Friday, March 29, 2024

ਡਿਪਟੀ ਕਮਿਸ਼ਨਰ ਨੇ ਡੇਂਗੂ ਦੀ ਰੋਕਥਾਮ ਲਈ ਸਾਰੇ ਸਬੰਧਤ ਵਿਭਾਗਾਂ ਦੀ ਜਿੰਮੇਵਾਰੀ ਕੀਤੀ ਤੈਅ

ਸਿਹਤ ਵਿਭਾਗ ਨੂੰ ਮੁਸ਼ਤੈਦੀ ਵਰਤਣ ਦੀ ਕੀਤੀ ਹਦਾਇਤPPN0806201801

ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਜਿਲ੍ਹੇ ਵਿਚੋਂ ਡੇਂਗੂ ਦਾ ਕਾਰਨ ਬਣਦੇ ਮੱਛਰ ਨੂੰ ਖਤਮ ਕਰਨ ਦਾ ਉਪਰਾਲਾ ਕਰਨ ਦੀ ਨੀਅਤ ਨਾਲ ਅੱਜ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਇਸ ਸੀਜ਼ਨ ਦੀ ਦੂਸਰੀ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਭਾਵੇਂ ਪਿਛਲੇ ਸਾਲ ਕਾਫੀ ਹੱਦ ਤੱਕ ਡੇਂਗੂ ’ਤੇ ਕੰਟਰੋਲ ਹੋਇਆ ਸੀ, ਪਰ ਇਸ ਵਾਰ ਇੰਨੀ ਮੁਸ਼ਤੈਦੀ ਨਾਲ ਕੰਮ ਕੀਤਾ ਜਾਵੇ ਕਿ ਡੇਂਗੂ ਦਾ ਕੋਈ ਵੀ ਕੇਸ ਜਿਲ੍ਹੇ ਵਿਚ ਨਾ ਮਿਲੇ।
            ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਾਰੇ ਸਬੰਧਤ ਵਿਭਾਗਾਂ ਦੀ ਜਿੰਮੇਵਾਰੀ ਤੈਅ ਕੀਤੀ ਜਾ ਚੁੱਕੀ ਹੈ ਅਤੇ ਉਹ ਉਸ ਅਨੁਸਾਰ ਕੰਮ ਕਰਦੇ ਹੋਏ ਇਹ ਯਕੀਨੀ ਬਨਾਉਣ ਕਿ ਕਿਧਰੇ ਵੀ ਤਾਜ਼ਾ ਤੇ ਸਾਫ ਪਾਣੀ ਖੜੇ ਨਾ, ਜੋ ਕਿ ਡੇਂਗੂ ਦਾ ਮੱਛਰ ਪੈਦਾ ਕਰਨ ਦਾ ਸਾਧਨ ਬਣਦਾ ਹੈ।ਸ਼ਹਿਰ ਵਿਚ ਇਹ ਮੱਛਰ ਜ਼ਿਆਦਾ ਫੈਲਦਾ ਹੋਣ ਕਾਰਨ ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਵਾਰ ਸਪਰੇਅ ਕਰਵਾਉਣ ਦੇ ਨਾਲ-ਨਾਲ ਉਨਾਂ ਦੁਕਾਨਾਂ, ਵਰਕਸ਼ਾਪਾਂ ਆਦਿ ਦੇ ਚਲਾਨ ਵੀ ਕੱਟਣ, ਜਿੱਥੇ ਮੀਂਹ ਦਾ ਪਾਣੀ ਖੜਾ ਹੋਵੇ। ਉਨਾਂ ਕਿਹਾ ਕਿ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਜਾਂ ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇ ਮੌਕੇ ਤੇ ਹੀ ਘੱਟ ਤੋਂ ਘੱਟ 500 ਰੁਪਏ ਦਾ ਚਲਾਨ ਕੱਟਿਆ ਜਾਵੇ। ਇਸ ਤੋਂ ਇਲਾਵਾ ਹਰ ਹਫ਼ਤੇ ਸਿਹਤ ਵਿਭਾਗ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਸ਼ੁੱਕਰਵਾਰ ਡਰਾਈ ਡੇਅ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਕੂਲਰਾਂ, ਗਮਲਿਆਂ ਆਦਿ ਦੀ ਸਫਾਈ ਕਰਵਾਈ ਜਾਵੇ।
    ਜਿਲ੍ਹਾ ਮਲੇਰੀਆ ਅਫਸਰ ਡਾ. ਮਦਨ ਨੇ ਦੱਸਿਆ ਕਿ 2017 ਵਿਚ 564 ਮਰੀਜ ਡੇਂਗੂ ਦੇ ਜਿਲ੍ਹੇ ਵਿਚ ਆਏ ਸਨ, ਜਿੰਨਾਂ ਵਿਚੋਂ 222 ਪਾਜਟਿਵ ਪਾਏ ਗਏ ਸਨ। ਡਾ. ਮਦਨ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ-ਪਾਣੀ ਵਿਚ ਪਲਦਾ ਹੈ ਅਤੇ ਜਿਹੜਾ ਪਾਣੀ ਸੱਤ ਦਿਨ ਤੱਕ ਖੜਾ ਰਿਹਾ, ਉਥੇ ਮੱਛਰ ਤਿਆਰ ਹੋ ਜਾਂਦਾ ਹੈ।ਇਸ ਲਈ ਜ਼ਰੂਰੀ ਹੈ ਕਿ ਅਸੀਂ ਘਰਾਂ, ਦੁਕਾਨਾਂ, ਦਫਤਰਾਂ ਅਤੇ ਹੋਰ ਥਾਵਾਂ ’ਤੇ ਪਏ ਵਾਧੂ ਸਮਾਨ, ਜਿਸ ਵਿਚ ਮੀਂਹ ਆਦਿ ਦਾ ਪਾਣੀ ਖੜ੍ਹ ਸਕਦਾ ਹੈ, ਉਸ ਨੂੰ ਸਾਫ ਕਰਦੇ ਰਹੀਏ।ਇਸ ਤੋਂ ਇਲਾਵਾ ਹਰ ਹਫਤੇ ਕੂਲਰਾਂ, ਗਮਲਿਆਂ ਜਾਂ ਪੌਦੇ ਲਗਾਉਣ ਲਈ ਰੱਖੀਆਂ ਬੋਤਲਾਂ ਆਦਿ ਦਾ ਪਾਣੀ ਬਦਲੀਏ।
    ਲੱਛਣ-ਡਾ. ਮਦਨ ਨੇ ਦੱਸਿਆ ਕਿ ਜਦੋਂ ਡੇਂਗੂ ਦਾ ਮੱਛਰ ਕੱਟ ਜਾਂਦਾ ਹੈ ਤਾਂ ਤੇਜ਼ ਬੁਖਾਰ, ਅੱਖਾਂ ਦਰਦ ਹੁੰਦੀਆਂ ਹਨ। ਇਸ ਹਾਲਤ ਵਿਚ ਕੇਵਲ ਪੈਰਾਸੂਟਾਮੋਲ ਦਿਵਾਈ ਦਿੱਤੀ ਜਾ ਸਕਦੀ ਹੈ, ਹੋਰ ਕੋਈ ਦਵਾਈ ਨਾ ਖਾਓ।ਉਨਾਂ ਦੱਸਿਆ ਕਿ ਡੇਂਗੂ ਮੱਛਰ ਕੱਟਣ ’ਤੇ ਜੇਕਰ ਮਰੀਜ ਵੱਧ ਤੋਂ ਵੱਧ ਤਰਲ ਪਦਾਰਥ ਪੀਵੇ ਤਾਂ ਖ਼ਤਰੇ ਦੀ ਗੱਲ ਨਹੀਂ ਰਹਿੰਦੀ।ਡਾ. ਮਦਨ ਨੇ ਦੱਸਿਆ ਕਿ ਇਸ ਵਾਰ ਸਰਦੀ ਵਿਚ ਵੀ ਡੇਂਗੂ ਦੇ ਕੇਸ ਸਾਹਮਣੇ ਆਏ ਹੋਣ ਕਾਰਨ ਸਾਨੂੰ ਵੱਧ ਸੁਚੇਤ ਹੋਣ ਦੀ ਲੋੜ ਹੈ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ, ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਤੇ ਹੋਰ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।

 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply