Tuesday, March 19, 2024

ਸਾਹਿਤਕਾਰ ਐਸ.ਸਵਰਨ ਨਾਲ ਰਚਾਇਆ ਸਾਹਿਤਕ-ਸੰਵਾਦ

PPN2105201809ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਦੀਫ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਅਰੰਭੇ ‘‘ਲੇਖਕਾਂ ਸੰਗ ਸੰਵਾਦ” ਸਮਾਗਮਾਂ ਦੇ ਤਹਿਤ ਚੇਤਨਾ ਰਸਾਲੇ ਦੇ ਸੰਪਾਦਕ ਸਾਹਿਤਕਾਰ ਐਸ.ਸਵਰਨ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ।ਸ਼ਾਇਰ ਨਿਰਮਲ ਅਰਪਨ ਦੇ ਗ੍ਰਹਿ ਵਿੱਚ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਸ਼ਾਇਰ ਦੇਵ ਦਰਦ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ ਅਤੇ ਨਿਰਮਲ ਅਰਪਨ ਹੁਰਾਂ ਵੱਲੋਂ ਮਹਿਮਾਨ ਸ਼ਾਇਰ ਬਾਰੇ ਜਾਣ-ਪਹਿਚਾਣ ਸਾਂਝੀ ਕੀਤੀ।
    ਐਸ.ਸਵਰਨ ਨੇ ਹਾਜ਼ਰੀਨ ਦੇ ਰੂਬਰੂ ਹੰਦਿਆਂ ਆਪਣੀ ਕਾਵਿ-ਪੁਸਤਕ ‘‘ਸੰਨਤ” ਅਤੇ ‘‘ਚੇਤਨਾ” ਦੇ ਹਵਾਲੇ ਨਾਲ ਆਪਣੀਆਂ ਬੇਹਤਰੀਨ ਨਜ਼ਮਾਂ ਸਾਂਝੀਆਂ ਕਰਦਿਆਂ ਕਿਹਾ ਕਿ ਸਾਹਿਤ, ਸਿਰਜਣਾ ਅਤੇ ਸੰਪਾਦਨਾ ਦੇ ਖੇਤਰ ਨਾਲ ਉਨ੍ਹਾਂ ਨੂੰ ਸਾਹਿਤਕ ਦੋਸਤੀਆਂ ਦੀ ਬੇਮਿਸਾਲ ਸ਼ੋਹਰਤ ਮਿਲੀ ਹੈ।ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਐਸ.ਸਵਰਨ ਹੁਰਾਂ ਵੱਲੋਂ ਸੰਪਾਦਿਤ ਚਰਚਿਤ ਪੁਸਤਕ ‘‘ਵੰਨਗੀ” ਸਾਹਿਤਕ ਖੋਜ ਕਾਰਜਾਂ ਨਾਲ ਜੁੜੇ ਖੋਜ ਸਿੱਖਿਆਰਥੀਆਂ ਅਤੇ ਸਾਹਿਤਕ ਅਲੋਚਕਾਂ ਲਈ ਅੱਜ ਵੀ ਮੁੱਖ ਸਰੋਤਾਂ ’ਚ ਅਹਿਮ ਸਥਾਨ ਰੱਖਦੀ ਹੈ।ਪੰਜਾਬੀ ਵਿਦਵਾਨ ਡਾ. ਦਰਿਆ ਨੇ ਲੜੀ ਜੋੜਦਿਆਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਆਮ ਲੋਕਾਂ ਵਿੱਚ ਸਾਹਿਤਕ ਚੇਤਨਾ ਅਤੇ ਜਾਗਰੂਕਤਾ ਪੈਦਾ ਕਰਨ ਵਿੱਚ ਐਸ.ਸਵਰਨ ਦਾ ਨਾਮ ਵਿਸ਼ੇਸ਼ ਤੌਰ ਤੇ ਲਿਆ ਜਾਂਦਾ ਹੈ।ਡਾ. ਇਕਬਾਲ ਕੌਰ ਸੌਂਧ ਅਤੇ ਅਰਤਿੰਦਰ ਸੰਧੂ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬੀ ਦੀ ਸਾਹਿਤਕ ਪੱਤਰਕਾਰੀ ਵਿੱਚ ਚੇਤਨਾ ਰਸਾਲੇ ਰਾਹੀਂ ਐਸ.ਸਵਰਨ ਹੁਰਾਂ ਦਾ ਇੱਕ ਵੱਖਰੀ ਕਿਸਮ ਦਾ ਮੁਕਾਮ ਹੈ। ਸ਼ਾਇਰ ਮਲਵਿੰਦਰ, ਡਾ. ਕੁਲਬੀਰ ਸਿੰਘ ਸੂਰੀ ਅਤੇ ਭੁਪਿੰਦਰ ਸੰਧੂ ਨੇ ਕਿਹਾ ਕਿ ਮਹਿਮਾਨ ਸ਼ਾਇਰ ਦੀ ਸਮੁੱਚੀ ਸ਼ਾਇਰੀ ਆਧੁਨਿਕ ਅਤੇ ਅਗਾਂਹਵਧੂ ਸ਼ਾਇਰੀ ਦੀ ਗੱਲ ਕਰਦੀ ਹੈ। ਇਸ ਸਮੇਂ ਡਾ. ਜਸਬੀਰ ਸਿੰਘ, ਹਜ਼ਾਰਾ ਸਿੰਘ ਚੀਮਾ, ਮੁਖਤਾਰ ਗਿੱਲ ਅਤੇ ਕਰਮ ਸਿੰਘ ਹੁੰਦਲ ਨੇ ਵੀ ਸੰਬੋਧਨ ਕੀਤਾ। ਸ਼ਾਇਰੀ ਦੇ ਦੌਰ ਵਿੱਚ ਗੁਰਬਾਜ਼ ਛੀਨਾ, ਮੈਡਮ ਸੁਰਜੀਤ, ਧਰਵਿੰਦਰ ਔਲਖ, ਹਰਭਜਨ ਖੇਮਕਰਨੀ, ਜਗਤਾਰ ਗਿੱਲ, ਹਰਮੀਤ ਆਰਟਿਸਟ, ਪੂਨਮ ਠਕੁਰਾਲ ਨੇ ਰਚਨਾਵਾਂ ਪੇਸ਼ ਕੀਤੀਆਂ ਅਤੇ ਡਾ. ਕਸ਼ਮੀਰ ਸਿੰਘ ਅਤੇ ਹਰਜੀਤ ਸੰਧੂ ਨੇ ਆਏ ਅਦੀਬਾਂ ਦਾ ਸਾਂਝੇ ਤੌਰ ਤੇ ਧੰਨਵਾਦ ਕੀਤਾ।ਇਸ ਸਮੇਂ ਬਰਕਤ ਵੋਹਰਾ, ਰਮੇਸ਼ ਯਾਦਵ, ਪ੍ਰਿੰ: ਨਰੋਤਮ ਸਿੰਘ, ਰਾਜਖੁਸ਼ਵੰਤ ਸਿੰਘ ਸੰਧੂ, ਦਲਜੀਤ ਸੰਧੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।

 

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply