Thursday, March 28, 2024

ਕੈਬਨਿਟ ਮੀਟਿੰਗ ਵਿਚ ਐਨ. ਚ. ਸੀ ਲਈ ਸਮਾਂ ਸੀਮਾ ਵਧਾ ਦਿੱਤੀ ਜਾਵੇਗੀ- ਜੋਸ਼ੀ

ਗੈਰ ਕਾਨੂੰਨੀ ਪਲਾਟ ਧਾਰਕਾਂ ਨੂੰ ਦਿੱਤੀ ਜਾਵੇਗੀ ਹੋਰ ਮੋਹਲਤ

PPN05081409

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ)-‘ਹੁਣ ਜਿਹੜੀ ਵੀ ਕੈਬਨਿਟ ਦੀ ਮੀਟਿੰਗ ਹੋਈ, ਉਸ ਵਿਚ ਐਨ ਓ ਸੀ ਲਈ ਸਮਾਂ ਸੀਮਾ ਵਧਾ ਦਿੱਤੀ ਜਾਵੇਗੀ, ਪਰ ਇਹ ਵਾਧਾ ਇਕ ਤਰਾਂ ਗੈਰ ਕਾਨੂੰਨੀ ਪਲਾਟ ਧਾਰਕਾਂ ਨੂੰ ਸਮੇਂ ਦੀ ਹੋਰ ਮੋਹਲਤ ਦੇਣ ਤੱਕ ਸੀਮਤ ਹੋਵੇਗਾ, ਨਾ ਕਿ ਕਿਸੇ ਤਰਾਂ ਦੀ ਮੁਆਫੀ।’ ਉਕਤ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਵਿਚ ਹੜਤਾਲ ‘ਤੇ ਬੈਠੇ ਵਸੀਕਾ ਨਵੀਸਾ ਨਾਲ ਮੀਟਿੰਗ ਕਰਦਿਆਂ ਕੀਤਾ। ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਕਾਲੋਨੀਆਂ ਵਿਚ ਰਹਿ ਰਹੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਇਹ ਕਾਨੂੰਨ ਲਿਆਂਦਾ ਸੀ, ਜਿਸ ਵਿਚ ਨਕਸ਼ਾ ਪਾਸ ਕਰਵਾਉਣ ਮੌਕੇ ਲਏ ਜਾਂਦੇ ਵਿਕਾਸ ਫੰਡ ਨਾਲੋਂ ਬਹੁਤ ਜ਼ਿਆਦਾ ਘੱਟ ਸੀ, ਪਰ ਬਹੁਤੇ ਲੋਕਾਂ ਨੇ ਇਸ ਨੂੰ ਗਲਤ ਸਮਝਦੇ ਹੋਏ ਇਸ ਦਾ ਵਿਰੋਧ ਕੀਤਾ ਅਤੇ ਪੈਸੇ ਵੀ ਜਮਾ ਨਹੀਂ ਕਰਵਾਏ। ਉਨ੍ਹਾਂ ਕਿਹਾ ਕਿ ਜਿਹੜੇ ਸੂਝਵਾਨ ਲੋਕਾਂ ਨੇ ਇਸ ਮੌਕੇ ਦਾ ਲਾਹਾ ਲੈਂਦੇ ਆਪਣੀ ਨਾਮਾਤਰ ਬਣਦੀ ਫੀਸ ਜਮਾ ਕਰਵਾ ਦਿੱਤੀ ਸੀ, ਉਨ੍ਹਾਂ ਨੂੰ ਵਿਭਾਗ ਨੇ ਐਨ ਓ ਸੀ ਜਾਰੀ ਕਰ ਦਿੱਤੇ ਹਨ, ਪਰ ਜਿਹੜੇ ਲੋਕਾਂ ਨੇ ਫੀਸ ਹੀ ਨਹੀਂ ਜਮਾ ਕਰਵਾਈ, ਉਨ੍ਹਾਂ ਨੂੰ ਐਨ ਓ ਸੀ ਮਿਲਣ ਦਾ ਸਵਾਲ ਹੀ ਨਹੀਂ ਹੈ।
ਸ੍ਰੀ ਜੋਸ਼ੀ ਨੇ ਕਿਹਾ ਕਿ ਇਹ ਸਕੀਮ ਗੈਰ ਕਾਨੂੰਨੀ ਕਾਲੋਨੀਆਂ ਅਤੇ ਪਲਾਟਾਂ ਨੂੰ ਮਾਨਤਾ ਦੇਣ ਲਈ ਬਣਾਈ ਗਈ ਹੈ, ਜਿਸ ਵਿਚ ਪਹਿਲਾਂ ਲਏ ਜਾਂਦੇ ਵਿਕਾਸ ਫੰਡਾਂ ਨਾਲੋਂ ਬਹੁਤ ਜ਼ਿਆਦਾ ਘੱਟ ਫੀਸ ਲੈ ਕੇ ਸਰਕਾਰ ਪ੍ਰਵਾਨਗੀ ਦੇ ਰਹੀ ਹੈ, ਜਿਸ ਨਾਲ ਸਰਕਾਰ ਦੇ ਖਜ਼ਾਨੇ ‘ਤੇ ਵੀ ਵੱਡਾ ਬੋਝ ਪਿਆ ਹੈ। ਪਰ ਸਾਰੇ ਲੋਕਾਂ ਨੇ ਇਸ ਦਾ ਲਾਹਾ ਨਹੀਂ ਲਿਆ। ਉਨ੍ਹਾਂ ਵਸੀਕਾ ਨਵੀਸਾ ਨੂੰ ਭਰੋਸਾ ਦਿੱਤਾ ਕਿ ਕੱਲ ਹੋਣ ਵਾਲੀ ਕੈਬਨਿਟ ਮੀਟਿੰਗ, ਜੋ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਨਾ ਟਾਲੇ ਜਾ ਸਕਣ ਵਾਲੇ ਰੁਝੇਵਿਆਂ ਕਾਰਨ ਅੱਗੇ ਪਈ ਹੀ, ਵਿਚ ਐਨ ਓ  ਸੀ ਲੈਣ ਲਈ ਸਮਾਂ ਸੀਮਾ ਵਧਾਉਣ ਵਾਸਤੇ ਫੈਸਲਾ ਲੈ ਲਿਆ ਜਾਵੇਗਾ।
ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਉਹ ਇਸ ਬਾਬਤ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨਾਲ ਵਿਸਥਾਰ ਵਿਚ ਗੱਲਬਾਤ ਕਰ ਚੁੱਕੇ ਹਨ ਅਤੇ ਉਹ ਇਸ ਸਬੰਧੀ ਆਪਣੀ ਸਹਿਮਤੀ ਵੀ ਦੇ ਚੁੱਕੇ ਹਨ। ਉਨਾਂ ਦੱਸਿਆ ਕਿ ਪਰਸੋਂ ਅੰਮ੍ਰਿਤਸਰ ਦੌਰੇ ‘ਤੇ ਆਏ ਸ. ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੇ ਉਸ ਦਿਨ ਵੀ ਗੱਲ ਕੀਤੀ ਸੀ ਅਤੇ ਉਹ ਇਹ ਸਕੀਮ ਵਧਾਉਣ ਲਈ ਸਹਿਮਤ ਹਨ। ਉਨ੍ਹਾਂ ਵਸੀਕਾ ਨਵੀਸਾ ਨੂੰ ਭਰੋਸਾ ਦਿੱਤਾ ਕਿ ਆ ਰਹੀ ਕੈਬਨਿਟ ਮੀਟਿੰਗ ਵਿਚ ਇਹ ਸੀਮਾ ਹਰ ਹਾਲਤ ਵਿਚ ਵਧਾ ਦਿੱਤੀ ਜਾਵੇਗੀ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply