Tuesday, April 16, 2024

ਆਵਾਰਾ ਪਸੂਆਂ ਤੋਂ ਨਿਜ਼ਾਤ ਦਿਵਾਉਣ ਲਈ ਡੀ.ਸੀ ਮਾਨਸਾ ਨੇ ਚੁੱਕੇ ਕਰੜੇ ਕਦਮ

ਲਾਵਾਰਿਸ ਪਸ਼ੂਆਂ ਤੋਂ ਦੁੱਧ ਲੈ ਕੇ ਉਨ੍ਹਾਂ ਨੂੰ ਦੁਬਾਰਾ ਛੱਡ ਦੇਣ ਵਾਲੇ ਵਿਰੁੱਧ ਹੋਵੇਗੀ ਸਖਤ ਕਾਰਵਾਈ
ਭੀਖੀ, 11 ਅਗਸਤ (ਪੰਜਾਬ ਪੋਸਟ-ਕਮਲ ਜਿੰਦਲ) – ਜ਼ਿਲ੍ਹੇ ਅੰਦਰ ਆਵਾਰਾ ਪਸ਼ੂਆਂ ਕਾਰਨ ਵੱਧ ਰਹੇ ਹਾਦਸਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਡਿਪਟੀ PPN1108201826ਕਮਿਸ਼ਨਰ ਅਪਨੀਤ ਰਿਆਤ ਨੇ 23 ਗਊਸ਼ਾਲਾਵਾਂ ਦੇ ਪ੍ਰਧਾਨਾਂ ਅਤੇ ਨੁਮਾਇੰਦਿਆਂ ਨਾਲ ਸਥਾਨਕ ਬੱਚਤ ਭਵਨ ਵਿਖੇ ਇੱਕ ਅਹਿਮ ਮੀਟਿੰਗ ਕੀਤੀ।
    ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਇੱਕ ਸਾਂਝੀ ਸਮੱਸਿਆ ਦੱਸਿਆ ਅਤੇ ਆਖਿਆ ਕਿ ਇਸ ਸਮੱਸਿਆ ਤੋਂ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਰੂਪ `ਚ ਜੂਝ ਰਿਹਾ ਹੈ।ਉਨ੍ਹਾਂ ਸਮੂਹ ਗਊਸ਼ਾਲਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਪ੍ਰਸ਼ਾਸ਼ਨ ਦਾ ਹਰ ਹੀਲੇ ਸਹਿਯੋਗ ਕਰਨ ਅਤੇ ਉਨ੍ਹਾਂ ਨਾਲ ਹੀ ਇਹ ਆਸਵਾਸ਼ਨ ਦਿਵਾਇਆ ਕਿ ਜਲਦ ਹੀ ਕਾਓ ਸੈਸ ਦੇ ਰੂਪ ਵਿੱਚ ਗਊਸ਼ਾਲਾਵਾਂ ਨੂੰ ਫੰਡਜ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਜਾਵੇਗਾ।
    ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੱਲ (ਸ਼ਨੀਵਾਰ) ਤੋਂ 10 ਦਿਨਾਂ ਦੀ `ਆਵਾਰਾ ਤੇ ਲਾਵਾਰਿਸ ਪਸ਼ੂਆਂ` ਨੂੰ ਫੜ ਕੇ ਗਊਸ਼ਾਲਾਵਾਂ ਵਿੱਚ ਛੱਡਣ ਦੀ ਮੁਹਿੰਮ ਸ਼ੁਰੂ ਹੋਵੇਗੀ ਅਤੇ ਉਹ ਖੁਦ ਇਸ ਮੁਹਿੰਮ ਦਾ ਹਿੱਸਾ ਬਣਨਗੇ।ਇਸ ਮੌਕੇ ਉਨ੍ਹਾਂ ਹਰ ਗਊਸ਼ਾਲਾ ਦੇ ਨੁਮਾਇੰਦੇ ਤੋਂ ਇਹ ਪ੍ਰਣ ਦਵਾਇਆ ਕਿ ਉਹ ਵੱਧ ਤੋਂ ਵੱਧ ਗਊਆਂ ਨੂੰ ਫੜ ਕੇ ਆਪਣੀ-ਆਪਣੀ ਗਊਸ਼ਾਲਾ ਵਿੱਚ ਲੈ ਕੇ ਜਾਣਗੇ।ਗਊਸ਼ਾਲਾ ਪ੍ਰਬੰਧਕਾਂ ਨੇ ਘੱਟ ਤੋਂ ਘੱਟ 50 ਤੋਂ 200 ਗਊਆਂ ਤੱਕ ਫੜ ਕੇ ਆਪਣੀ ਗਊਸ਼ਾਲਾ ਵਿੱਚ ਸਾਂਭਣ ਦਾ ਭਰੋਸਾ ਦਿਵਾਇਆ।
    ਪ੍ਰਬੰਧਕਾਂ ਨੇ ਡਿਪਟੀ ਕਮਿਸ਼ਨਰ ਤੋਂ ਵੀ ਭਰੋਸਾ ਲਿਆ ਕਿ ਉਹ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦਾ ਵੀ ਪੂਰਨ ਤੌਰ `ਤੇ ਸਾਥ ਦੇਣਗੇ ਅਤੇ ਗਊਆਂ ਨੂੰ ਫੜਨ ਵੇਲੇ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦੇਣਗੇ।
    ਇਸ ਦੇ ਜਵਾਬ ਵਜੋਂ ਡਿਪਟੀ ਕਮਿਸ਼ਨਰ ਨੇ ਮੌਕੇ `ਤੇ ਹੀ ਮੁੱਖ ਖੇਤੀਬਾੜੀ ਅਫਸ਼ਰ ਦੀ ਡਿਊਟੀ ਰਮਦਿੱਤਾ ਗਊਸ਼ਾਲਾ ਨਾਲ ਲਗਾ ਦਿੱਤੀ ਅਤੇ ਡਿਪਟੀ ਡਾਇਰੈਕਟਰ ਪਸ਼ੂ ਭਲਾਈ ਵਿਭਾਗ ਦੀ ਡਿਊਟੀ ਗੁਰੂ ਨਾਨਕ ਨੰਦੀਸ਼ਾਲਾ ਦੇ ਨਾਲ ਲਗਾਈ।ਡੀ.ਸੀ ਅਪਨੀਤ ਰਿਆਤ ਨੇ ਕਿਹਾ ਕਿ ਡੀ.ਐਸ.ਪੀ ਸਿਮਰਨਜੀਤ ਸਿੰਘ ਕੰਗ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਤੋਂ ਇਲਾਵਾ ਸਿਵਲ ਪ੍ਰਸ਼ਾਸ਼ਨ ਦਾ ਇੱਕ ਅਧਿਕਾਰੀ 10 ਦਿਨ ਲਗਾਤਾਰ ਹਰ ਗਊਸ਼ਾਲਾ ਦੇ ਨਾਲ ਪੂਰਨ ਤੌਰ `ਤੇ ਸਹਿਯੋਗ ਕਰੇਗਾ।
    ਡੀ.ਐਸ.ਪੀ ਸਿਮਰਨਜੀਤ ਨੇ ਵੀ ਆਸਵਾਸ਼ਨ ਦਿਵਾਇਆ ਕਿ ਆਸ-ਪਾਸ ਦੇ ਇਲਾਕਿਆਂ `ਚੋਂ ਗਊਆਂ ਲੈ ਕੇ ਸ਼ਹਿਰ ਵਿੱਚ ਛੱਡਣ ਵਾਲੇ ਲੋਕਾਂ `ਤੇ ਵੀ ਨਕੇਲ ਕਸੀ ਜਾਵੇਗੀ।  ਇੱਕ ਸਵਾਲ ਦੇ ਜਵਾਬ ਵਿੱਚ ਡੀ.ਐਸ.ਪੀ. ਨੇ ਦੱਸਿਆ ਕਿ ਲਾਵਾਰਿਸ ਪਸ਼ੂਆਂ ਤੋਂ ਦੁੱਧ ਲੈ ਕੇ ਉਨ੍ਹਾਂ ਨੂੰ ਦੁਬਾਰਾ ਛੱਡ ਦੇਣ ਵਾਲੇ ਵਿਰੁੱਧ ਕੜੀ ਕਾਰਵਾਈ ਹੋਵੇਗੀ ਅਤੇ ਗਊਸ਼ਾਲਾਵਾਂ ਵੱਲੋਂ ਲਾਵਾਰਿਸ ਫੜੀਆਂ ਗਾਈਆਂ ਵਾਪਸ ਨਹੀਂ ਕੀਤੀਆਂ ਜਾਣਗੀਆਂ।
    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਿਨੇਸ਼ ਵਿਸ਼ਿਸ਼ਟ ਤੋਂ ਇਲਾਵਾ ਗਊਸ਼ਾਲਾਵਾਂ ਦੇ ਪ੍ਰਧਾਨ ਅਤੇ ਨੁਮਾਇੰਦੇ ਮੌਜੂਦ ਸਨ।

 

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply