ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇੰਟਰਨੈਸ਼ਨਲ ਨਰਸਿਜ਼ ਵੀਕ ਦੇ ਆਖਰੀ ਦਿਨ ਅੱਜ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਵਿਹੜੇ ਵਿੱਚ ਸਟਾਫ ਅਤੇ ਵਿਦਿਆਰਥੀਆਂ ਵਲੋਂ ਨਰਸਿੰਗ ਕਿੱਤੇ ਦੀ ਜਨਮਦਾਤਾ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਰੇਹ ਦਾ ਆਯੋਜਨ ਕੀਤਾ ਗਿਆ ਜਿੱਥੇ ਪ੍ਰਧਾਨ ਚੀਫ ਖਾਲਸਾ ਦੀਵਾਨ ਡਾ: ਸੰਤੋਖ ਸਿੰਂਘ ਨੇ ਮੁੱਖ ਮਹਿਮਾਨ ਤੇ ਡਾ: ਹਰਦੀਪ ਸਿੰਘ ਘਈ (ਸਿਵਲ ਸਰਜਨ, ਅੰਮ੍ਰਿਤਸਰ) ਨੇ ਗੈਸਟ ਆਫ ਆਨਰ ਦੇ ਤੋਰ ਤੇ ਸ਼ਿਰਕਤ ਕੀਤੀ । ਕਾਲਜ ਦੇ ਚੇਅਰਮੈਨ ਡਾ: ਐਸ ਐਸ ਵਾਲੀਆ ਨੇ ਅਪਣੇ ਸੁਆਗਤੀ ਭਾਸਣ ਦੋਰਾਨ ਫਲੋਰੈਂਸ ਨਾਈਟਿੰਗੇਲ ਦੇ ਜੀਵਨ ਤੇ ਵੀ ਚਾਨਣਾ ਪਾਇਆ।ਉਹਨਾਂ ਵਿਦਿਆਰਥਆਂ ਨੂੰ ਕੰਮ ਦੇ ਨਾਲ ਨਾਲ ਮਨੁਖਤਾ ਦੀ ਸੇਵਾ ਕਰਨ ਦਾ ਜਜਬਾ ਪੈਦਾ ਕਰਨ ਲਈ ਵੀ ਪ੍ਰੇਰਿਤ ਕੀਤਾ।
ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਨਰਸਿੰਗ ਖੇਤਰ `ਚ ਸਮਰਪਣ ਤੇ ਨਿਸ਼ਕਾਮ ਭਾਵਨਾ ਨਾਲ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਜਿਹਨਾਂ ਵਿੱਚ ਮਿਸਿਜ ਸੰਤੋਸ਼ ਸੋਹੀ (ਸ੍ਰੀ ਗੁਰੁ ਤੇਗ ਬਹਾਦੁਰ ਹਸਪਤਾਲ ਤੇ ਸ੍ਰੀ ਗੁਰੁ ਰਾਮਦਾਸ ਹਸਪਤਾਲ ਤੇ ਅਸਕਾਰਟ ਹਸਪਤਾਲ ਦੇ ਰਿਟਾਇਰਡ ਨਰਸਿੰਗ ਸੁਪਰਡੈਂਟ), ਮਿਸਿਜ ਕੁਲਵੰਤ ਭਾਟੀਆ (ਡਿਪਟੀ ਡਾਇਰੈਕਟਰ ਨਰਸਿੰਗ ਤੇ ਰਜਿਸਟਰਾਰ ਪੀ.ਐਨ.ਆਰ.ਸੀ ਗੋਰਮਿੰਟ ਨਰਸਿੰਗ ਸਕੂਲ ਦੇ ਸਾਬਕਾ ਪ੍ਰਿਸੀਪਲ), ਮਿਸਿਜ ਬਲਵਿੰਦਰ ਕੋਰ ਬੁੱਟਰ (ਗੋਰਮਿੰਟ ਨਰਸਿੰਗ ਸਕੂਲ ਦੇ ਸਾਬਕਾ ਪ੍ਰਿੰਸੀਪਲ ਤੇ ਖਾਲਸਾ ਕਾਲਜ ਆਫ ਨਰਸਿੰਗ ਦੇ ਫਾਉਂਡਰ ਪ੍ਰਿਸੀਪਲ ), ਮਿਸਿਜ ਪਰਮਜੀਤ ਕੌਰ (ਪ੍ਰਿਸੀਪਲ ਸਿਟੀ ਕਾਲਜ ਆਫ ਨਰਸਿੰਗ) ਸ਼ਾਮਲ ਸਨ।ਉਪਰੰਤ ਕਾਲਜ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ।
ਪ੍ਰਧਾਨ ਡਾ: ਸੰਤੋਖ ਸਿੰਂਘ ਨੇ ਵਿਦਿਆਰਥੀਆਂ ਨੂੰ ਫਲੋਰੈਂਸ ਨਾਈਟਿੰਗੇਲ ਦੇ ਨਾਲ ਨਾਲ ਸੇਵਾ ਪੰਥੀ ਭਾਈ ਘਨਈਆਂ ਜੀ ਵਰਗੀਆਂ ਮਹਾਨ ਹਸਤੀਆਂ ਨੂੰ ਆਪਣਾ ਆਦਰਸ਼ ਮੰਨ ਕੇ ਚੱਲਣ ਲਈ ਪ੍ਰੇਰਿਤ ਕੀਤਾ।ਉਹਨਾਂ ਵਿਦਿਆਰਥੀਆਂ ਨੂੰ ਜਾਤ, ਧਰਮ, ਦੋਸਤੀ ਦੁਸ਼ਮਣੀ ਤੋਂ ਉਪਰ ਉੱਠ ਕੇ ਪੰਜਾਬ ਰਣ-ਭੂੁਮੀ ਵਿਚ ਜਖਮੀ ਦੁਸ਼ਮਣਾਂ ਦੀ ਵੀ ਮਰਹਮ-ਪਟੀ ਤੇ ਸੇਵਾ ਕਰਨ ਵਾਲੇ ਭਾਈ ਘਨੱਈਆ ਜੀ ਦੇ ਸੱਚੇ ਸੁੱਚੇ ਚਰਿੱਤਰ ਨੂੰ ਅਪਣੇ ਅਸਲ ਜੀਵਨ ਵਿਚ ਉਤਾਰਨ ਲਈ ਕਿਹਾ। ਗੈਸਟ ਆਫ ਆਨਰ ਡਾ: ਹਰਦੀਪ ਸਿੰਘ ਘਈ ਨੇ ਚੱਲ ਰਹੇ ਨੈਸ਼ਨਲ ਹੈਲਥ ਕੇਅਰ ਪ੍ਰੋਗਰਾਮਾਂ `ਤੇ ਚਾਨਣਾ ਪਾਇਆ ਤੇ ਸੀ.ਕੇ.ਡੀ ਮੈਨੇਜਮੈਂਟ ਵਲੋਂ ਐਮ.ਆਰ ਟੀਕਾਕਰਨ ਮੁਹਿੰਮ ਵਿਚ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ।
ਪ੍ਰਿਸੀਪਲ ਦਰਸ਼ਨ ਕੋਰ ਸੋਹੀ ਨੇ ਇੰਟਰਨੈਸ਼ਨਲ ਨਰਸਿਜ਼ ਵੀਕ ਦੋਰਾਨ ਚਾਰ ਹਾਉਸਾਂ ਵਿੱਚ ਵੰਡੇ ਵਿਦਿਆਰਥੀਆਂ ਵਲੋਂ ਸ਼ੁਰੂ ਕੀਤੀਆਂ ਗਈਆਂ ਵੱਖ ਵੱਖ ਸਰਗਰਮੀਆਂ ਤੇ ਮੁਕਾਬਲਿਆਂ ਜਿਵੇਂ ਸਪੋਰਟਸ, ਰੋਲ ਪਲੇ, ਡਾਂਸ, ਭਾਸਣ, ਕਵਿਤਾਵਾਂ, ਰੰਗੋਲੀ, ਪੋਸਟਰ ਮੇਕਿੰਗ ਆਦਿ `ਤੇ ਚਾਨਣਾ ਪਾਇਆ। ਪ੍ਰੋਗਰਾਮ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਕਾਲਜ ਦੇ ਮੈਂਬਰ ਇੰਚਾਰਜ ਪ੍ਰਭਜੋਤ ਸਿੰਘ ਸੇਠੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਮਿਸ ਕਿਰਨ ਤੇ ਅਰੁਣਦੀਪ ਵਲੋਂ ਕੀਤਾ ਗਿਆ।
ਇਸ ਸਮੇਂ ਦੀਵਾਨ ਦੇ ਮੀਤ ਪ੍ਰਧਾਨ ਸਰਬਜੀਤ ਸਿੰਘ, ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਕਾਲਜ ਦੇ ਚੇਅਰਮੈਨ ਡਾ: ਐਸ.ਐਸ ਵਾਲੀਆ, ਸੰਤੋਖ ਸਿੰਘ ਸੇਠੀ, ਹਰਮਿੰਦਰ ਸਿੰਘ, ਡਾ: ਧਰਮਵੀਰ ਸਿੰਘ ਤੇ ਕਾਲਜ ਦਾ ਸਟਾਫ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੋਜੂਦ ਸਨ।