Thursday, March 28, 2024

ਖੇਤਾਂ ਵਿੱਚ ਖੜੇ ਨਾੜ `ਚ ਕਰਵਾਈ ਗਈ ਮੂੰਗੀ ਦੀ ਬਿਜ਼ਾਈ

PPN1008201815ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼ੀਮਤੀ ਨੀਲਿਮਾ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਣ ਬਗੈਰ ਖੇਤਾਂ ਵਿੱਚ ਸਾਂਭਣ ਲਈ ਨਵੀਨਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਜ਼ਿਲਾ ਪਠਾਨਕੋਟ ਵਿੱਚ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਰਛਪਾਲਵਾਂ ਵਿੱਚ ਨੌਜਵਾਨ ਕਿਸਾਨ ਧਰਮਿੰਦਰ ਸਿੰਘ ਦੇ ਖੇਤਾਂ ਵਿੱਚ ਖੜੇ ਨਾੜ ਵਿੱਚ ਮੂੰਗੀ ਦੀ ਬਿਜ਼ਾਈ ਕਰਵਾਈ ਗਈ।ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਮਨਜੀਤ ਕੌਰ ਖੇਤੀ ਉਪ ਨਿਰੀਖਕ ਮਨਦੀਪ ਕੁਮਾਰ ਸਹਾਇਕ ਤਕਨੀਕੀ ਮੈਨੇਜ਼ਰ ਸਮੇਤ ਹੋਰ ਕਿਸਾਨ ਇਸ ਸਮੇਂ ਹਾਜ਼ਰ ਸਨ।
ਡਾ. ਅਮਰੀਕ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਣਕ ਦੀ ਕਟਾਈ ਤੋਂ ਬਾਅਦ ਕਿਸਾਨਾਂ ਦੁਆਰਾ ਨਾੜ ਨੂੰ ਖੇਤਾਂ ਵਿੱਚ ਸਾੜਣਾ ਸ਼ੁਰੁ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਹਵਾ ਦਾ ਪ੍ਰਦੂਸ਼ਣ ਵਧਣ ਕਾਰਨ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।ਉਨਾਂ ਕਿਹਾ ਕਿ ਆਮ ਕਰਕੇ ਕਣਕ ਦੀ ਕਟਾਈ ਤੋਂ ਬਾਅਦ ਰੀਪਰ ਨਾਲ 80-90 ਫੀਸਦੀ ਨਾੜ ਦੀ ਤੂੜੀ ਬਣਾ ਲਈ ਜਾਂਦੀ ਹੈ ਅਤੇ ਬਹੁਤ ਘੱਟ ਨਾੜ ਦਾ ਹਿੱਸਾ ਖੇਤ ਵਿੱਚ ਬਚਦਾ ਹੈ, ਜਿਸ ਨੂੰ ਕਿਸਾਨਾਂ ਵਲੋਂ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ।ਜਿਸ ਨਾਲ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੁੰਦੀਆਂ ਹਨ ਜਿਸ ਕਾਰਨ ਮਨੁੱਖਾਂ ਵਿੱਚ ਸਾਹ, ਅੱਖਾਂ ਵਿੱਚ ਜਲਣ ਅਤੇ ਚਮੜੀ ਦੇ ਰੋਗ ਦਾ ਖਤਰਾ ਪੈਦਾ ਹੁੰਦਾ ਹੈ।ਉਨਾਂ ਕਿਹਾ ਕਿ ਰੀਪਰ ਨਾਲ ਤੂੜੀ ਬਨਾਉਣ ਉਪਰੰਤ ਸੁਹਾਗਾ ਮਾਰ ਕੇ ਪਾਣੀ ਲਗਾ ਦੇਣਾ ਚਾਹੀਦਾ ਅਤੇ ਵੱਤਰ ਆਉਣ ਤੇ ਤਵੀਆਂ ਜਾਂ ਉਲਟਾਵੇਂ ਹਲ ਨਾਲ ਨਾੜ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਵਿੱਚ ਦਬਾ ਦੇਣਾ ਚਾਹੀਦਾ ਹੈ ਜਾਂ ਜ਼ੀਰੋ ਡਰਿਲ ਨਾਲ ਖੇਤ ਨੂੰ ਬਿਨਾਂ ਵਾਹੇ ਮੂੰਗੀ ਦੀ ਬਿਜ਼ਾਈ ਕੀਤੀ ਜਾ ਸਕਦੀ।ਨੌਜਵਾਨ ਕਿਸਾਨ ਧਰਮਿੰਦਰ ਸਿੰਘ ਨੇ ਕਿਹਾ ਕਿ ਰਛਪਾਲਵਾਂ ਪਿੰਡ ਦੇ ਸਮੂਹ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨਾ ਸਾੜਣ ਕਾਰਨ ਜ਼ਿਲਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਵਲੋਂ ਸਮੁੱਚੀ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ ਸੀ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply