Tuesday, April 16, 2024

ਆਮ ਲੋਕਾਂ ਨੂੰ ਨਾਲ ਜੋੜ ਕੇ ਨਸ਼ਿਆਂ ਵਿਰੁੱਧ ਸਾਂਝੀ ਮੁਹਿੰਮ ਵਿੱਢਣ ਦੀ ਲੋੜ – ਸਾਹਿਤਕਾਰ ਤੇ ਕਲਾਕਾਰ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਅੱਜ ਇਥੇ ਜਨਵਾਦੀ ਲੇਖਕ ਸੰਘ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬ PPN3006201807ਵਿਚ ਨਸ਼ਿਆਂ ਦੇ ਪ੍ਰਕੋਪ ਨਾਲ ਤਬਾਹ ਹੋ ਰਹੀ ਜਵਾਨੀ ਦੇ ਮੁੱਦੇ ’ਤੇ ਆਮ ਲੋਕਾਂ ਵਲੋਂ ਮਨਾਏ ਜਾ ਰਹੇ ‘ਚਿੱਟੇ ਦੇ ਵਿਰੁੱਧ-ਕਾਲਾ ਹਫਤਾ’ ਦੀ ਪ੍ਰੋੜ੍ਹਤਾ ਕਰਨ ਹਿੱਤ ਹੋਈ ਵਿਚਾਰ-ਚਰਚਾ ਵਿਚ ਲੇਖਕਾਂ ਦੀ ਇਹ ਰਾਇ ਸੀ ਕਿ ਸਿਆਸੀ ਪੁਸ਼ਤਪਨਾਹੀ ਤੇ ਪੁਲਿਸ ਤੰਤਰ ਇਹਦੇ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।ਇਸ ਲਈ, ਉਨ੍ਹਾਂ ਦਾ ਇਹ ਵਿਚਾਰ ਸੀ ਕਿ ਸਾਹਿਤਕਾਰਾਂ, ਕਲਾਕਾਰਾਂ ਵਲੋਂ ਆਮ ਲੋਕਾਂ ਨੂੰ ਨਾਲ ਜੋੜ ਕੇ ਨਸ਼ਿਆਂ ਵਿਰੁੱਧ ਸਾਂਝੀ ਮੁਹਿੰਮ ਵਿੱਢਣ ਦੀ ਲੋੜ ਹੈ।
          ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਚ ਹੋਈ ਇਸ ਵਿਚਾਰ-ਚਰਚਾ ਵਿਚ ਹਿੱਸਾ ਲੈਂਦਿਆਂ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਸ੍ਰੀ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਨਸ਼ਿਆਂ ਵਰਗੇ ਭਿਆਨਕ ਦੈਂਤ ਦੀ ਆਪਣੇ ਘਰਾਂ ਅੰਦਰ ਦਾਖਲ ਹੋਣ ਦੀ ਉਡੀਕ ਕਰਨ ਦੀ ਬਜਾਇ ਇਸ ਵਿਰੁੱਧ ਲੜਨ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।ਸ਼ਾਇਰ ਦੇਵ ਦਰਦ ਨੇ ਕਿਹਾ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਦਿਆਂ ਸਿਆਸੀ ਧਿਰਾਂ ਸੱਤਾ ਤਾਂ ਹਾਸਲ ਕਰ ਲੈਂਦੀਆਂ ਹਨ ਪਰ ਨਸ਼ਿਆਂ ਵਰਗੇ ਭਿਆਨਕ ਰੋਗ ਨੂੰ ਠੱਲ੍ਹ ਪਾਉਣ ਲਈ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਹੀਂ ਨਿਭਾਉਦੀਆਂ।
          ਡਾ. ਹੀਰਾ ਸਿੰਘ ਨੇ ਕਿਹਾ ਕਿ ਬੇਰੁਜ਼ਗਾਰੀ ਵਰਗੇ ਦੈਂਤ ਨੇ ਨੌਜੁਆਨ ਪੀੜ੍ਹੀ ਨੂੰ ਕੁਰਾਹੇ ਪਾਇਆ ਹੈ। ਸਰਕਾਰਾਂ ਨੂੰ ਲੋਕਾਂ ਦੇ ਆਰਥਿਕ ਵਸੀਲਿਆਂ ਵੱਲ ਪਹਿਲ ਦੇ ਆਧਾਰ ’ਤੇ ਧਿਆਨ ਦੇਣ ਦੀ ਲੋੜ ਹੈ।ਉਘੇ ਸ਼ਾਇਰ ਨਿਰਮਲ ਅਰਪਨ ਨੇ ਕਿਹਾ ਕਿ ਮਾਂ-ਬਾਪ ਦੇ ਬੁਢਾਪੇ ਦਾ ਸਹਾਰਾ ਬਣਨ ਵਾਲੇ ਇਨ੍ਹਾਂ ਗੱਭਰੂ ਪੁੱਤਾਂ ਨੂੰ ਨਸ਼ਿਆਂ ਰਾਹੀਂ ਸਿਵਿਆਂ ਦੇ ਰਾਹ ਤੋਰਨ ਵਾਲਿਆਂ ਦੀ ਸ਼ਨਾਖਤ ਕਰਨ ਦੀ ਲੋੜ ਹੈ।ਡਾ. ਹਜ਼ਾਰਾ ਸਿੰਘ ਚੀਮਾ ਅਤੇ ਸੁਮੀਤ ਸਿੰਘ ਨੇ ਕਿਹਾ ਕਿ ਨੌਜੁਆਨ ਪੀੜ੍ਹੀ ਵਿਚ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ ਅਤੇ ਨਸ਼ਾ ਤਸਕਰੀ ਵਿਚ ਸ਼ਾਮਲ ਲੋਕਾਂ ’ਤੇ ਸਖ਼ਤ ਕਾਰਵਾਈ ਵੀ ਹੋਣੀ ਚਾਹੀਦੀ ਹੈ।ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਖਿਲਾਫ ਮਨਾਏ ਜਾ ਰਹੇ ਇਸ ਰੋਸ ਹਫਤੇ ਰਾਹੀਂ ਸਰਕਾਰ ਅਤੇ ਸਿਆਸੀ ਧਿਰਾਂ ਨੂੰ ਝੰਜੋੜਣ ਦੀ ਉਮੀਦ ਜਾਗੀ ਹੈ।

Check Also

ਜਨਮ ਦਿਨ ਮੁਬਾਰਕ – ਅਰਪਨਪ੍ਰੀਤ ਕੌਰ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਵਾਸੀ ਪਿਤਾ ਤਜਿੰਦਰ ਸਿੰਘ ਅਤੇ ਮਾਤਾ ਹਰਜੀਤ ਕੌਰ …

Leave a Reply