Thursday, March 28, 2024

ਮਿਸ਼ਨ ਤੰਦਰੁਸਤ ਪੰਜਾਬ ਦਾ ਅਸਰ- ਵਪਾਰੀਆਂ ਨੇ ਨਿਯਮਾਂ ਦੀ ਪਾਲਣਾ ਕਰਨ ਦਾ ਕੀਤਾ ਵਾਅਦਾ

ਕੁਦਰਤੀ ਤਰੀਕੇ ਨਾਲ ਫਲ ਪਕਾਉਣ ਦੀ ਮੰਗੀ ਸਿਖਲਾਈ – ਡਿਊਟੀ `ਚ ਕੁਤਾਹੀ ਵਾਲੇ ਅਫ਼ਸਰ ਤਬਦੀਲ

ਅੰਮਿ੍ਤਸਰ, 13 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਮਿਸ਼ਨ ਤੰਦਰੁਸਤ ਪੰਜਾਬ ਲਈ ਮਦਦ ਦਾ ਭਰੋਸਾ ਦੇਣ ਅਤੇ ਨਿਯਮਾਂ ਦੀ ਪਾਲਣਾ ਦਾ ਵਾਅਦਾ ਕਰਨ ਵਾਲੇ ਫਲ ਵਪਾਰੀਆਂ ਨੇ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਵਪਾਰੀਆਂ ਲਈ ਕੁਦਰਤੀ ਤਰੀਕੇ ਨਾਲ ਫਲ ਪਕਾਉਣ ਦੀ ਸਿਖਲਾਈ ਦਾ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਹੈ। ਇਹ ਜਾਣਕਾਰੀ ਮਿਸ਼ਨ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਹਫ਼ਤਾ ਪਹਿਲਾਂ ਸ਼ੁਰੂ ਹੋਏ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਮਾਰੇ ਗਏ ਛਾਪਿਆਂ ਦੇ ਅਸਰ ਬਾਰੇ ਗੱਲ ਸਾਂਝੀ ਕਰਦਿਆਂ ਦਿੱਤੀ।
ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਮਾਰੇ ਗਏ ਛਾਪਿਆਂ, ਲਏ ਗਏ ਨਮੂਨਿਆਂ ਅਤੇ ਡਿਫ਼ਾਲਟਰਾਂ ਵਿਰੁਧ ਤੁਰੰਤ ਕਾਰਵਾਈ ਨੇ ਲੋੜੀਂਦੇ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ ਅਤੇ ਹੁਣ ਸਾਰਿਆਂ ਨੂੰ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਕੈਮੀਕਲ ਨਾਲ ਪਕਾਏ ਜਾਂਦੇ ਅਸੁਰੱਖਿਅਤ ਫਲ ਬਾਜ਼ਾਰ ਵਿੱਚ ਵੇਚਣ ਦੀ ਇਜਾਜ਼ਤ ਕਿਸੇ ਕੀਮਤ ’ਤੇ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਮੰਤਵ ਕਿਸੇ ਨੂੰ ਸਜ਼ਾ ਦੇਣਾ ਨਹੀਂ, ਸਗੋਂ ਸੋਚ ਵਿੱਚ ਤਬਦੀਲੀ ਲਿਆ ਕੇ ਉਸਾਰੂ ਤੇ ਵਧੀਆ ਬਣਾਉਣਾ ਹੈ ਤਾਂ ਜੋ ਲੋਕ ਇਸ ਮਿਸ਼ਨ ਦੀ ਹਮਾਇਤ ਲਈ ਦਿਲੋਂ ਤਿਆਰ ਹੋਣ ਅਤੇ ਲੋਕ ਇਸ ਮਿਸ਼ਨ ਦੀ ਹਮਾਇਤ ਕਰ ਵੀ ਰਹੇ ਹਨ।
ਐਮ.ਡੀ ਨੇ ਅੱਗੇ ਦੱਸਿਆ ਕਿ ਵਪਾਰੀਆਂ ਦੀ ਬੇਨਤੀ ’ਤੇ ਗ਼ੌਰ ਕਰਦਿਆਂ ਰਾਜ ਦੀਆਂ ਸਾਰੀਆਂ ਮੁੱਖ ਮੰਡੀਆਂ ਵਿੱਚ ਕੁਦਰਤੀ ਤਰੀਕੇ ਨਾਲ ਫਲ ਪਕਾਉਣ ਸਬੰਧੀ ਫ਼ੌਰੀ ਤੌਰ ’ਤੇ ਸਿਖਲਾਈ ਦੇਣ ਲਈ ਵਰਕਸ਼ਾਪਾਂ ਕਰਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਇਸ ਸਬੰਧੀ ਭਾਸ਼ਣਾਂ ਦੀਆਂ ਸੀ.ਡੀਜ਼ ਤਿਆਰ ਕਰਵਾਈਆਂ ਗਈਆਂ ਹਨ, ਜੋ ਛੋਟੀਆਂ ਮੰਡੀਆਂ ਤੇ ਬਾਜ਼ਾਰ ਵਿੱਚ ਭੇਜੀਆਂ ਜਾਣਗੀਆਂ ਤਾਂ ਕਿ ਕਾਰੋਬਾਰੀਆਂ ਨੂੰ ਫਲਾਂ ਨੂੰ ਵਧੀਆ ਤਰੀਕੇ ਨਾਲ ਪਕਾਉਣ ਦੇ ਕੁਦਰਤੀ ਤਰੀਕੇ ਦੱਸੇ ਜਾਣ।ਇਸ ਮਕਸਦ ਦੀ ਪੂਰਤੀ ਲਈ ਪੰਜਾਬ ਬਾਗ਼ਬਾਨੀ ਪੋਸਟ-ਹਾਰਵੈਸਟ ਤਕਨੀਕੀ ਕੇਂਦਰ ਦੇ ਮਾਹਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ, ਜੋ ਸਬੰਧਤ ਜ਼ਿਲ੍ਹਾ ਮੰਡੀ ਅਫ਼ਸਰਾਂ ਨਾਲ ਮਿਲ ਕੇ ਸਿਖਲਾਈ ਸ਼ੁਰੂ ਕਰਨਗੇ।ਇਹ ਸਿਖਲਾਈ ਪ੍ਰੋਗਰਾਮ ਅੰਮ੍ਰਿਤਸਰ ਤੋਂ ਹੀ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਨੂੰ ਇਕ ਮਿਸ਼ਨਰੀ ਮੁਹਿੰਮ ਵਜੋਂ ਚਲਾਇਆ ਜਾ ਰਿਹਾ ਹੈ ਅਤੇ ਜੇ ਕੋਈ ਵੀ ਅਫ਼ਸਰ ਆਪਣੀ ਡਿਊਟੀ ਵਿੱਚ ਕੁਤਾਹੀ ਕਰਦਾ ਪਾਇਆ ਗਿਆ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।ਪੰਨੂੰ ਨੇ ਕਿਹਾ ਕਿ ਅੰਮਿ੍ਰਤਸਰ ਵਿੱਚ ਤੈਨਾਤ ਸਿਹਤ ਵਿਭਾਗ ਦੇ ਦੋ ਅਫ਼ਸਰਾਂ ਨੂੰ ਬਣਦੀ ਡਿਊਟੀ ਨਾ ਕਰਨ ਦੇ ਦੇਸ਼ ਹੇਠ ਤਬਦੀਲ ਕੀਤਾ ਗਿਆ ਹੈ ਅਤੇ ਉਨ੍ਹਾਂ ਵਿਰੁਧ ਨਿਯਮਾਂ ਅਧੀਨ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਉਚੇਚੇ ਤੌਰ ’ਤੇ ਕਿਹਾ ਕਿ ਕਿਸੇ ਨੂੰ ਵੀ ਇਸ ਮਿਸ਼ਨ ਦੀ ਰਾਹ ਵਿੱਚ ਅੜਿੱਕਾ ਨਹੀਂ ਬਣਨ ਦਿੱਤਾ ਜਾਵੇਗਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply