Thursday, April 25, 2024

ਥਰਮਲ ਦੇ ਕੱਚੇ ਕਾਮਿਆਂ ਨੂੰ ਪੈਸਕੋ ਕੰਪਨੀ ਨੇ ਦੋ ਮਹੀਨਿਆਂ ਬਾਅਦ ਵੀ ਨਹੀਂ ਦਿੱਤੀਆਂ ਤਨਖਾਹਾਂ

ਬਠਿੰਡਾ, 22 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਰਕਾਰ ਵੱਲੋਂ ਬਠਿੰਡਾ ਥਰਮਲ ਬੰਦ ਕਰਨ ਉਪਰੰਤ ਕੀਤੇ ਸਮਝੌਤੇ ਦੌਰਾਨ ਥਰਮਲ ਦੇ ਕੱਚੇ ਕਾਮਿਆਂ ਨੂੰ ਪੈਸਕੋ ਕੰਪਨੀ ਰਾਹੀਂ ਗਰਿੱਡਾਂ ਅਤੇ ਫੀਲਡ ‘ਚ ਨਿਯੁਕਤ ਕੀਤਾ ਗਿਆ ਸੀ, ਪ੍ਰੰਤੂ ਦੋ ਮਹੀਨੇ ਬੀਤ ਜਾਣ `ਤੇ ਵੀ ਕੰਪਨੀ ਨੇ ਅਜੇ ਤੱਕ ਕਾਮਿਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ, ਜਿਸ ਦੇ ਰੋਸ ਵਜੋਂ ਉਕਤ ਮੁਲਾਜ਼ਮਾਂ ਵੱਲੋਂ ਰੋਸ ਪ੍ਰਗਟ ਕਰਦਿਆਂ ਮੈਨੇਜ਼ਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ।ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਗੁਰਵਿੰਦਰ ਸਿੰਘ, ਕਰਮਜੀਤ ਸਿੰਘ, ਖੁਸ਼ਦੀਪ ਸਿੰਘ ਨੇ ਕਿਹਾ ਕਿ ਪਾਵਰਕਾਮ ਮੈਨੇਜ਼ਮੈਂਟ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ।ਉਨ੍ਹਾਂ ਕਿਹਾ ਕਿ ਨਿਗੁਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਕਾਮਿਆਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਘਰਾਂ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ, ਪਰ ਕਾਮਿਆਂ ਤੋਂ ਬਿਜਲੀ ਖੇਤਰ ਦੇ ਜੋਖਮ ਭਰੇ ਗੈਰ ਸੁਰੱਖਿਅਤ 12-12 ਘੰਟੇ ਕੰਮ ਲਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਥਰਮਲ ਬੰਦ ਕਰਨ ਖਿਲਾਫ ਚੱਲੇ ਸੰਘਰਸ਼ ਸਮੇਂ ਸਰਕਾਰ ਅਤੇ ਮੈਨੇਜ਼ਮੈਂਟ ਵੱਲੋਂ ਕੀਤੇ ਸਮਝੌਤੇ ਤਹਿਤ 10 ਕਿਲੋਮੀਟਰ ਦੇ ਘੇਰੇ ‘ਚ ਕਾਮਿਆਂ ਨੂੰ ਨਿਯੁੱਕਤ ਕੀਤਾ ਜਾਵੇ ਅਤੇ 10 ਕਿ. ਮੀ. ਤੋਂ ਵੱਧ ਦੂਰੀ ‘ਤੇ ਨਿਯੁਕਤ ਕੀਤੇ ਕਾਮਿਆਂ ਨੂੰ ਸਫਰੀ ਭੱਤਾ ਦਿੱਤਾ ਜਾਵੇ।ਇਸ ਤੋਂ ਇਲਾਵਾ  ਫੀਲਡ ‘ਚ ਕੰਮ ਕਰਨ ਵਾਲੇ ਕਾਮਿਆਂ ਨੂੰ ਵੀ ਕੋਈ ਵਹੀਕਲ ਆਦਿ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੰਮ ਕਰਦੇ ਕਾਮਿਆਂ ਨਾਲ ਵਾਪਰੇ ਹਾਦਸੇ ਲਈ ਕੋਈ ਮਾਲੀ ਮਦਦ ਵੀ ਨਹੀਂ ਦਿੱਤੀ ਜਾਂਦੀ।ਆਗੂਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਬਣਦੀਆਂ ਤਨਖਾਹਾਂ ਦਿੱਤੀਆਂ ਜਾਣ, ਬਰਾਬਰ ਕੰਮ / ਬਰਾਬਰ ਤਨਖਾਹ ਫਾਰਮੂਲਾ ਲਾਗੂ ਕੀਤਾ ਜਾਵੇ, ਜੋਖਮ ਭਰੇ ਕੰਮ ‘ਚ ਜਖਮੀ ਕਾਮਿਆਂ ਲਈ ਇਲਾਜ਼ ਦਾ ਪ੍ਰਬੰਧ, ਹਰ ਵਰਕਰ ਨੂੰ ਮਹਿਕਮੇ ਵੱਲੋਂ ਆਪਣੇ ਖਰਚੇ ‘ਤੇ ਸਨਾਖ਼ਤੀ ਕਾਰਡ, ਕਾਮਅਿਾਂ ਨੂੰ ਸਰਕਾਰੀ ਖਰਚੇ ‘ਤੇ ਖਤਰੇ ਵਾਲੇ ਕੰਮ ਦੀ ਟ੍ਰੇਨਿੰਗ ਆਦਿ ਮੰਗਾਂ ਸਬੰਧੀ ਮੈਨੇਜ਼ਮੈਂਟ ਅਤੇ ਸਰਕਾਰ ਨੂੰ ਜਾਣੂ ਕਰਵਾਇਆ। ਇਸ ਮੌਕੇ ਰਵਿੰਦਰ ਸਿੰਘ, ਸਤਵੀਰ ਸਿੰਘ, ਕਿਰਪਾਲ ਸਿੰਘ, ਜਸਵੀਰ ਸਿੰਘ, ਦੀਪਕ ਕੁਮਾਰ, ਵਿਜੇ ਕੁਮਾਰ, ਮਹਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਰੁਪਿੰਦਰ ਸਿੰਘ, ਅਮਰੀਕ ਸਿੰਘ, ਬਲਜੀਤ ਸਿੰਘ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply