Thursday, April 18, 2024

ਭੋਲੇ ਭਾਲੇ ਲੋਕਾਂ ਨੂੰ ਅੰਧ ਵਿਸ਼ਵਾਸ `ਚ ਫਸਾ ਕੇ ਗੁੰਮਰਾਹ ਕਰਨ ਵਾਲੇ ਅਖੌਤੀ ਬਾਬੇ ਖਿਲਾਫ ਮੰਗੀ ਕਾਰਵਾਈ

ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਨਵੀਂ ਆਬਾਦੀ ਵੇਰਕਾ ਵਿਖੇ ਭੋਲੇ ਭਾਲੇ ਲੋਕਾਂ ਨੂੰ ਅੰਧ ਵਿਸ਼ਵਾਸਾਂ ਵਿਚ ਫਸਾ ਕੇ ਗੁੰਮਰਾਹ ਕਰਨ ਅਤੇ ਸਾਰਾ ਦਿਨ ਢੋਲਕੀਆਂ ਵਜਾ ਕੇ ਉਚੀ ਆਵਾਜ਼ ’ਚ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲੇ ਰਤਨ ਸਿੰਘ ਨਾਮੀ ਬਾਬੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ।
          ਸੁਸਾਇਟੀ ਦੀ ਅੰਮ੍ਰਿਤਸਰ ਇਕਾਈ ਦੇ ਆਗੂਆਂ ਸੁਮੀਤ ਸਿੰਘ, ਮਾਸਟਰ ਬਲਦੇਵ ਰਾਜ ਵੇਰਕਾ ਅਤੇ ਕਾਮਰੇਡ ਅਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਨਵੀਂ ਆਬਾਦੀ, ਗਲੀ ਬਿਸ਼ਨ ਸਿੰਘ ਵੇਰਕਾ ਦੇ ਵਾਸੀ ਤਿਲਕ ਰਾਜ ਨੇ ਤਰਕਸ਼ੀਲ ਸੁਸਾਇਟੀ ਨੂੰ ਦਿੱਤੇ ਇਕ ਤਸਦੀਕਸ਼ੁਦਾ ਹਲਫੀਆ ਬਿਆਨ ਵਿਚ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਰਤਨ ਸਿੰਘ ਪਾਸਟਰ ਵਲੋਂ ਧਰਮ ਦੀ ਆੜ ਹੇਠ ਭੋਲੇ ਭਾਲੇ ਲੋਕਾਂ ਨੂੰ ਕਥਿਤ ਭੂਤਾਂ ਪ੍ਰੇਤਾਂ ਦੇ ਅੰਧ ਵਿਸ਼ਵਾਸਾਂ ਵਿਚ ਫਸਾ ਕੇ ਉਨ੍ਹਾਂ ਦੀ ਲੁੱਟ ਕਰਨ ਦੇ ਨਾਲ ਨਾਲ ਦਿਨ ਭਰ ਢੋਲਕੀ ਵਜਾਉਣ ਅਤੇ ਸ਼ੋਰ ਮਚਾ ਕੇ ਪੂਰੇ ਮੁਹੱਲੇ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਮੁੱਹਲਾ ਵਾਲੀਆਂ ਵਲੋਂ ਕਈ ਵਾਰ ਅਪੀਲ ਕਰਨ ਦੇ ਬਾਵਜੂਦ ਉਸ ਨੇ ਅਜਿਹਾ ਗੈਰਕਾਨੂੰਨੀ ਵਰਤਾਰਾ ਬੇਰੋਕ ਟੋਕ ਜਾਰੀ ਰੱਖਿਆ ਹੈ।
          ਤਰਕਸ਼ੀਲ ਆਗੂਆਂ ਕਿਹਾ ਕਿ ਪਿਛਲੇ ਮਹੀਨੇ ਸੁਸਾਇਟੀ ਵਲੋਂ ਉਸ ਨੂੰ ਮਿਲ ਕੇ ਅੰਧ ਵਿਸ਼ਵਸ ਫੈਲਾਉਣ ਅਤੇ ਸ਼ੋਰ ਪ੍ਰਦੂਸ਼ਣ ਦੀ ਗੈਰ ਕਾਨੂੰਨੀ ਕਾਰਵਾਈ ਬੰਦ ਕਰਨ ਅਤੇ ਸੁਸਾਇਟੀ ਦੀਆਂ ਸ਼ਰਤਾਂ ਤਹਿਤ ਜਨਤਕ ਤੌਰ ’ਤੇ ਆਪਣੀ ਕਥਿਤ ਗੈਬੀ ਸ਼ਕਤੀ ਵਿਖਾ ਕੇ ਪੰਜ ਲੱਖ ਰੁਪਏ ਦਾ ਇਨਾਮ ਜਿੱਤਣ ਦੀ ਚੁਣੌਤੀ ਦਿੱਤੀ ਗਈ ਸੀ।ਪਰ ਉਸ ਨੇ ਤਰਕਸ਼ੀਲ ਸੁਸਾਇਟੀ ਦੀ ਚੁਣੌਤੀ ਕਬੂਲ ਨਹੀਂ ਕੀਤੀ।
          ਤਰਕਸ਼ੀਲ ਆਗੂਆਂ ਜ਼ਿਲਾ ਪੁਲੀਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਭੋਲੇ ਭਾਲੇ ਲੋਕਾਂ ਨੂੰ ਅੰਧ ਵਿਸ਼ਵਾਸਾਂ ਵਿਚ ਫਸਾ ਕੇ ਉਨ੍ਹਾਂ ਦਾ ਸੋਸ਼ਣ ਕਰਨ ਅਤੇ ਸ਼ੋਰ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਵਿਚ ਇਸ ਬਾਬੇ ਖਿਲਾਫ ਡਰੱਗਜ਼ ਤੇ ਮੈਜਿਕ ਰੈਮਡੀਜ ਇਤਰਾਜਯੋਗ ਇਸ਼ਤਿਹਾਰਬਾਜੀ ਕਾਨੂੰਨ 1954 ਅਤੇ ਸ਼ੋਰ ਪ੍ਰਦੂਸ਼ਣ ਰੋਕੂ ਕਾਨੂੰਨ 2005 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
          ਤਰਕਸ਼ੀਲ ਸੁਸਾਇਟੀ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਚੌਂਕੀਆਂ ਲਾ ਕੇ ਪੁੱਛਾਂ ਦੇਣ ਵਾਲੇ ਪਾਖੰਡੀ ਬਾਬਿਆਂ, ਤਾਂਤਰਿਕਾਂ ਅਤੇ ਜੋਤਸ਼ੀਆਂ ਦੇ ਝਾਂਸੇ ਵਿਚ ਫਸ ਕੇ ਆਪਣੀ ਲੁੱਟ ਖਸੁੱਟ ਨਾ ਕਰਾਉਣ ਅਤੇ ਜ਼ਿੰਦਗੀ ਵਿਚ ਵਿਗਿਆਨਕ ਸੋਚ ਅਤੇ ਡਾਕਟਰੀ ਇਲਾਜ ਉਤੇ ਭਰੋਸਾ ਰੱਖਣ।ਇਸ ਮੌਕੇ ਤਰਕਸ਼ੀਲ ਆਗੂ ਸੁਖਮੀਤ ਸਿੰਘ, ਮੇਜਰ ਸਿੰਘ, ਮਾਸਟਰ ਕੁਲਜੀਤ ਵੇਰਕਾ, ਰਾਜ ਕੁਮਾਰ ਵੇਰਕਾ ਆਦਿ ਹਾਜ਼ਰ ਹੋਏ।
 

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply