Friday, March 29, 2024

ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ-ਰੋਜਾ ਸੈਮੀਨਾਰ ਆਰੰਭ

ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) -ਪੰਜਾਬ ਸਰਕਾਰ ਅਤੇ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ, ਵਾਈਸ ਚਾਂਸਲਰ, ਗੁਰੂ ਨਾਨਕ ਦੇਵ PPN3003201808ਯੂਨੀਵਰਸਿਟੀ ਦੁਆਰਾ ਸਿੰਡੀਕੇਟ ਦੀ ਮੀਟਿੰਗ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਧਾਰਮਿਕ ਅਤੇ ਅਕਾਦਮਿਕ ਸੰਸਥਾਵਾਂ ਵਿੱਚ ਵੱਡੇ ਪੱਧਰ ਤੇ ਮਨਾਉਣ ਲਈ ਯਤਨ ਆਰੰਭੇ ਗਏ ਹਨ। ਇਨ੍ਹਾਂ ਵਿੱਚੋਂ ਗੁਰੂ ਨਾਨਕ ਅਧਿਐਨ ਵਿਭਾਗ ਵਿੱੱਚ ਡੀ.ਆਰ.ਸੀ-2 ਯੂ.ਜੀ.ਸੀ (ਸੈਪ) ਸਕੀਮ ਅਧੀਨ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ‘ਗੁਰੂ ਨਾਨਕ ਅਤੇ ਸਿੱਖ ਧਰਮ ਵਿੱਚ ਗੁਰਿਆਈ ਦਾ ਸਰੂਪ’ ਵਿਸ਼ੇ ਤੇ 30-31 ਮਾਰਚ, 2018 ਨੂੰ ਕਰਵਾਇਆ ਜਾ ਰਿਹਾ ਹੈ। ਇਹ ਸੈਮੀਨਾਰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀ ਲੜੀ ਦਾ ਪਹਿਲਾ ਸੈਮੀਨਾਰ ਹੈ, ਜਿਸ ਵਿੱਚ ਸਾਨੂੰ ਕੁੱਲ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਕੁੱਲ 24 ਰਿਸਰਚ ਪੇਪਰ ਪ੍ਰਾਪਤ ਹੋਏ ਹਨ। ਅੱਜ ਦੇ ਇਸ ਸੈਮੀਨਾਰ ਵਿੱਚ ਸਵਾਗਤੀ ਸ਼ਬਦ ਪ੍ਰੋ. ਅਮਰਜੀਤ ਸਿੰਘ, ਮੁਖੀ, ਗੁਰੂ ਨਾਨਕ ਅਧਿਐਨ ਵਿਭਾਗ, ਉਦਘਾਟਨੀ ਸ਼ਬਦ ਪ੍ਰੋ. ਕਮਲਜੀਤ ਸਿੰਘ, ਡੀਨ ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਕੁੰਜੀਵਤ ਭਾਸ਼ਣ ਪ੍ਰੋਫ਼ੈਸਰ ਸੁਲੱਖਣ ਸਿੰਘ, ਸਾਬਕਾ ਮੁਖੀ, ਹਿਸਟਰੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨਗੀ ਭਾਸ਼ਣ ਪ੍ਰੋਫ਼ੈਸਰ ਬਲਵੰਤ ਸਿੰਘ ਢਿੱਲੋਂ, ਸਾਬਕਾ ਪ੍ਰੋਫੈਸਰ, ਗੁਰੂ ਨਾਨਕ ਅਧਿਐਨ ਵਿਭਾਗ ਅਤੇ ਸਾਬਕਾ ਡਾਇਰੈਕਟਰ, ਸ੍ਰੀ ਗੁਰੂ ਗ੍ਰੰਥ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੇਸ਼ ਕੀਤੇ ਗਏ।
    ਸੈਮੀਨਾਰ ਦਾ ਉਦਘਾਟਨੀ ਸੈਸ਼ਨ 30 ਮਾਰਚ ਨੂੰ ਸਵੇਰੇ 10:30ਵਜੇ ਆਰੰਭ ਹੋਇਆ ਪ੍ਰੋ. ਅਮਰਜੀਤ ਸਿੰਘ, ਮੁਖੀ, ਗੁਰੂ ਨਾਨਕ ਅਧਿਐਨ ਵਿਭਾਗ ਨੇ ਸੈਮੀਨਾਰ ਵਿਚ ਵਿਭਾਗੀ ਸ਼ਬਦਾਂ ਵਿੱਚ ਦੱਸਿਆ ਕਿ ਇਹ ਸੈਮੀਨਾਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਹਿੱਤ ਵਿਚ ਰੱਖਦੇ ਹੋਏ ਅਯੋਜਿਤ ਕੀਤਾ ਗਿਆ ਹੈ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਇਕ ਨਵਾਂ ਧਰਮ ਚਲਾਏ ਜਾਣ ਪਿੱਛੇ ਜਾਂ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹੋਰ ਘਟਨਾਵਾਂ ਸੰਬੰਧੀ ਜੋ ਸ਼ੰਕੇ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਉਪਰ ਸੰਵਾਦ ਕਰਨ ਲਈ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਰਿਸਰਚ ਪੇਪਰ ਅਨੇਕ ਵਿਦਵਾਨਾਂ ਦੁਆਰਾ ਲਿਖਵਾਏ ਗਏ ਹਨ। ਪੋ੍ਰ. ਕਮਲਜੀਤ ਸਿੰਘ, ਡੀਨ ਅਕਾਦਮਿਕ ਮਾਮਲੇ ਨੇ ਸੈਮੀਨਾਰ ਦਾ ਉਦਘਾਟਨੀ ਭਾਸ਼ਣ ਦਿੰਦਿਆਂ ਹੋਇਆਂ ਦੱਸਿਆ ਕਿ ਸਿੱਖ ਧਰਮ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭ ਕੀਤਾ ਗਿਆ, ਜਿਸ ਦਾ ਕਿਸੇ ਦੁਆਰਾ ਕਿਸੇ ਕਿਸਮ ਦਾ ਕੋਈ ਵੀ ਵਿਵਾਦ ਨਹੀਂ ਹੁੰਦਾ ਅਤੇ ਇਹ ਆਧੁਨਿਕ ਸਮੇਂ ਦੌਰਾਨ ਵੀ ਸਮੁੱਚੇ ਸੰਸਾਰ ਦੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਗੁਰਬਾਣੀ ਦਾ ਅਜਿਹਾ ਤਰਜ਼ਮਾ ਕਰਨ ਦੀ ਲੋੜ ਨੂੰ ਮਹਿਸੂਸ ਕਰਦਿਆਂ ਕਿਹਾ ਕਿ ਇਹ ਤਰਜ਼ਮਾ ਕਿਸੇ ਦੇ ਨਿੱਜੀ ਹਿੱਤਾਂ ਦੀ ਪੂਰਤੀ ਕਰਨ ਦੀ ਬਜਾਇ ਸਹੀ ਵਿਆਖਿਆ ਨੂੰ ਪੇਸ਼ ਕਰ ਸਕਣ ਦੇ ਯੋਗ ਹੋਵੇ।
    ਪ੍ਰੋ. ਸੁਲੱਖਣ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਸਥਿਤੀ, ਗੁਰੂ ਨੂੰ ਸਥਾਪਿਤ ਕਰਨ ਅਤੇ ਇਕ ਨਿਰਮਲ ਪੰਥ ਚਲਾਉਣ ਅਤੇ ਗੁਰੂ ਸੰਸਥਾ ਜੋ ਕਿ ਸਿੱਖ ਧਰਮ ਦੀ ਆਧਾਰ ਸੰਸਥਾ ਵਜੋਂ ਰਹਿਨੁਮਾਈ ਕਰ ਰਹੀ ਹੈ, ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਗੁਰਿਆਈ ਦੀ ਚੋਣ ਸਮੇਂ ਦੀ ਤਕਨੀਕ ਨੂੰ ਅਮਲੀ ਰੂਪ ਦਿੱਤਾ। ਇਸ ਤੋਂ ਇਲਾਵਾ ਸਿੱਖ ਇਤਿਹਾਸ ਨਾਲ ਸੰਬੰਧਿਤ ਜੋ ਲਿਖਤਾਂ ਮਿਲਦੀਆਂ ਹਨ ਉਹ ਸਿੱਖ ਧਰਮ ਦੇ ਗੁਰਿਆਈ ਦੇ ਸਿਧਾਂਤ ਨੂੰ ਸਮਝਾਉਣ ਵਿਚੋਂ ਸਹਾਇਕ ਸਿੱਧ ਹੋ ਰਹੀਆਂ ਹਨ। ਪ੍ਰੰਤੂ ਫਿਰ ਵੀ ਇਸ ਸਿਧਾਂਤ ਦੇ ਵਿਸ਼ੇ ਦੀ ਖੋਜ ਸਿੱਖ ਧਰਮ ਦੇ ਸਮਕਾਲੀ ਸਰੋਤਾਂ ਦੁਆਰਾ ਕਰਨ ਦੀ ਲੋੜ ਤੇ ਜੋਰ ਦਿੱਤਾ। ਗੁਰੂ ਨਾਨਕ ਦੇਵ ਜੀ ਦੁਆਰਾ ਗੁਰਿਆਈ ਲਈ ਪਰਿਵਾਰ ਨੂੰ ਵਧੇਰੇ ਮਹੱਤਵ ਨਾ ਦੇ ਕੇ ਨਿਰਪੱਖ ਚੋਣ ਯੋਗਤਾ ਦੇ ਆਧਾਰ ਤੇ ਕਰਨ ਦੀ ਜੋ ਮਰਿਯਾਦਾ ਕਾਇਮ ਕੀਤੀ ਗਈ ਉਸਨੂੰ ਬਾਅਦ ਵਾਲੇ ਸਿੱਖ ਗੁਰੂ ਸਾਹਿਬਾਨ ਦੁਆਰਾ ਪੂਰੀ ਦ੍ਰਿੜ੍ਹਤਾ ਨਾਲ ਨਿਭਾਇਆ ਗਿਆ। ਗੁਰੂ ਨਾਨਕ ਦੇਵ ਜੀ ਨੇ ਪ੍ਰਮਾਤਮਾ ਅਤੇ ਸ਼ਬਦ ਨੂੰ ਗੁਰੂ ਦੇ ਰੂਪ ਵਿਚ ਪ੍ਰਵਾਨ ਕੀਤਾ। ਸਿੱਖ ਗੁਰੂ ਸਾਹਿਬਾਨ ਵਿਚ ਵੀ ਗੁਰਿਆਈ ਦੇ ਸਮੇਂ ਰੂਪ ਤਾਂ ਬੇਸ਼ੱਕ ਬਦਲਦਾ ਰਿਹਾ ਹੈ ਪ੍ਰੰਤੂ ਜੋਤ ਸਾਰਿਆਂ ਵਿਚ ਇਕ ਹੀ ਵਿਦਮਾਨ ਰਹੀ ਹੈ।
    ਪ੍ਰੋ. ਬਲਵੰਤ ਸਿੰਘ ਢਿੱਲੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚੋਂ ਗੁਰਿਆਈ ਦੇ ਅਨੇਕ ਪੱਖਾਂ ਦੀ ਗੱਲ ਕਰਦਿਆਂ ਹੋਇਆਂ ਗੁਰੂ ਨਾਨਕ ਦੇਵ ਜੀ ਦੁਆਰਾ ਅਕਾਲ ਪੁਰਖ ਅਤੇ ਸ਼ਬਦ ਨੂੰ ਗੁਰੂ ਦੀ ਪਦਵੀ ਦਿੱਤੀ ਹੈ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਹਿਸਟਰੀ ਵਿਚ ਦੇਖਣ ਅਤੇ ਧਰਮ ਮੀਮਾਂਸਾ ਵਿਚੋਂ ਦੇਖਣ ਵਿਚ ਫਰਕ ਮਹਿਸੂਸ ਕਰਦਿਆਂ ਧਰਮ ਮੀਮਾਂਸਕਾਂ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਮ ਸੰਬੰਧਿਤ ਵੱਖ-ਵੱਖ ਘਟਨਾਵਾਂ ਦੀ ਕਲਪਨਾ ਕੀਤੀ ਗਈ ਹੈ।ਗੁਰੂ ਨਾਨਕ ਦੇਵ ਜੀ ਨੂੰ ਹਿੰਦੂਆਂ ਦੇ ਗੁਰੂ, ਮੁਸਲਮਾਨਾਂ ਦੇ ਪੀਰ  ਅਤੇ ਦੀਨ ਦੁਨੀ ਦੇ ਪਾਤਸ਼ਾਹ ਵਜੋਂ ਸਵੀਕ੍ਰਿਤੀ ਦਿੱਤੀ ਗਈ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਆਪਣੇ ਆਪ ਨੂੰ ਪਰਮਾਤਮਾ ਦੀ ਅਧੀਨਤਾ ਵਿੱਚ ਵੀ ਸਵੀਕਾਰ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ ਨੂੰ ਦਿੱਤੇ ਗਏ ਸੰਸਥਾਵੀ ਰੂਪ ਦੇ ਮਹੱਤਵ ਨੂੰ ਪੇਸ਼ ਕਰਦਿਆਂ ਉਨ੍ਹਾਂ ਦੁਆਰਾ ਦਿੱਤੇ ਗਏ ਕਿਰਤ ਕਰਨ, ਵੰਡ ਛਕਣ ਅਤੇ ਸਰਬੱਤ ਦੇ ਭਲੇ ਦੇ ਸਿਧਾਂਤਾਂ ਨੂੰ ਲੋਕ ਹਿੱਤਕਾਰੀ ਵੀ ਮੰਨਿਆ।ਉਨ੍ਹਾਂ ਦੀ ਅਦੁੱਤੀ ਦੇਣ ਵਰਤਮਾਨ ਸਮੇਂ ਦੌਰਾਨ ਵੀ ਸਮੁੱਚੀ ਮਾਨਵਤਾ ਦੇ ਜੀਵਨ ਦੀ ਅਗਵਾਈ ਕਰ ਰਹੀ ਹੈ।ਡਾ. ਮਨਵਿੰਦਰ ਸਿੰਘ ਕੋਆਰਡੀਨੇਟਰ ਸੈਪ ਡੀ.ਆਰ.ਸੀ-2 ਨੇ ਉਦਘਾਟਨੀ ਸ਼ੈਸ਼ਨ ਦੇ ਅੰਤ ਵਿੱਚ ਸੈਮੀਨਾਰ ਆਏ ਹੋਏ ਡੈਲੀਗੇਟਸ ਅਤੇ ਪਰਚੇ ਲਿਖਣ ਵਾਲੇ ਵਿਦਵਾਨਾਂ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply