Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

ਮੁਫਤ ਖਾਓ – ਬਿੱਲ ਤੁਹਾਡੇ ਪੋਤੇ ਦੇਣਗੇ!

    ਲੋਕਾਂ ਨੂੰ ਬੁੱਧੂ ਬਣਾ ਕੇ ਰਾਜ ਗੱਦੀ `ਤੇ ਬੈਠਣ ਲਈ ਮੋਦੀ ਜੀ ਦਾ ਹਰੇਕ ਦੇ ਖਾਤੇ ਵਿੱਚ 15-15 ਲੱਖ ਜਮ੍ਹਾਂ ਕਰਾਉਣ ਦਾ ਇਹ ਕੋਈ ਜੁਮਲਾ ਨਹੀਂ, ਇਹ ਇੱਕ ਠੋਸ ਸੱਚਾਈ ਹੈ।ਇਸ ਨੂੰ ਸਮਝਣਾ ਅਤੇ ਅਮਲ ਕਰਨਾ ਹਰਕੇ ਵਿਅਕਤੀ ਦੇ ਵੱਸ ਦੀ ਗੱਲ ਨਹੀਂ।ਇੱਕ ਹੋਟਲ ਮਾਲਕ ਨੇ ਆਪਣੇ ਹੋਟਲ ਮੂਹਰੇ ਇੱਕ ਬੋਰਡ ਤੇ ਇਹ ਲਿਖਾ ਦਿੱਤਾ ‘ਮੁਫ਼ਤ ਖਾਓ ਬਿਲ ਤੁਹਾਡੇ ਪੋਤੇ ਦੇਣਗੇ।’ ਉਸ ਹੋਟਲ `ਤੇ ਮੁਫ਼ਤ ਖਾਣਾ ਖਾਣ ਲਈ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ। ਪਰ ਜਦੋਂ ਵੀ ਕੋਈ ਖਾਣਾ ਖਾ ਕੇ ਹੱਟਦਾ ਤਾਂ ਉਸ ਮੂਹਰੇ ਥਾਲੀ ਵਿੱਚ ਇੱਕ ਪਰਚੀ ਰੱਖ ਦਿੱਤੀ ਜਾਂਦੀ ਕਿ ਐਨੇ ਰੁਪਏ ਦੇ ਦਿਓ।ਕਈ ਤਾਂ ਇਹ ਦੇਖ ਕੇ ਲਾਲ ਪੀਲ਼ੇ ਹੋ ਕੇ ਅਤੇ ਲੜਣ ਤੱਕ ਪਹੁੰਚ ਜਾਂਦੇ।ਪਰ ਹੋਟਲ ਦਾ ਮਾਲਕ ਹੱਥ ਜੋੜ ਕੇ ਨਿਮਰਤਾ ਸਹਿਤ ਉਨ੍ਹਾਂ ਨੂੰ ਕਹਿੰਦਾ ਸਰਦਾਰ ਜੀ, ਭਾਅ ਜੀ ਤੁਸੀਂ ਮੇਰੇ ਬੋਰਡ ਦੀ ਪੂਰੀ ਲਾਈਨ ਨਹੀਂ ਪੜ੍ਹੀ।ਇਹ ਖਰਚਾ ਤੁਹਾਡੇ ਖਾਣ ਦਾ ਨਹੀਂ, ਇਹ ਤਾਂ ਤੁਹਾਡੇ ਦਾਦਾ ਜੀ ਦੇ ਖਾਣੇ ਦਾ ਬਿੱਲ ਹੈ ਤਾਂ ਉਹ ਵਿਅਕਤੀ ਬੁੜ ਬੁੜ ਕਰਦਾ ਜੇਬ ਵਿੱਚੋਂ ਪੈਸੇ ਕੱਢ ਕੇ ਦੇ ਦਿੰਦਾ, ਪਰ ਸੋਚਦਾ ਵਿਚਾਰਦਾ ਕੁੱਝ ਨਹੀਂ।ਉਹ ਇਹ ਨਹੀਂ ਜਾਣਦਾ ਕਿ ਸਾਡੇ ਦੇਸ਼ ਦੇ ਸਿਆਸਤਦਾਨ ਪਿਛਲੇ ਸੱਤਰ ਸਾਲਾਂ ਤੋਂ ਇਸ ਹੋਟਲ ਦੇ ਮਾਲਕ ਵਾਂਗ ਸਾਡੀਆਂ ਵੋਟਾਂ ਲੈ ਕੇ ਖੁਦ ਐਸ਼ੋ ਇਸ਼ਰਤ ਦੀ ਜ਼ਿੰਦਗੀ ਬਤੀਤ ਕਰਦੇ ਹਨ ਅਤੇ  ਟੈਕਸ `ਤੇ ਟੈਕਸ ਲਾ ਕੇ ਸਾਡੀ ਮਿਹਨਤ ਨਾਲ ਕੀਤੀ ਕਮਾਈ ਨੂੰ ਲੁੱਟ ਕੇ ਵਿਦੇਸ਼ੀ ਬੈਂਕਾਂ ਵਿੱਚ ਧਨ ਜਮ੍ਹਾਂ ਕਰਾਈ ਜਾਂਦੇ ਹਨ।ਪਰ ਅਸੀਂ ਟੁੱਟੀਆਂ ਸੜਕਾਂ ਤੇ ਮੌਤ ਦੇ ਮੂੰਹ ’ਚ ਜਾ ਰਹੇ ਹਾਂ ਅਤੇ ਦਿਨੋਂ ਦਿਨ ਮਹਿੰਗਾਈ ਦੀ ਚੱਕੀ ’ਚ ਪਿਸਦੇ ਹੋਏ ਗੁਰਬਤ ਦੀ ਜ਼ਿੰਦਗੀ ਜਿਉਂ ਰਹੇ ਹਾਂ।
ਮੈਂ ਜਦੋਂ ਵੀ ਟੈਲੀਵਿਜ਼ਨ ਤੇ ਖ਼ਬਰਾਂ ਦੇਖਦਾ ਹਾਂ ਤਾਂ ਸਾਉਣ ਦੇ ਮਹੀਨੇ ’ਚ ਥੋੜਾ ਜਿਹਾ ਮੀਂਹ ਪੈਣ ਨਾਲ ਹੀ ਸਾਡੀਆਂ ਸੜਕਾਂ, ਗਲੀਆਂ ਨਹਿਰਾਂ ਅਤੇ ਨਦੀਆਂ ਦਾ ਰੂਪ ਧਾਰ ਲੈਂਦੀਆਂ ਹਨ ਤੇ ਹਰ ਸਾਲ ਹਜ਼ਾਰਾਂ ਲੋਕ ਇਨ੍ਹਾਂ ਦਿਨਾਂ ਵਿੱਚ ਹੜ੍ਹਾਂ ਦੀ ਭੇਟ ਚੜ੍ਹ ਕੇ ਆਪਣੀਆਂ ਜ਼ਿੰਦਗੀਆਂ ਗਵਾ ਦਿੰਦੇ ਹਨ।ਮੈਂ ਅੱਜ ਤੱਕ ਕੋਈ ਸਿਆਸਤਦਾਨ ਜਾਂ ਸਰਮਾਏਦਾਰ ਇਨ੍ਹਾਂ ਹੜ੍ਹਾਂ ਦੀ ਭੇਂਟ ਚੜ੍ਹਦਾ ਨਹੀਂ ਵੇਖਿਆ।ਸਿਰਫ ਗਰੀਬਾਂ ਨੂੰ ਹੀ ਇਨ੍ਹਾਂ ਹੜ੍ਹਾਂ ਵਿੱਚ ਡੁੱਬਦੇ ਦੇਖਿਆ ਹੈ।ਹਰ ਪੰਜ ਸਾਲਾਂ ਬਾਅਦ ਸਾਨੂੰ ਹੋਟਲ ਮਾਲਕ ਦੀ ਤਰ੍ਹਾਂ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ, ਪਰ ਫਿਰ ਵੀ ਅਸੀਂ ਉਸ ਵਿਅਕਤੀ ਦੀ ਤਰ੍ਹਾਂ ਬੁੜ ਬੁੜ ਕਰਦੇ ਹੋਏ ਆਪਣੀ ਵੋਟ ਪਰਚੀ ਤੇ ਲੁਟੇਰੇ ਸਿਆਸਤਦਾਨਾਂ ਨੂੰ ਜਿਤਾਉਣ ਲਈ ਇਨ੍ਹਾਂ ਦੇ ਚੋਣ ਨਿਸ਼ਾਨ `ਤੇ ਮੋਹਰ ਲਾ ਕੇ ਚੋਣ ਬੂਥ ਵਿੱਚੋਂ ਬਾਹਰ ਆ ਜਾਂਦੇ ਹਾਂ।ਸਾਨੂੰ ਇਹ ਮੁਫ਼ਤ ਦੇ ਮਾਇਆਜਾਲ ਵਿੱਚ ਫਸਾ ਕੇ ਲੁੱਟ ਰਹੇ ਹਨ ਅਤੇ ਜੇਕਰ ਅਸੀਂ ਅਜੇ ਵੀ ਸੁਚੇਤ ਨਾ ਹੋਏ ਤਾਂ ਆਉਣ ਵਾਲੇ ਸਮੇਂ ’ਚ ਵੀ ਇਹ ਸਾਨੂੰ ਇਸੇ ਤਰ੍ਹਾਂ ਲੁੱਟਦੇ ਰਹਿਣਗੇ।
ਮੁਫ਼ਤ ਇੱਕ ਅਜਿਹਾ ਸ਼ਬਦ ਹੈ ਜਿਸ ਤੇ ਗਰੀਬ ਤਾਂ ਕੀ ਹਰੇਕ ਅਮੀਰ ਇੱਥੋਂ ਤੱਕ ਕਿ ਅਰਬਾਂ ਖਰਬਾਂ ਦੇ ਮਾਲਕਾਂ ਦੀਆਂ ਵੀ ਲਾਲਾਂ ਵਗਣ ਲੱਗ ਪੈਂਦੀਆਂ ਹਨ।ਵਿਧਾਇਕਾਂ, ਸੰਸਦ ਮੈਂਬਰਾਂ ਦੇ ਕੋਟੇ ਵਿੱਚੋਂ ਮੁਫ਼ਤ ਥਾਵਾਂ ਅਤੇ ਪੈੋਸੇ ਲੈਣ ਲਈ ਅਮੀਰਾਂ ਨੂੰ ਲਿਲਕੜੀਆਂ ਕੱਢਦਿਆਂ ਆਮ ਹੀ ਵੇਖਿਆ ਜਾ ਸਕਦਾ ਹੈ। ਦੋ ਦੇ ਨਾਲ ਇੱਕ ਮੁਫ਼ਤ ਦੀ ਆੜ ਹੇਠ ਕੰਪਨੀਆਂ ਘਟੀਆ ਮਾਲ ਵੇਚ ਮੋਟੀ ਕਮਾਈ ਕਰ ਲੈਂਦੀਆਂ ਹਨ ਅਤੇ ਕੱਪੜੇ ਦੇ ਦੁਕਾਨਦਾਰ ਧਮਾਕੇਦਾਰ ਸੇਲ ਦੀ ਆੜ ਹੇਠ ਘਟੀਆ ਅਤੇ ਚਿਰਾਂ ਦਾ ਪਿਆ ਬੋਦਾ ਕੱਪੜਾ ਵੇਚ ਲੈਂਦੇ ਹਨ।ਵੱਡੇ ਵੱਡੇ ਬੋਰਡ ਲਗਾ ਕੇ ਸੇਲ ਦੇ ਨਾਂ ਹੇਠ 1000/- ਵਾਲਾ 750/- ਦਾ ਤੇ 500 ਵਾਲਾ 350/- ਦਾ ਸੂਟ ਵੇਚਣ ਸਮੇਂ ਲੋਕਾਂ ਨੂੰ ਬੁੱਧੂ ਬਣਾਇਆ ਜਾਂਦਾ ਹੈ।ਹਰੇਕ ਸੇਲ ਵਿੱਚ ਹਮੇਸ਼ਾਂ ਹੀ ਔਰਤਾਂ ਦੀ ਭੀੜ ਹੁੰਦੀ ਹੈ।ਉਹ ‘ਸੇਲ’ ਅੰਗਰੇਜ਼ੀ ਦੇ ਸ਼ਬਦ ਦਾ ਪੰਜਾਬੀ ਉਚਾਰਣ ‘ਵੇਚਣਾ’ ਨਹੀਂ ਸਮਝਦੀਆਂ।ਚਲਾਕ ਦੁਕਾਨਦਾਰ ਉਨ੍ਹਾਂ ਦੀ ਇਸੇ ਬੁੱਧੀ ਦਾ ਫਾਇਦਾ ਉਠਾਉਂਦੇ ਹਨ।ਸਾਡੇ ਦਿਮਾਗ ਨੇ ਕਦੇ ਨਹੀਂ ਸੋਚਿਆ ਕਿ ਕੋਈ ਦੁਕਾਨਦਾਰ ਲਾਗਤ ਮੁੱਲ ਤੋਂ ਘੱਟ ਮੁੱਲ `ਤੇ ਵਧੀਆ ਕੁਆਲਟੀ ਦਾ ਕੱਪੜਾ ਕਿਵੇਂ ਵੇਚ ਸਕਦਾ ਹੈ। ਜਦੋਂ ਕਿ ਉਸ ਨੇ ਘਰ ਦਾ ਖਰਚਾ, ਦੁਕਾਨ ਦਾ, ਬਿਜਲੀ ਦਾ ਬਿੱਲ ਅਤੇ ਆਪਣੇ ਰੱਖੇ ਨੌਕਰਾਂ ਨੂੰ ਤਨਖਾਹ ਵੀ ਦੇਣੀ ਹੁੰਦੀ ਹੈ।ਜ਼ਰਾ ਸੋਚੋ ਜੇ ਮਜ਼ਦੂਰ ਦੀ ਦਿਹਾੜੀ 400 ਰੁਪਏ ਹੈ ਤਾਂ ਤੁਸੀਂ ਉਸ ਨੂੰ 300/- ਰੁਪਏ `ਤੇੇ ਦਿਹਾੜੀ ਲਿਜਾ ਕੇ ਦਿਖਾਓ ਉਹ ਕਦੇ ਨਹੀਂ ਜਾਵੇਗਾ? ਅਸੀਂ ਦੁਕਾਨਦਾਰ ਦੀ ਚਲਾਕੀ ਨਹੀਂ ਸਮਝ ਰਹੇ।ਬਾਬਾ ਰਾਮ ਦੇਵ ਸੇਲ ਦੀ ਥਾਂ ਤੇ ਸਵਦੇਸ਼ੀ ਤੇ ਪਤੰਜਲੀ ਦਾ ਲੇਬਲ ਲਗਾ ਕੇ ਅਰਬਾਂਪਤੀ ਬਣ ਗਿਆ ਹੈ, ਜਦ ਕਿ ਉਸ ਦੀਆਂ ਕਈ ਵਸਤਾਂ ਪ੍ਰਯੋਗਸ਼ਾਲਾ (ਲੈਬੋਰੇਟਰੀ) ਵਿੱਚੋਂ ਫੇਲ਼ ਹੋ ਚੁੱਕੀਆਂ ਹਨ।ਪਰ ਅਸੀਂ ਫਿਰ ਵੀ ਬੁੱਧੂ ਬਣ ਕੇ ਉਸ ਦੀਆਂ ਵਸਤੂਆਂ ਖਰੀਦ ਰਹੇ ਹਾਂ।ਸਰਮਾਏਦਾਰਾਂ ਨੇ ਸਰਕਾਰ ਦੀ ਮਿਲੀ ਭੁਗਤ ਨਾਲ ਧਰਤੀ ਹੇਠਲਾ ਕੁਦਰਤੀ ਤੇ ਸਾਫ ਪਾਣੀ ਗੰਧਲਾ ਕਰਕੇ ਬੋਤਲਾਂ ਵਿੱਚ ਪਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਧਰਤੀ ਹੇਠਲੇ ਪਾਣੀ ਨੂੰ ਗੰਧਲਾ ਕਰਨ ਤੋਂ ਰੋਕਣ ਟੋਕਣ ਵਾਲਾ ਕੋਈ ਨਹੀਂ।ਇਥੇ ਤਾਂ ਉਹ ਹਾਲ ਹੈ ਕਿ ਮੈਂ ਡਿਪਟੀ ਦੀ ਸਾਲੀ ਕੈਦ ਕਰਾਂਦੂੰਗੀ।’ਸਿਆਸਤਦਾਨਾਂ, ਅਪਰਾਧੀਆਂ ਅਤੇ ਸਰਮਾਏਦਾਰਾਂ ਵਿਚਲਾ ਗੱਠਜੋੜ ਤੋੜਨ ਲਈ ਅਤੇ ਵੋਹਰਾ ਕਮੇਟੀ ਦੀਆਂ ਸਿਫਾਰਸ਼ਾਂ ਵਾਲੀ ਫਾਈਲ ਤੋਂ ਮਿੱਟੀ ਝੜ੍ਹਾਉਣ ਲਈ ਸਾਨੂੰ ਸਰਕਾਰ ਨੂੰ ਮਜ਼ਬੂਰ ਕਰਨਾ ਚਾਹੀਦਾ ਹੈ।
ਸ਼ਾਇਦ ਸਰਮਾਏਦਾਰ, ਸਰਕਾਰ ਅਤੇ ਸਾਡੇ ਲੋਕ ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਦੇ ਵਾਕ ਨੂੰ ਭੁੱਲ ਗਏ ਹਨ।ਵਿਕਾਸ ਦੇ ਨਾਂ ਤੇ ਦੇਸ਼ ਦਾ ਵਿਨਾਸ਼ ਕੀਤਾ ਜਾ ਰਿਹਾ ਹੈ।ਚਾਰ-ਅੱਠ ਮਾਰਗੀ ਸੜਕਾਂ ਬਣਾਉਣ ਦੀ ਆੜ ਹੇਠ ਦਰੱਖਤਾਂ ਦਾ ਸਫ਼ਾਇਆ ਕਰਕੇ, ਧਰਤੀ ਉਤੋਂ ਆਕਸੀਜਨ ਖਤਮ ਕੀਤੀ ਜਾ ਰਹੀ ਹੈ।ਅਸੀਂ ਵੇਖ ਰਹੇ ਹਾਂ ਆਬਾਦੀ ਦਿਨੋਂ ਦਿਨ ਵਧ ਰਹੀ ਹ,ੈ ਪਰ ਆਕਸੀਜਨ ਦੇਣ ਵਾਲੇ ਰੁੱਖ ਕੱਟੇ ਜਾ ਰਹੇ ਹਨ।ਇੱਕ ਦਿਨ ਇਹ ਸਰਮਾਏਦਾਰ ਸਰਕਾਰ ਨਾਲ ਮਿਲ ਕੇ ਸਾਡੀਆਂ ਪਿੱਠਾਂ ਤੇ ਆਕਸੀਜਨ ਦੇ ਸਿਲੰਡਰ ਲੱਦ ਦੇਣਗੇ।ਸਰਮਾਏਦਾਰ ਸਰਕਾਰ ਨਾਲ ਮਿਲੀ ਭੁਗਤ ਕਰਕੇ ਸਾਡੇ ਕੁਦਰਤੀ ਸੋਮਿਆਂ ਪਾਣੀ, ਹਵਾ ਅਤੇ ਧਰਤੀ ਨੂੰ ਪ੍ਰਦੂਸ਼ਿਤ ਕਰਕੇ ਸਾਫ ਅਤੇ ਸ਼ੁੱਧ ਪਾਣੀ  ਤੇ ਹਵਾ ਦੇਣ ਦੇ ਦਾਅਵੇ ਕਰਕੇ ਸਾਨੂੰ ਲੁੱਟ ਰਹੇ ਹਨ।ਪਾਣੀ, ਹਵਾ, ਰੇਤਾ ਅਤੇ ਬਜਰੀ ਬਜਰੀ ਵਰਗੇ ਕੁਦਰਤੀ ਖਜ਼ਾਨਿਆਂ ਦੀ ਲੁੱਟ ਕਰਕੇ ਸਾਨੂੰ ਦਿਨੋਂ ਦਿਨ ਗਰੀਬ ਕਰ ਰਹੇ ਹਨ।ਪਿਛਲੇ ਸਮੇਂ ਵਿੱਚ ਸਾਡੇ ਬਾਪ, ਦਾਦਿਆਂ ਨੇ ਇਨ੍ਹਾਂ ਨੂੰ ਰੋਕਣ ਦਾ ਕੋਈ ਵੀ ਠੋਸ ਤੇ ਕਾਰਗਰ ਢੰਗ ਤਰੀਕਾ ਨਹੀਂ ਅਪਣਾਇਆ।ਇਸੇ ਕਰਕੇ ਅਸੀਂ ਆਪਣੇ ਦਾਦਿਆਂ ਦੇ ਬਿਲ ਚੁੱਕਾ ਰਹੇ ਹਾਂ ਅਤੇ ਸਾਡੇ ਪੁੱਤਰ ਸਾਡੇ ਪਿਤਾ ਦਾ ਬਿੱਲ ਚੁੱਕਾਉਣਗੇ।ਕੀ ਅਸੀਂ ਕਦੇ ਸੋਚਿਆ ਹੈ ਕਿ ਕੁਦਰਤੀ ਸਾਧਨਾਂ ਦੀ ਸਰਮਾਏਦਾਰਾਂ ਅਤੇ ਸਰਕਾਰਾਂ ਵੱਲੋਂ ਇਸੇ ਤਰ੍ਹਾਂ ਲੁੱਟ ਕੀਤੀ ਜਾਂਦੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਪੋਤਿਆਂ ਦੀ ਕੀ ਹਾਲਤ ਹੋਵੇਗੀ। ਅਜੇ ਵੀ ਵੇਲਾ ਹੈ ਕਿ ਸਰਕਾਰ ਅਤੇ ਸਰਮਾਏਦਾਰਾਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਇਕੱਠੇ ਹੋ ਕੇ ਰੋਕਣ ਦਾ ਯਤਨ ਕਰੀਏ। ਉਸ ਹੋਟਲ ਦੇ ਮਾਲਕ ਵੱਲੋਂ ਕੀਤੀ ਚਲਾਕੀ ਨੂੰ ਸਮਝ ਕੇ ਇੱਕ ਲੋਕ ਪੱਖੀ ਸਰਕਾਰ ਚੁਣਨ ਦਾ ਯਤਨ ਕਰੀਏ ਤਾਂ ਕਿ ਸਾਡੇ ਖਾਧੇ ਪੀਤੇ ਦਾ ਬਿਲ ਸਾਡੇ ਪੋਤਿਆਂ ਨੂੰ ਨਾ ਚੁਕਾਉਣਾ ਪਵੇ।

 

Sukhminder Bhagi

 

 

 

 

ਸੁਖਮਿੰਦਰ ਬਾਗੀ
ਸਮਰਾਲਾ।
ਮੋ. 94173-94805

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>