Friday, March 29, 2024

ਲੌਂਗੋਵਾਲ ਨੇ ਜੋਧਪੁਰ ਜੇਲ੍ਹ ਕੈਦੀ ਸਹਾਇਤਾ ਸੈਲ ਸਥਾਪਤ ਕਰਨ ਦਾ ਐਲਾਨ

PPN2406201809ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇਥੇ ਕਿਹਾ ਕਿ ਸ਼੍ਰੋਮਣੀ ਕਮੇਟੀ ਜੋਧਪੁਰ ਜ਼ੇਲ੍ਹ ’ਚ ਬੰਦੀ ਰਹੇ ਸਿੱਖਾਂ ਦੀ ਮੱਦਦ ਲਈ ਵਚਨਬਧ ਹੈ ਅਤੇ ਜੇਕਰ ਲੋੜ ਪਈ ਤਾਂ ਉਨ੍ਹਾਂ ਨੂੰ ਮੁਆਵਜੇ ਸਬੰਧੀ ਕੇਸ ਲਈ ਕਾਨੂੰਨੀ ਸਹਾਇਤਾ ਵੀ ਦਿੱਤੀ ਜਾਵੇਗੀ।ਇਸ ਦੌਰਾਨ ਉਨ੍ਹਾਂ ਜੋਧਪੁਰ ਜੇਲ੍ਹ ਨਾਲ ਸਬੰਧਤ ਸਿੱਖਾਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਿਸ਼ੇਸ਼ ਸੈੱਲ ਸਥਾਪਿਤ ਕਰਨ ਦਾ ਐਲਾਨ ਵੀ ਕੀਤਾ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਜੋਧਪੁਰ ਜੇਲ੍ਹ ਚ ਨਰਜਬੰਦ ਰਹੇ ਸਿੱਖਾਂ ਦੇ ਨਾਲ ਸੀ ਅਤੇ ਅਗਾਂਹ ਵੀ ਰਹੇਗੀ।ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਇੱਕ ਸਬ ਕਮੇਟੀ ਵੀ ਬਣਾ ਦਿੱਤੀ ਗਈ ਹੈ ਜਿਸ ਵਿਚ ਅੰਤ੍ਰਿੰਗ ਮੈਂਬਰ ਭਗਵੰਤ ਸਿੰਘ ਸਿਆਲਕਾ, ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਵਧੀਕ ਸਕੱਤਰ ਜਗਜੀਤ ਸਿੰਘ ਜੱਗੀ ਨੂੰ ਸ਼ਾਮਲ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਨ੍ਹਾਂ ਦੇ ਕੇਸਾਂ ਦੀ ਪੈਰਵਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ਕੀਤੇ ਜਾਣ ਵਾਲੇ ਵਿਸ਼ੇਸ਼ ਸੈਲ ਵਿਚ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਪ੍ਰੀਤਪਾਲ ਸਿੰਘ, ਟਰੱਸਟ ਵਿਭਾਗ ਦੇ ਇੰਚਾਰਜ, ਗੁਰਦਰਸ਼ਨ ਸਿੰਘ ਸਾਬਕਾ ਵਧੀਕ ਸਕੱਤਰ ਤੇ ਹਰਦੀਪ ਸਿੰਘ ਘੁੰਗਰਾਲੀ ਸਿੱਖਾਂ ਸਾਬਕਾ ਮੁਲਾਜਮ ਸ਼੍ਰੋਮਣੀ ਕਮੇਟੀ ਸੇਵਾਵਾਂ ਨਿਭਾਉਣਗੇ।ਉਨ੍ਹਾਂ ਜੋਧਪੁਰ ਜੇਲ੍ਹ ਕੱਟ ਚੁੱਕੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮੁਕੰਮਲ ਜਾਣਕਾਰੀ ਸ਼੍ਰੋਮਣੀ ਕਮੇਟੀ ਪਾਸ ਪਹੁੰਚਾਉਣ ਤਾਂ ਜੋ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ।
ਇਸੇ ਦੌਰਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਸਮੇਂ ਵੱਖ-ਵੱਖ ਸਿੱਖ ਮਸਲੇ ਉਠਾਏ ਗਏ ਸਨ।ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੱਕ ਡੇਰਾ ਬਾਬਾ ਨਾਨਕ ਤੋਂ ਖੁੱਲ੍ਹਾ ਲਾਂਘਾ ਦੇਣ, ਸਿੱਖ ਰੈਂਫਰੈਂਸ ਲਾਇਬ੍ਰੇਰੀ ਦਾ ਜੂਨ 1984 ਦੌਰਾਨ ਲੁੱਟਿਆ ਖ਼ਜ਼ਾਨਾ ਵਾਪਸ ਕਰਨ, ਸਜ਼ਾਵਾਂ ਪੂਰੀਆਂ ਕਰਨ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕਰਨ, ਜੰਮੂ ਕਸ਼ਮੀਰ ਵਿਚ ਸਿੱਖਾਂ ਨੂੰ ਘਟ-ਗਿਣਤੀ ਦਰਜ਼ਾ ਦੇਣ, ਸਿੱਕਮ ਸਥਿਤ ਗੁਰਦੁਆਰਾ ਗੁਰੂ ਡਾਂਗਮਾਰ ਦਾ ਮਸਲਾ ਹੱਲ ਕਰਨ ਤੋਂ ਇਲਾਵਾ ਸ਼ਿਲਾਂਗ ਵਿਚ ਸਿੱਖਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਪੀਲ ਕੀਤੀ ਗਈ ਸੀ। ਭਾਈ ਲੌਂਗੋਵਾਲ ਅਨੁਸਾਰ ਇਨ੍ਹਾਂ ਸਿੱਖ ਮਸਲਿਆਂ ਸਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹਾਂ-ਪੱਖੀ ਹੁੰਗਾਰਾ ਭਰਿਆ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ, ਜਗਜੀਤ ਸਿੰਘ ਜੱਗੀ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਦਰਸ਼ਨ ਸਿੰਘ ਲੌਂਗੋਵਾਲ ਪੀ.ਏ ਸਮੇਤ ਹੋਰ ਮੌਜੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply