ਹਨ ਤਾਂ ਫਿਰ ਕੈਪਟਨ ਟਰੂਡੋ ਨੂੰ ਮਿਲਣ ਵਾਸਤੇ ਤਰਲੋਮੱਛੀ ਕਿਉਂ ਹਨ।ਜੀ.ਕੇ ਨੇ ਕਿਹਾ ਕਿ ਕੈਨੇਡਾ ਦੀ ਸਰਕਾਰ ਨੇ ਹਮੇਸ਼ਾ ਸਿੱਖਾਂ ਦਾ ਦਿਲ ਜਿਤਿਆ ਹੈ।ਚਾਹੇ ਗੱਲ 100 ਸਾਲ ਬਾਅਦ ਕਾਮਾਗਾਟਾਮਾਰੂ ਦੀ ਘਟਨਾ ਲਈ ਮੁਆਫੀ ਮੰਗਣ ਦੀ ਹੋਵੇ ਜਾਂ ਓਨਟੋਰਿਓ ਵਿਧਾਨ ਸਭਾ ’ਚ 1984 ਸਿੱਖ ਕਤਲੇਆਮ ਨੂੰ ਨਸ਼ਲਕੁਸ਼ੀ ਕਰਾਰ ਦੇਣ ਦਾ ਮਾਮਲਾ ਹੋਵੇ।ਜੀ.ਕੇ ਨੇ ਕਿਹਾ ਕਿ ਬਰਤਾਨੀਆਂ ਦੀ ਮਹਾਰਾਣੀ ਨੇ ਅੱਜ ਤਕ ਜਲਿਆਵਾਲਾ ਬਾਗ ਦੇ ਸਾਕੇ ਲਈ ਮੁਆਫੀ ਨਹੀਂ ਮੰਗੀ ਅਤੇ ਨਾ ਹੀ ਭਾਰਤ ਦੀ ਸੰਸਦ ਨੇ 1984 ਸਿੱਖ ਕਤਲੇਆਮ ਨੂੰ ਨਸ਼ਲਕੁਸ਼ੀ ਮੰਨਦੀ ਹੈ।ਇਸ ਲਈ ਸਾਨੂੰ ਤੰਗ ਸੋਚ ਵਿਖਾਉਣ ਦੀ ਥਾਂ ਟਰੂਡੋ ਦੀ ਭਾਰਤ ਫੇਰੀ ਨੂੰ ਇਤਿਹਾਸਿਕ ਬਣਾਉਣ ਵਾਸਤੇ ਯਤਨ ਕਰਨੇ ਚਾਹੀਦੇ ਹਨ।ਕੈਨੇਡਾ ’ਚ ਵੱਸਦੇ ਕੁੱਝ ਵੱਖਵਾਦੀ ਸਮਰਥਕਾਂ ਕਰਕੇ ਸਾਰੇ ਸਿੱਖਾਂ ਨੂੰ ਵੱਖਵਾਦੀ ਦੱਸਣ ਦੀ ਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਨਾਲ ਹੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਪ੍ਰਵਾਸ਼ੀ ਸਿੱਖਾਂ ਨੂੰ ਖਾਲਿਸਤਾਨੀ ਦੱਸਣ ਦੇ ਰੁਝਾਣ ਨੂੰ ਬੰਦ ਕਰਨਾ ਚਾਹੀਦਾ ਹੈ।ਜੀ.ਕੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੇ ਗੁਜ਼ਰਾਤ ਦਾ ਮੁੱਖ ਮੰਤਰੀ ਰਹਿਣ ਦੌਰਾਨ ਅਮਰੀਕਾ ਨੇ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।ਪਰ ਪ੍ਰਧਾਨ ਮੰਤਰੀ ਬਣਨ ਉਪਰੰਤ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਫੇਰੀ ’ਤੇ ਆਏ ਸਨ ਤਾਂ ਮੋਦੀ ਖੁਦ ਪ੍ਰੋਟੋਕਾਲ ਤੋੜ ਕੇ ਓਬਾਮਾ ਨੂੰ ਲੈਣ ਏਅਰਪੋਰਟ ਗਏ ਸਨ।ਜਿਸ ਦੀ ਸਾਰੀ ਦੁਨੀਆਂ ਨੇ ਸਲਾਘਾ ਕੀਤੀ ਸੀ।ਇਸ ਲਈ ਸਿਆਸੀ ਜਾਂ ਨਿੱਜ਼ੀ ਮੁਫਾਦ ਲਈ ਦੇਸ਼ ਦੀ ਕੂਟਨੀਤੀ ਨੂੰ ਢਾਹ ਲਾਉਣ ਤੋਂ ਬਚਣਾ ਚਾਹੀਦਾ ਹੈ।

Check Also

1525 ਵਿੱਚੋਂ 596 ਸ਼ਰਧਾਲੂਆਂ ਨੂੰ ਵੀਜੇ ਨਾ ਦੇਣੇ ਮੰਦਭਾਗੀ ਕਾਰਵਾਈ- ਸਕੱਤਰ ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਸਾਜਣਾ ਦਿਵਸ ਸਬੰਧੀ 13 ਅਪ੍ਰੈਲ ਨੂੰ ਪਾਕਿਸਤਾਨ ਜਾਵੇਗਾ ਸਿੱਖ ਜਥਾ ਅੰਮ੍ਰਿਤਸਰ, …

Leave a Reply