Thursday, April 18, 2024

ਚਿੱਟੇ ਤੋਂ ਛੁਟਾਕਾਰਾ ਪਾ ਕੇ ਨਵੀਂ ਜਿੰਦਗੀ ਦੀ ਸ਼ੁਰੂਆਤ ਕਰ ਰਹੇ ਨੇ ਨੌਜਵਾਨ

ਨਸ਼ਾ ਮੁਕਤੀ ਕੇਂਦਰ ਬਦਲ ਰਹੇ ਨੇ ਕਈਆਂ ਦੀ ਤਕਦੀਰ

PPN0907201809ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ -ਮਨਜੀਤ ਸਿੰਘ) – ‘ਚਿੱਟੇ ਨੇ ਮੇਰੀ ਤੇ ਮੇਰੇ ਪਰਿਵਾਰ ਦੀ ਜਿੰਦਗੀ ਨਰਕ ਬਣਾ ਦਿੱਤੀ ਸੀ, ਲੱਗਦਾ ਸੀ ਕਿ ਜਿਸ ਦਿਨ ਚਿੱਟਾ ਨਾ ਮਿਲਿਆ ਉਸ ਦਿਨ ਮਰ ਜਾਵਾਂਗਾ, ਪਰੰਤੂ ਹੁਣ ਨਸ਼ਾ ਛੁਡਾਊ ਕੇਂਦਰ ਨੇ ਜਿੱਥੇ ਜਾਨ ਬਚਾ ਦਿੱਤੀ ਹੈ, ਉਥੇ ਮੁੜ ਜਿਉਣ ਦੀ ਲਾਲਸਾ ਪੈਦਾ ਕਰ ਦਿੱਤੀ ਹੈ।ਇਲਾਜ ਨਾਲ ਮੈਂ ਹੁਣ ਆਪਣੇ ਪਰਿਵਾਰ ਲਈ ਲੋੜ ਜੋਗਾ ਕੰਮ ਕਰ ਲੈਂਦਾ ਹਾਂ ਤੇ ਦਿਨੋ-ਦਿਨ ਸਿਹਤ ਵੀ ਠੀਕ ਹੋ ਰਹੀ ਹੈ।’ ਇਹ ਦਰਦ ਲੋਕਾਂ ਦੀ ਸਹਾਇਤਾ ਨਾਲ ਸਰਕਾਰ ਵੱਲੋਂ ਨਸ਼ਿਆਂ ਵਿਰੁਧ ਵਿੱਢੀ ਜੰਗ ਤਹਿਤ ਨਸ਼ਾ ਮੁਕਤ ਹੋਏ ਇੱਕ ਨੌਜਵਾਨ ਦਾ ਹੈ, ਜਿਹੜਾ ਕਿ ਮਾੜੀ ਸੰਗਤ ਕਰਕੇ ਚਿੱਟੇ ਦੀ ਲਤ ਲਗਾ ਬੈਠਾ ਸੀ, ਪ੍ਰੰਤੂ ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ’ਚੋਂ ਇਲਾਜ ਕਰਵਾ ਕੇ ਪੂਰੀ ਤਰ੍ਹਾ ਨਸ਼ਾ ਮੁਕਤ ਹੋ ਚੁੱਕਾ ਹੈ।
    ਇਹ ਕਹਾਣੀ ਸਿਰਫ਼ ਇੱਕ ਨੌਜਵਾਨ ਦੀ ਨਹੀਂ, ਬਲਕਿ ਅਜਿਹੀ ਕਹਾਣੀ ਦੇ ਪਾਤਰ ਹੋਰ ਵੀ ਸੈਂਕੜੇ ਨੌਜਵਾਨ ਹਨ, ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਵਿਰੋਧੀ ਜੰਗ ’ਚ ਹੁਣ ਖ਼ੁਦ ਵੀ ਨਿੱਤਰ ਪਏ ਹਨ।ਆਪਣਾ ਨਾਮ ਗੁਪਤ ਰੱਖਦਿਆਂ ਇਨ੍ਹਾਂ ਨੌਜਵਾਨਾਂ ਨੇ ਨਸ਼ਿਆਂ ਦੀ ਲਤ ਲਈ ਸਿਰਫ਼ ਮਾੜੀ ਸੰਗਤ ਅਤੇ ਅਸਾਨੀ ਨਾਲ ਮਿਲਦੇ ਚਿੱਟੇ ਨੂੰ ਜਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਜੇਕਰ ਹੁਣ ਵੀ ਚਿੱਟਾ ਆਮ ਮਿਲਦਾ ਰਹਿੰਦਾ ਤਾਂ ਸ਼ਾਇਦ ਉਹ ਨਸ਼ਾ ਛਡਾਊ ਕੇਂਦਰ ਵੱਲ ਰੁਖ ਹੀ ਨਾ ਕਰਦੇ।
    ਸਰਹੱਦੀ ਪੱਟੀ ਦੇ ਇੱਕ ਪਿੰਡ ਦੇ 25 ਸਾਲਾ ਬਾਰਵੀਂ ਪਾਸ ਨੌਜਵਾਨ ਨੇ ਆਪਣੀ ਕਹਾਣੀ ਦਸਦਿਆਂ ਕਿਹਾ ਕਿ ਉਹ 18 ਕੁ ਸਾਲ ਦੀ ਉਮਰ ਵਿਚ ਨਸ਼ਾ ਕਰਨ ਲੱਗ ਪਿਆ ਸੀ ਅਤੇ ਘਰਦਿਆਂ ਨੇ ਇਸ ਆਸ ’ਤੇ ਵਿਆਹ ਵੀ ਕਰ ਦਿੱਤਾ ਕਿ ਸ਼ਾਇਦ ਇਹ ਮੁੜ ਪਵੇ, ਪਰ ਅਜਿਹਾ ਨਹੀਂ ਹੋਇਆ।ਉਹ ਲਗਾਤਾਰ ਨਸ਼ੇ ਵਿਚ ਧੱਸਦਾ ਗਿਆ, ਪਰ ਹੁਣ ਬੀਤੇ ਦਿਨਾਂ ਤੋਂ ਹੋਈ ਸਖਤਾਈ ਕਾਰਨ ਚਿੱਟੇ ਦੀ ਥਾਂ ਮਿਲਦੇ ਟੀਕਿਆਂ ਕਾਰਨ ਜਦੋਂ ਮੁੰਡੇ ਮਰਨ ਲੱਗੇ ਤਾਂ ਮੈਂ ਡਰ ਗਿਆ।ਇਸ ਡਰ ਨੇ ਉਸ ਨੂੰ ਇਸ ਕੇਂਦਰ ਵਿਚ ਭੇਜਿਆ, ਜਿੱਥੇ ਉਹ ਅੱਗੇ ਨਾਲੋਂ ਬਿਹਤਰ ਮਹਿਸੂਸ ਕਰ ਰਿਹਾ ਹੈ।  
    ਇਸੇ ਤਰ੍ਹਾਂ ਜੰਡਿਆਲਾ ਇਲਾਕੇ ਦੇ ਇੱਕ ਹੋਰ ਦਸਵੀਂ ਪਾਸ ਅਤੇ 30 ਕੁ ਸਾਲ ਦੇ ਨੌਜਵਾਨ ਦੀ ਪਤਨੀ ਦਾ ਕਹਿਣਾ ਸੀ ਕਿ ਉਸ ਦਾ ਪਤੀ ਵੀ ਸਮੈਕ, ਗੋਲੀਆਂ, ਜਰਦਾ, ਸ਼ਰਾਬ ਆਦਿ ਭੈੜੇ ਨਸ਼ਿਆਂ ਦਾ ਆਦੀ ਹੋ ਚੁੱਕਾ ਸੀ ਜਿਸ ਕਾਰਨ ਉਸ ਦੀ ਤੇ ਉਸ ਦੇ ਬੱਚੇ ਦੀ ਜਿੰਦਗੀ ਤਬਾਹ ਹੋਣ ਕਿਨਾਰੇ ਸੀ, ਪ੍ਰੰਤੂ ਸਰਕਾਰ ਬਦਲਣ ਨਾਲ ਜਦੋਂ ਨਸ਼ਿਆਂ ਵਿਰੱਧ ਰੌਲਾ ਪਿਆ ਤਾਂ ਅਸੀਂ ਇਸ ਨੂੰ ਨਸ਼ਾ ਛੁਡਾਊ ਕੇਂਦਰ ਭਰਤੀ ਕਰਵਾ ਦਿੱਤਾ, ਜਿੱਥੇ ਉਹ 20 ਕੁ ਦਿਨ ਰਿਹਾ। ਅੱਕਲ ਉਹ ਡੁਬਈ ਵਿਚ ਵੈਲਡਿੰਗ ਦਾ ਕੰਮ ਕਰ ਰਿਹਾ ਹੈ ਅਤੇ ਸਾਨੂੰ ਲੋੜ ਅਨੁਸਾਰ ਪੈਸੇ ਵੀ ਭੇਜਦਾ ਹੈ।  
            ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਜੋ ਕਿ ਲਗਾਤਾਰ ਇਸ ਮੁਹਿੰਮ ਨਾਲ ਜੁੜੇ ਹੋਏ ਹਨ, ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਗ੍ਰਿਫ਼ਤ ’ਚ ਆਏ ਵਿਅਕਤੀਆਂ ਦੇ ਮੁਫ਼ਤ ਇਲਾਜ ਲਈ ਜ਼ਿਲ੍ਹੇ ’ਚ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਅਤੇ ਪੰਜਾਬ ਸਰਕਾਰ ਦੇ ਓਟ ਕਲਿਨਿਕ (ਓ.ਓ.ਏ.ਟੀ) ਦਾ ਲਾਭ ਉਠਾਉਣ।ਕੇਂਦਰ ਦੇ ਇੰਚਾਰਜ ਡਾ. ਪੀ.ਡੀ ਗਰਗ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਨੇ ਹੁਣ ਤੱਕ 15 ਹਜ਼ਾਰ ਤੋਂ ਵੱਧ ਮਰੀਜਾਂ ਦਾ ਇਲਾਜ ਕੀਤਾ ਹੈ ਅਤੇ ਅੱਜ ਵੀ 80 ਮਰੀਜ਼ ਇੱਥੇ ਜ਼ੇਰੇ ਇਲਾਜ ਹਨ।ਉਨਾਂ ਦੱਸਿਆ ਕਿ ਬੀਤੇ ਦਿਨਾਂ ਤੋਂ ਲਗਾਤਾਰ ਇਹ ਗਿਣਤੀ ਵੱਧ ਰਹੀ ਹੈ ਅਤੇ ਪ੍ਰਸ਼ਾਸਨ ਇਲਾਜ ਲਈ ਪ੍ਰਬੰਧ ਵਿਚ ਸਹਿਯੋਗ ਦੇ ਰਿਹਾ ਹੈ।ਉਨਾਂ ਦੱਸਿਆ ਕਿ ਇਥੇ ਮਰੀਜ ਤੇ ਉਸ ਦੇ ਪਰਿਵਾਰ ਦੀ ਕੌਂਸਲਿੰਗ, ਯੋਗਾ, ਮੈਡੀਟੇਸ਼ਨ, ਦਵਾਈਆਂ ਅਤੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਨਸ਼ਿਆਂ ਤੋਂ ਪ੍ਰਭਾਵਿਤ ਨੌਜਵਾਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਜੇਕਰ ਦੁਬਾਰਾ ਉਕਤ ਨੌਜਵਾਨ ਭੈੜੀ ਸੰਗਤ ਵਿਚ ਨਾ ਪੈਣ ਤਾਂ ਨੌਜਵਾਨ ਦਾ ਸਰੀਰ ਨਸ਼ਾ ਨਹੀਂ ਮੰਗੇਗਾ।

 

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply