Tuesday, March 19, 2024

ਅੰਮ੍ਰਿਤਸਰ ਨੂੰ ਹਰਿਆ ਭਰਿਆ ਕਰਨ ਲਈ ਖਡੂਰ ਸਾਹਿਬ ਸੰਪਰਦਾ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਉਪਰਾਲਾ

23 ਮਈ ਨੂੰ ਜਲੰਧਰ-ਅੰਮ੍ਰਿਤਸਰ ਜਰਨੈਲੀ ਸੜਕ ਤੋਂ ਕੀਤੀ ਜਾਵੇਗੀ ਸ਼ੁਰੂਆਤ

PPN2105201812ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਅੰਮ੍ਰਿਤਸਰ ਸ਼ਹਿਰ, ਜਿੱਥੇ ਕਿ ਬੀ.ਆਰ.ਟੀ.ਐਸ ਬਣਨ ਨਾਲ ਵੱਡੇ ਤੇ ਪੁਰਾਣੇ ਦਰਖਤ ਕੱਟੇ ਜਾ ਚੁੱਕੇ ਹਨ, ਦੀਆਂ ਸੜਕਾਂ ਨੂੰ ਮੁੜ ਹਰਿਆ-ਭਰਿਆ ਕਰਨ ਲਈ ਜਿਲ੍ਹਾ ਪ੍ਰਸਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਮੁੜ ਹੰਭਲਾ ਮਾਰਿਆ ਜਾ ਰਿਹਾ ਹੈ।ਇਸ ਮੁਹਿੰਮ ਵਿਚ ਖਡੂਰ ਸਾਹਿਬ ਕਾਰ ਸੇਵਾ ਸੰਪਰਦਾਇ ਦੇ ਮੁਖੀ ਬਾਬਾ ਸੇਵਾ ਸਿੰਘ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾਵੇਗਾ। ਸ਼ੁਰੂਆਤ ਵਿਚ ਸ਼ਹਿਰ ਨੂੰ ਆਉਣ ਵਾਲੀਆਂ ਮੁੱਖ ਸੜਕਾਂ ਅਤੇ ਫਿਰ ਸ਼ਹਿਰ ਦੇ ਅੰਦਰੂਨੀ ਪਾਰਕਾਂ, ਸੜਕਾਂ ਤੇ ਹੋਰ ਜਨਤਕ ਥਾਵਾਂ ਨੂੰ ਸੋਹਣੇ ਫੁੱਲਦਾਰ ਬੂਟਿਆਂ ਨਾਲ ਸ਼ਿੰਗਾਰਿਆ ਜਾਵੇਗਾ।
    ਇਹ ਜਾਣਕਾਰੀ ਦਿੰਦੇ ਕਾਰਜਕਾਰੀ ਮੈਜਿਸਟਰੇਟ ਸ਼ਿਵਰਾਜ ਸਿੰਘ ਬੱਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਘਾ ਨੇ ਸ਼ਹਿਰ ਨੂੰ ਖੂਬਸੂਰਤ ਬਨਾਉਣ ਲਈ ਫੁਲਦਾਰ ਬੂਟੇ ਲਗਾਉਣ ਦਾ ਪ੍ਰਸਤਾਵ ਦਿੱਤਾ ਸੀ ਅਤੇ ਉਨਾਂ ਨੇ ਬੂਟਿਆਂ ਦੇ ਪਾਲਣ-ਪੋਸ਼ਣ ਨੂੰ ਯਕੀਨੀ ਬਨਾਉਣ ਲਈ ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ, ਜਿੰਨਾਂ ਦਾ ਇਸ ਨੇਕ ਕੰਮ ਵਿਚ ਚੰਗਾ ਤਜ਼ਰਬਾ ਹੈ, ਤੋਂ ਸਹਿਯੋਗ ਮੰਗਿਆ ਸੀ, ਜਿਸ ਨੂੰ ਉਨਾਂ ਖਿੜ੍ਹੇ ਮੱਥੇ ਪ੍ਰਵਾਨ ਕਰ ਲਿਆ ਹੈ।ਬੱਲ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਜਲੰਧਰ-ਅੰਮਿ੍ਰਤਸਰ ਰਾਸ਼ਟਰੀ ਮਾਰਗ ’ਤੇ ਫੁੱਲਾਂ ਵਾਲੇ ਬੂਟੇ ਲਗਾਏ ਜਾਣਗੇ, ਜਿਸ ਵਿਚ ਅਮਲਤਾਸ, ਗੁਲਮੋਹਰ, ਪਿੰਕੇਸ਼ੀਆ, ਕੁਰੇਜੀਆ, ਗੋਲਡਨ ਰੇਨ ਅਤੇ ਜਕਰੰਡਾ ਦਰਖਤਾਂ ਦੀ ਚੋਣ ਕੀਤੀ ਗਈ ਹੈ, ਜੋ ਕਿ ਆਪਣੀ ਖੂਬਸੂਰਤੀ ਲਈ ਜਾਣੇ ਜਾਂਦੇ ਹਨ। ਉਨਾਂ ਨੇ ਦੱਸਿਆ ਕਿ 23 ਮਈ ਨੂੰ ਦੁਬਰਜੀ ਨੇੜਿਓਂ ਇਸ ਮੁਹਿੰਮ ਨੂੰ ਹੋਰ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਸ਼ੁਰੂ ਕੀਤਾ ਜਾਵੇਗਾ ਅਤੇ ਅਗਲੇ ਪੜਾਅ ਵਿਚ ਅਟਾਰੀ ਰੋਡ, ਏਅਰਪੋਰਟ ਰੋਡ, ਬਟਾਲਾ ਬਾਈਪਾਸ ਅਤੇ ਹੋਰ ਅਹਿਮ ਸੜਕਾਂ ’ਤੇ ਸੁੰਦਰ ਬੂਟੇ ਲਗਾਏ ਜਾਣਗੇ।ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਾਰ ਸੇਵਾ ਅਤੇ ਹੋਰ ਗੈਰ ਸਰਕਾਰੀ ਸੰਸਥਾਵਾਂ ਨਾਲ ਇਸ ਪਵਿਤਰ ਕੰਮ ਲਈ ਲਗਾਤਾਰ ਤਾਲਮੇਲ ਰੱਖਣ ਵਾਸਤੇ ਸ਼ਿਵਰਾਜ ਸਿੰਘ ਬੱਲ ਨੂੰ ਹੀ ਨੋਡਲ ਅਧਿਕਾਰੀ ਲਗਾਇਆ ਹੈ।
         ਬੱਲ ਨੇ ਦੱਸਿਆ ਕਿ ਸਾਰੀਆਂ ਸੜਕਾਂ ਦਾ ਸਰਵੇ ਕਰ ਲਿਆ ਗਿਆ ਹੈ ਅਤੇ 23 ਮਈ ਤੋਂ ਇਸ ਕੰਮ ਨੂੰ ਜੰਗੀ ਪੱਧਰ ’ਤੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਸ਼ੁਰੂ ਕੀਤਾ ਜਾਵੇਗਾ, ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਚੌਗਿਰਦੇ ਨੂੰ ਹਰਾ-ਭਰਾ ਰੱਖਣ ਤੱਕ ਨਿਰੰਤਰ ਜਾਰੀ ਰੱਖਿਆ ਜਾਵੇਗਾ।            

 

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply