Thursday, April 18, 2024

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਲਾਸਟਿਕ ਦੇ ਲਿਫਾਫੇ ਬਣਾਉਣ ਤੇ ਵੇਚਣ ਵਾਲਿਆਂ `ਤੇ ਪੈਣਗੇ ਛਾਪੇ-ਐਸ.ਡੀ.ਐਮ

ਕਿਹਾ ਲੋਕਾਂ ਦੇ ਸਹਿਯੋਗ ਨਾਲ ਹੀ ਸਫਲ ਹੁੰਦੀਆਂ ਹਨ ਸਰਕਾਰੀ ਯੋਜਨਾਵਾਂ

PPN1606201808ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੁਧਾਰਨ ਤੇ ਵਾਤਾਵਰਣ ਦੀ ਸਾਂਭ ਸੰਭਾਲ, ਨਸ਼ਾ ਮੁਕਤ ਪੰਜਾਬ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕੰਮ ਕੀਤੇ ਜਾ ਰਹੇ ਹਨ।ਇਨ੍ਹਾਂ ਕੰਮਾਂ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਕਰਨਾ ਹੈ।ਇਸ ਦੇ ਤਹਿਤ ਅੱਜ ਨਿਤਿਸ਼ ਸਿੰਗਲਾ ਐਸ.ਡੀ.ਐਮ ਅੰਮ੍ਰਿਤਸਰ-1 ਵੱਲੋਂ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸਿੰਗਲਾ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਸਰਕਾਰੀ ਯੋਜਨਾ ਸਫਲ ਨਹੀਂ ਹੋ ਸਕਦੀ।ਇਸ ਲਈ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ, ਤੰਦਰੁਸਤ ਪੰਜਾਬ ਮਿਸ਼ਨ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਇਹ ਸਕੀਮਾਂ ਹੇਠਲ ਪੱਧਰ ਤੱਕ ਪੁਜ ਸਕਣ।
ਸਿੰਗਲਾ ਨੇ ਬਲਾਕ ਵਿਕਾਸ ਅਫਸਰ ਜੰਡਿਆਲਾ ਨੂੰ ਹਦਾਇਤ ਕੀਤੀ ਕਿ ਉਹ ਜੰਡਿਆਲਾ ਦੀ ਮੁਕੰਮਲ ਸਫਾਈ ਕਰਵਾਉਣ ਅਤੇ ਥਾਂ ਥਾਂ ਤੇ ਕੂੜਾਦਾਨ ਲਗਾਏ ਜਾਣ।ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪਲਾਸਟਿਕ ਦੇ ਲਿਫਾਫੇ ਵਰਤਣ ਦੀ ਆਗਿਆ ਨਹੀਂ ਹੈ।ਉਨ੍ਹਾਂ  ਕਿਹਾ ਕਿ ਜਿਹੜੇ ਵੀ ਲੋਕ ਪਲਾਸਟਿਕ ਦੇ ਲਿਫਾਫੇ ਬਣਾਉਂਦੇ ਅਤੇ ਵੇਚਦੇ ਹਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਸਿੰਗਲਾ ਨੇ ਕਿਹਾ ਕਿ ਸਬ ਡਵੀਜਨ ਮਿਸ਼ਨ ਟੀਮ ਵਿੱਚ ਵਾਰਡਾਂ ਦੇ ਪਟਵਾਰੀ, ਆਂਗਣਵਾੜੀ ਵਰਕਰ ਅਤੇ ਏ.ਐਸ.ਆਈ ਹੋਣੇ ਚਾਹੀਦੇ ਹਨ ਜੋ ਸਮਰਪਣ ਦੀ ਭਾਵਨਾ ਨਾਲ ਸਰਕਾਰ ਵੱਲੋਂ ਚਲਾਏ ਗਏ ਮਿਸ਼ਨਾਂ ਨੂੰ ਕਾਮਯਾਬ ਕਰਨ।
ਸਿੰਗਲਾ ਨੇ ਕਿਹਾ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਕਰਨਾ ਹੈ ਅਤੇ ਹੇਠਲ ਪੱਧਰ ਤੱਕ ਸਰਕਾਰੀ ਵੱਲੋਂ ਚਲਾਈਆਂ ਜਾਂਦੀਆਂ ਆਟਾ-ਦਾਲ, ਅਸ਼ੀਰਵਾਦ ਸਕੀਮ, ਬਜੁਰਗਾਂ ਲਈ ਪੈਨਸ਼ਨ ਦਾ ਲਾਭ ਮਿਲ ਸਕੇ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਵੱਲੋਂ ਡੈਪੋ ਬਣਾੲੈ ਗਏ ਹਨ ਅਤੇ ਅੰਮ੍ਰਿਤਸਰ ਜਿਲੇ੍ਹ ਵਿੱਚ 42000 ਤੋਂ ਵੱਧ ਡੈਪੋ ਰਜਿਸਟਰਡ ਹੋਏ ਹਨ।ਸਿੰਗਲਾ ਨੇ ਕਿਹਾ ਕਿ ਇਨ੍ਹਾਂ ਡੈਪੋਜ਼ ਨੂੰ ਮਾਸਟਰ ਟਰੇਨਰਜ਼ ਵੱਲੋਂ ਟ੍ਰੇਨਿੰਗ ਦੇ ਕੇ ਪਿੰਡਾਂ ਵਿੱਚ ਭੇਜਿਆ ਗਿਆ ਹੈ ਤਾਂ ਜੋ ਇਹ  ਡੈਪੋ ਨਸ਼ਾ ਕਰਨ ਵਾਲਿਆ ਨੂੰ ਓਟ ਸੈਂਟਰਾਂ ਵਿੱਚ ਲਿਜਾ ਕੇ ਇਨ੍ਹਾਂ ਦਾ ਨਸ਼ਾ ਛੁਡਾਉਣ।
     ਸਿੰਗਲਾ ਨੇ ਕਿਹਾ ਕਿ ਓਟ ਸੈਂਟਰਾਂ ਵਿੱਚ ਨਸ਼ਾ ਪੀੜਤਾਂ ਨੂੰ ਦਾਖਲ ਨਹੀਂ ਕੀਤਾ ਜਾਂਦਾ ਸਗੋਂ ਇਨ੍ਹਾਂ ਨੂੰ ਦਵਾਈ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਇਹ ਆਪਣਾ ਕੰਮਕਾਰ ਕਰ ਸਕਣ।ਉਨ੍ਹਾਂ ਨੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ਼ ਨੂੰ ਕਿਹਾ ਕਿ ਉਹ ਇਸ ਮਿਸ਼ਨ ਵਿੱਚ ਵੱਧ ਚੜ ਕੇ ਭਾਗ ਲੈਣ  ਅਤੇ ਪੰਜਾਬ ਨੁੰ ਨਸ਼ਾ ਮੁਕਤ ਕਰਨ ਲਈ ਨਾਟਕਾਂ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਲਿਆਂਦੀ ਜਾਵੇ।ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਕਿਹਾ ਕਿ ਉਹ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਰੋਜਾਨਾ ਨਸ਼ਿਆਂ ਖਿਲਾਫ ਜਾਗਰੂਕ ਕਰਨ।ਉਨ੍ਹਾਂ ਨੇ ਤੰਦਰੁਸਤ ਪੰਜਾਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੀ ਹਵਾ ਦੀ ਗੁਣਵੱਤਾ ਖਰਾਬ ਹੋ ਰਹੀ ਹੈ ਜਿਸ ਨੂੰ ਬਚਾਉਣ ਲਈ ਹਰੇਕ ਨਾਗਰਿਕ ਦਾ ਫਰਜ ਬਣਦਾ ਹੈ ਕਿ ਉਹ ਪੌਦੇ ਲਗਾਉਣ।ਸਿੰਗਲਾ ਨੇ ਮੀਟਿੰਗ ਵਿੱਚ ਹਾਜ਼ਰ ਜਿਲ੍ਹਾ ਸਿਹਤ ਅਫਸਰ ਨੂੰ ਕਿਹਾ ਕਿ ਉਹ ਦੁੱਧ, ਖਾਣ ਪੀਣ ਵਾਲੀਆਂ ਵਸਤਾਂ, ਢਾਬਿਆਂ ਦੀ ਚੈਕਿੰਗ ਕੀਤੀ ਜਾਵੇ ਅਤੇ ਮਿਲਾਵਟਖੋਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
         ਇਸ ਮੀਟਿੰਗ ਵਿੱਚ ਲਖਬੀਰ ਸਿੰਘ ਭਾਗੋਵਾਲੀਆ, ਜਿਲ੍ਹਾ ਸਿਹਤ ਅਫਸਰ, ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ, ਰਾਜੇਸ਼ ਕੁਮਾਰ ਉਪ ਸਿਖਿਆ ਅਫਸਰ, ਦੀਪਕ ਬੱਬਰ ਮਿਸ਼ਨ ਆਗਾਜ, ਡਾ: ਰਾਜੂ ਚੌਹਾਨ ਸਿਹਤ ਅਫਸਰ ਨਗਰ ਨਿਗਮ, ਅਰੁਣ ਕੁਮਾਰ ਸਕੱਤਰ ਮਾਰਕੀਟ ਕਮੇਟੀ ਜੰਡਿਆਲਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਖੁਸ਼ਹਾਲੀ ਦੇ ਰਾਖੇ ਹਾਜ਼ਰ ਸਨ।
 

Check Also

ਤੀਰ ਅੰਦਾਜ਼ੀ ਮੁਕਾਬਲਿਆਂ ‘ਚ ਪੀ.ਪੀ.ਐਸ ਚੀਮਾਂ ਦੇ ਬੱਚੇ ਨੇ ਜਿੱਤਿਆ ਮੈਡਲ

ਸੰਗਰੂਰ, 18 ਅਪ੍ਰੈਲ (ਜਗਸੀਰ ਲੌਂਗੋਵਾਲ) – 67ਵੀਆਂ ਨੈਸ਼ਨਲ ਪੱਧਰੀ ਖੇਡਾਂ ਲੜਕੇ/ਲੜਕੀਆਂ ਦੇ ਤੀਰ-ਅੰਦਾਜ਼ੀ ਮੁਕਾਬਲੇ ਜੋ …

Leave a Reply