Tuesday, April 16, 2024

ਗੁ. ਰਕਾਬਗੰਜ ਸਾਹਿਬ ਦੀ ਡਿਉਢੀ ’ਤੇ ਹੋਏ ਪ੍ਰਦਰਸ਼ਨ ਨੂੰ ਅਕਾਲੀ ਦਲ ਨੇ ਸ਼ਹੀਦੀ ਸਥਾਨ ਦੀ ਬੇਅਦਬੀ ਦੱਸਿਆ

Ranjeet Kaurਨਵੀਂ ਦਿੱਲੀ, 22 ਮਈ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਸਰਨਾ ਦਲ ਦੀਆਂ ਬੀਬੀਆਂ ਵੱਲੋਂ ਅੱਜ ਕੀਤਾ ਗਿਆ ਪ੍ਰਦਰਸ਼ਨ ਵਿਵਾਦਾਂ ’ਚ ਆ ਗਿਆ ਹੈ।ਕਥਿਤ ਮਹਿਲਾ ਸ਼ੋਸ਼ਣ ਦੇ ਦੋਸ਼ੀ ਅਧਿਕਾਰੀਆਂ ਦੀ ਜਾਂਚ ਉਪਰੰਤ ਨੌਕਰੀ ਬਹਾਲੀ ਦੇ ਖਿਲਾਫ਼ ਪ੍ਰਦਰਸ਼ਨ ਕਰਨ ਆਈਆਂ ਮੁੱਠੀ ਭਰ ਬੀਬੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਸ਼ਹੀਦੀ ਸਥਾਨ ਦੀ ਬੇਅਦਬੀ ਕਰਨ ਦੀ ਗੁਸਤਾਖੀ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁਖ ਦਰਵਾਜੇ ਦੀ ਡਿਉਢੀ ਤੱਕ ਹੁੱਲੜਬਾਜ਼ੀ ਕਰਕੇ ਸਿੱਖ ਮਰਿਆਦਾ ਅਤੇ ਸਿੱਖੀ ਸਿਧਾਂਤਾ ਨੂੰ ਪਿੱਠ ਦਿਖਾਉਣ ਦੀ ਬੱਜ਼ਰ ਗਲਤੀ ਕੀਤੀ ਹੈ। ਇਹ ਦਾਅਵਾ ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਅਤੇ ਦਿੱਲੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਬਿਆਨ ’ਚ ਕੀਤਾ।
     ਉਨ੍ਹਾਂ ਦੱਸਿਆ ਕਿ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਹੋਣ ਵਾਲੇ ਵਿਆਹ ਸਮਾਗਮਾਂ ’ਚ ਸ਼ਾਮਲ ਬੈਂਡ, ਘੋੜੀ ਆਦਿਕ ਨੂੰ ਗੁਰਦੁਆਰਾ ਸਾਹਿਬ ਦੇ ਮੁਖ ਦਰਵਾਜੇ ਤੋਂ ਕਾਫੀ ਪਹਿਲਾ ਹੀ ਰੋਕ ਦਿੱਤਾ ਜਾਂਦਾ ਹੈ, ਕਿਉਂਕਿ ਸ਼ਹੀਦੀ ਸਥਾਨ ’ਤੇ ਅਜਿਹਾ ਹੁੱਲੜਬਾਜ਼ੀ ਜਾਂ ਹਉਮੈ ਨੂੰ ਪੱਠੇ ਪਾਉਣ ਵਾਲੀ ਜੀਵਨਸ਼ੈਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਨਾ ਦਲ ਦੀਆਂ ਬੀਬੀਆਂ ਨੇ ਮੁੱਖ ਦਰਵਾਜੇ ’ਤੇ ਨਾਅਰੇਬਾਜ਼ੀ ਕਰਕੇ ਗੁਰੂ ਘਰ ਦੀ ਬੇਅਦਬੀ ਕੀਤੀ ਹੈ। ਕਿਉਂਕਿ 80 ਫੀਸਦੀ ਤੋਂ ਵੱਧ ਬੀਬੀਆਂ ਗੈਰ ਸਿੱਖ ਹੋਣ ਕਰਕੇ ਮਰਿਯਾਦਾ ਤੋਂ ਅਨਜਾਣ ਸਨ।
    ਰਣਜੀਤ ਕੌਰ ਨੇ ਦੋਸ਼ ਲਗਾਇਆ ਕਿ ਸਰਨਾ ਭਰਾਵਾਂ ਨੇ ਕਾਲੀ ਵੇਂਈ ਅਤੇ ਬਿਆਸ ਦਰਿਆ ਦੇ ਪਾਣੀ ਨੂੰ ਦੂਸ਼ਿਤ ਕਰਨ ਤੋਂ ਬਾਅਦ ਹੁਣ ਗੁਰੂਘਰ ਦੀ ਮਰਿਯਾਦਾ ਦਾ ਭੋਗ ਪਾਉਣ ਦਾ ਬੀੜਾ ਚੁੱਕ ਲਿਆ ਹੈ ਅਤੇ ਨਾਲ ਹੀ ਕਮੇਟੀ ਦੇ ਖਿਲਾਫ਼ ਪ੍ਰਦਰਸ਼ਨ ’ਚ ਭਾੜੇ ਦੀ ਭੀੜ ਲਿਆ ਕੇ ਆਪਣੇ ਗੁਆਚੇ ਸਿਆਸੀ ਵਜੂਦ ਦੀ ਝਾਂਕੀ ਪੇਸ਼ ਕਰ ਦਿੱਤੀ ਹੈ। ਰਣਜੀਤ ਕੌਰ ਨੇ ਸਰਨਾ ਦਲ ਦੀ ਪ੍ਰਧਾਨ ਬੀਬੀ ਹਰਮੀਤ ਕੌਰ ਵਾਲੀਆ ਨੂੰ ਸਵਾਲ ਪੁੱਛਿਆ ਕਿ ਜਦੋਂ ਸਰਨਾ ਦਲ ਦੇ 2 ਦਿੱਲੀ ਕਮੇਟੀ ਮੈਂਬਰਾਂ ਦੀਆਂ ਵੀਡੀਓ ਸੀ.ਡੀ ਸਾਹਮਣੇ ਆਈਆਂ ਸਨ ਤਾਂ ਉਹ ਮੁਜਾਹਰਾ ਕਰਨ ਸਰਨਾ ਦੇ ਨਿਵਾਸ ’ਤੇ ਕਿਉਂ ਨਹੀਂ ਗਈ ਸੀ ? ਲਗਭਗ 5 ਲੱਖ ਸਿੱਖ ਬੀਬੀਆਂ ਦੀ ਵੱਸੋਂ ਵਾਲੇ ਦਿੱਲੀ ਸ਼ਹਿਰ ’ਚ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਵਾਸਤੇ 50 ਸਿੱਖ ਬੀਬੀਆਂ ਦੇ ਨਾ ਮਿਲਣ ਦੇ ਬਾਵਜੂਦ ਕੀ ਉਹ ਆਪਣੇ ਆਪ ਨੂੰ ਅੱਜੇ ਵੀ ਆਗੂ ਅਖਵਾਉਣ ਦੀ ਹੈਸੀਅਤ ਰੱਖਦੀ ਹੈ ? ਇਸ ਮਸਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਲੈ ਜਾਣ ਦਾ ਵੀ ਬੀਬੀ ਰਣਜੀਤ ਕੌਰ ਨੇ ਇਸ਼ਾਰਾ ਕੀਤਾ।
 

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply