Friday, April 19, 2024

ਪਤੀ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

PPN08081410

ਫ਼ਾਜਿਲਕਾ, 8 ਅਗਸਤ (ਵਿਨੀਤ ਅਰੋੜਾ) –  ਉਪ ਮੰਡਲ ਦੇ ਪਿੰਡ ਚੱਕ ਬਲੋਚਾ ਵਾਲਾ ਦੇ ਨਜ਼ਦੀਕ ਪੈਂਦੀ ਢਾਣੀ ਪ੍ਰੇਮ ਸਿੰਘ ਵਾਲਾ ਵਿਖੇ ਬੀਤੀ ਰਾਤ ਨੂੰ ਸੁੱਤੀ ਪਈ ਆਪਣੀ ਪਤਨੀ ਨੂੰ ਪਤੀ ਵੱਲੋਂ ਕੁਹਾੜੀ ਨਾਲ ਵੱਢ ਕੇ ਕਤਲ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਅੱਜ ਸਵੇਰੇ ਜਿਵੇਂ ਹੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਡੀ.ਐੱਸ.ਪੀ. ਅਜਮੇਰ ਸਿੰਘ ਬਾਠ ਅਤੇ ਥਾਣਾ ਸਦਰ ਦੇ ਐੱਸ.ਐੱਚ.ਓ. ਜਸਵੰਤ ਸਿੰਘ ਸੈਣੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪਹੁੰਚ ਗਏ ਅਤੇ ਇਸ ਸਬੰਧੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਇਸ ਸਬੰਧੀ ਮ੍ਰਿਤਕ ਸ਼ੀਲੋ ਬਾਈ (48) ਦੇ ਪੁੱਤਰ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸਦੇ ਪਿਤਾ ਬਲਵੀਰ ਸਿੰਘ ਨੇ ਕੱਲ੍ਹ ਦੇਰ ਸ਼ਾਮ ਨੂੰ ਮੇਰੀ ਮਾਂ ਨੂੰ ਕਹਿ ਕੇ ਚਾਵਲ ਬਣਵਾਏ ਸਨ, ਜਿਸ ਵਿਚ ਮੇਰੇ ਪਿਤਾ ਨੇ ਕੋਈ ਨਸ਼ੀਲੀ ਚੀਜ਼ ਪਾ ਦਿੱਤੀ ਸੀ, ਇਹ ਚਾਵਲ ਅਸੀਂ ਸਾਰੇ ਪਰਿਵਾਰ ਨੇ ਖਾਧੇ ਸਨ, ਜਦਕਿ ਮੇਰੇ ਪਿਤਾ ਨੇ ਆਪਣੇ ਮੂੰਹ ਵਿਚ ਜ਼ਖ਼ਮ ਹੋਣ ਦਾ ਬਹਾਨਾ ਲਗਾ ਕੇ ਇਹ ਚਾਵਲ ਨਹੀਂ ਖਾਧੇ ਸਨ ਪਰ ਬਾਕੀ ਪਰਿਵਾਰਕ ਮੈਂਬਰਾਂ ਵੱਲੋਂ ਇਹ ਚਾਵਲ ਖਾਣ ਕਾਰਨ ਉਨ੍ਹਾਂ ਨੂੰ ਰਾਤ ਗੁੜ੍ਹੀ ਨੀਂਦ ਆ ਗਈ ਸੀ। ਰਾਤ ਨੂੰ ਮੇਰੇ ਪਿਤਾ ਬਲਵੀਰ ਸਿੰਘ ਨੇ ਆਪਣੇ ਪਿਤਾ ਫੌਜਾ ਸਿੰਘ, ਮਾਂ ਕੁਸ਼ੱਲਿਆ ਬਾਈ, ਭਰਾ ਵਜੀਰ ਸਿੰਘ ਅਤੇ ਕਰਨੈਲ ਸਿੰਘ ਨਾਲ ਮਿਲ ਕੇ ਮੇਰੀ ਮਾਂ ਸ਼ੀਲੋ ਬਾਈ ਜੋ ਕਿ ਸੁੱਤੀ ਪਈ ਸੀ ਉਸ ‘ਤੇ ਕੁਹਾੜੀ ਨਾਲ ਵਾਰ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਸਾਨੂੰ ਕੁਝ ਸਮੇਂ ਬਾਅਦ ਮੇਰੀ ਮਾਂ ਖੂਨ ਨਾਲ ਲੱਥ ਪੱਥ ਹੋਈ ਦੇਖਿਆ ਤਾਂ ਉਸ ਸਮੇਂ ਉਸਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਸ਼ੀਲੋ ਬਾਈ ਦੇ ਬੇਟੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਬਲਵੀਰ ਸਿੰਘ ਜੋ ਦਿਹਾੜੀ ਕਰਕੇ ਪੈਸੇ ਕਮਾਉਂਦਾ ਸੀ ਉਹ ਸਾਰੇ ਪੈਸੇ ਆਪਣੇ ਪਿਤਾ ਫੌਜਾ ਸਿੰਘ ਨੂੰ ਦੇ ਦਿੰਦਾ ਸੀ। ਬਲਵਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਮੇਰੇ ਪਿਤਾ ਬਲਵੀਰ ਸਿੰਘ ਜੋ ਕਿ ਚਾਰ ਭਰਾ ਹਨ ਅਤੇ ਸੁਰਜੀਤ ਸਿੰਘ ਤੇ ਬਲਵੀਰ ਸਿੰਘ ਨੂੰ ਮੇਰੇ ਦਾਦੇ ਨੇ ਆਪਣੀ ਜਮੀਨ ਵਿਚੋਂ ਕੋਈ ਹਿੱਸਾ ਨਹੀਂ ਦਿੱਤਾ ਸੀ ਜਦਕਿ ਮੇਰੇ ਚਾਚੇ ਵਜੀਰ ਸਿੰਘ ਤੇ ਕਰਨੈਲ ਸਿੰਘ ਨੂੰ ਹਿੱਸਾ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਪਣਾ ਹਿੱਸਾ ਮੰਗਦੇ ਸੀ ਤਾਂ ਮੇਰਾ ਦਾਦਾ ਫੌਜਾ ਸਿੰਘ, ਚਾਚਾ ਵਜੀਰ ਸਿੰਘ,ਚਾਚਾ ਕਰਨੈਲ ਸਿੰਘ ਅਤੇ ਦਾਦੀ ਕੁਸ਼ੱਲਿਆ ਬਾਈ ਇਹ ਕਹਿੰਦੇ ਸਨ ਕਿ ਜੋ ਤੁਹਾਡਾ ਹਿੱਸਾ ਬਣਦਾ ਹੈ, ਉਹੀ ਤੁਹਾਡਾ ਕਤਲ ਕਰਕੇ ਤੁਹਾਡੇ ‘ਤੇ ਲਗਾ ਦੇਵਾਂਗੇ। ਇਸ ਤਰ੍ਹਾਂ ਦੇ ਵਿਵਾਦ ਦੇ ਚਲਦਿਆਂ ਹੀ ਬੀਤੀ ਰਾਤ ਨੂੰ ਮੇਰੇ ਪਿਤਾ ਬਲਵੀਰ ਸਿੰਘ, ਦਾਦਾ ਫੌਜਾ ਸਿੰਘ, ਦਾਦੀ ਕੁਸ਼ੱਲਿਆ ਬਾਈ, ਚਾਚਾ ਵਜੀਰ ਸਿੰਘ ਅਤੇ ਕਰਨੈਲ ਸਿੰਘ ਵਲੋਂ ਮੇਰੀ ਮਾਂ ਸ਼ੀਲੋ ਬਾਈ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਇਸ ਸਬੰਧੀ ਥਾਨਾ ਸਦਰ ਮੁਖੀ ਜਸਵੰਤ ਸਿੰਘ ਸੈਣੀ ਨੇ ਕਿਹਾ ਕਿ ਮ੍ਰਿਤਕ ਸ਼ੀਲੋ ਬਾਈ ਦੇ ਬੇਟੇ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ 302, 120ਬੀ ਤਹਿਤ ਮਾਮਲਾ ਦਰਜ ਕਰਕੇ ਜਿੱਥੇ ਮ੍ਰਿਤਕ ਸ਼ੀਲੋ ਬਾਈ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜਿਲਕਾ ਭੇਜ ਦਿੱਤਾ ਗਿਆ ਹੈ ਉਥੇ ਇਸ ਮਾਮਲੇ ਵਿੱਚ ਨਾਮਜਦ ਕਥਿਤ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply