Thursday, March 28, 2024

ਫੂਡ ਸੇਫਟੀ ਐਕਟ ਦੇ ਨਿਯਮਾਂ ਤਹਿਤ ਲਾਇਸੈਂਸ ਨਾ ਲੈਣ ’ਤੇ 5 ਲੱਖ ਤੱਕ ਜੁਰਮਾਨਾ – ਡੀ.ਸੀ

ਸਿਹਤ ਵਿਭਾਗ ਦੀਆਂ ਟੀਮਾਂ ਨਾਲ ਦੁਰਵਿਹਾਰ ਕਰਨ ਵਾਲਿਆਂ ਨੂੰ ਸਖਤ ਚਿਤਾਵਨੀ

PPN3108201818ਅੰਮਿ੍ਤਸਰ 31 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਜ਼ਿਲ੍ਹੇ ਦੇ ਵਸਨੀਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਵਸਤੂਆਂ ਹੀ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਜ਼ਿਲ੍ਹੇ ਵਾਸੀਆਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਹੋਵੇ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜ਼ਿਲ੍ਹੇ ਦੇ ਸਮੂਹ ਡੇਅਰੀ, ਹਲਵਾਈ ਅਤੇ ਦੁੱਧ ਉਤਪਾਦਕਾਂ ਦੀਆਂ ਯੂਨੀਅਨਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ।
     ਸੰਘਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਚਲਾਇਆ ਜਾ ਰਿਹਾ ਹੈ।ਜਿਸ ਤਹਿਤ ਰਾਜ ਦੇ ਨਾਗਰਿਕਾਂ ਨੂੰ ਸਾਫ ਸੁਥਰਾ ਪੌਣ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸ ਮਿਸ਼ਨ ਤਹਿਤ ਹੀ ਸੂਬੇ ਵਿੱਚ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਖਾਣ ਪੀਣ ਦੇ ਸਮਾਨ ਵਿੱਚ ਮਿਲਾਵਟਖੋਰੀ ਨਾ ਕੀਤੀ ਜਾਵੇ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸੰਘਾ ਨੇ ਕਿਹਾ ਕਿ ਫੂਡ ਸੇਫਟੀ ਐਕਟ ਅਧੀਨ ਲਾਇਸੈਂਸ ਨਾ ਲੈਣ ਵਾਲਿਆਂ ਨੂੰ 5 ਲੱਖ ਰੁਪਏ ਤੱਕ ਜੁਰਮਾਨਾ ਜਾਂ 6 ਮਹੀਨੇ ਦੀ ਕੈਦ ਵੀ ਹੋ ਸਕਦੀ ਹੈ।ਉਨ੍ਹਾਂ ਹਲਵਾਈ/ਡੇਅਰੀ ਅਤੇ ਦੁੱਧ ਉਤਪਾਦਕ ਯੂਨੀਅਨਾਂ ਦੇ ਨੁਮਇੰਦਿਆਂ ਨੂੰ ਹਦਾਇਤ ਕੀਤੀ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੀ ਹਦਾਇਤਾਂ ਦੇ ਮੱਦੇਨਜ਼ਰ ਆਪਣੀ ਰਜਿਸਟਰੇਸ਼ਨ ਕਰਾਉਣੀ ਯਕੀਨੀ ਬਣਾਉਣ।ਉਨ੍ਹਾਂ ਉਮੀਦ ਜਤਾਈ ਕਿ ਜ਼ਿਲ੍ਹੇ ਦੇ ਸਮੂਹ ਹਲਵਾਈ, ਦੋਧੀ, ਡੇਅਰੀ ਮਾਲਕ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣਗੇ।ਸੰਘਾ ਨੇ ਕਿਹਾ ਕਿ ਛਾਪੇਮਾਰੀ ਦੌਰਾਨ  ਸਿਹਤ ਵਿਭਾਗ ਦੀਆਂ ਟੀਮਾਂ ਨਾਲ ਦੁਰਵਿਹਾਰ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੀਟਿੰਗ ਦੌਰਾਨ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਫੂਡ ਬਿਜ਼ਨਸ ਉਪਰੇਟਰਾਂ ਵਾਸਤੇ ਜ਼ਰੂਰੀ ਹਦਾਇਤਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੂਡ ਸੇਫਟੀ ਐਕਟ 2006 ਦੇ ਅਧੀਨ ਦੁਕਾਨਦਾਰ ਰਜਿਸਟ੍ਰੇਸ਼ਨ/ਲਾਇਸੈਂਸ ਬਣਾਉਣਾ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਦੁਕਾਨਾਂ /ਵਰਕਸ਼ਾਪਾਂ ਅਤੇ ਆਪਣੇ ਆਲੇ ਦੁਆਲੇ ਨੂੰ ਫੂਡ ਸੇਫਟੀ ਐਕਟ 2006 ਅਤੇ ਰੂਲਜ਼ 2011 ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਫ ਸੂਥਰਾ ਰੱਖੋ।ਉਨ੍ਹਾਂ ਕਿਹਾ ਕਿ ਦੁੱਧ ਨੂੰ 05 ਡਿਗਰੀ ਤੱਕ ਠੰਡਾ ਕਰਕੇ ਕੋਲਡ ਚੈਨ ਬਣਾ ਕੇ ਰੱਖੋ ਜਦਕਿ ਫਰੋਜ਼ਨ ਉਤਪਾਦਾਂ ਨੂੰ 18 ਡਿਗਰੀ ਵਿੱਚ ਜਾਂ ਡੀਪ ਫਰੀਜ਼ਰ ਵਿੱਖ ਰੱਖੋ।ਉਨ੍ਹਾਂ ਕਿਹਾ ਕਿ ਵਰਤੇ ਜਾਣ ਵਾਲੇ ਰੈਫਰੀਜਰੈਟਰ ਤੇ ਹੋਰ ਸਾਜੋ ਸਮਾਨ ਦੀ ਸਫਾਈ ਦਾ ਧਿਆਨ ਵੀ ਰੱਖਆ ਜਾਵੇ।ਉਨ੍ਹਾਂ ਨਿੱਜੀ ਸਾਫ ਸਫਾਈ ਤੇ ਜੋਰ ਦਿੰਦਿਆ ਕਿਹਾ ਕਿ ਜੇਕਰ ਕੋਈ ਵਰਕਰ ਬਿਮਾਰ ਹੋ ਜਾਂਦਾ ਹੈ ਜਾਂ ਉੁਸ ਨੂੰ ਕੋਈ ਇੰਨਫੈਕਸ਼ਨ ਹੋ ਜਾਂਦੀ ਹੈ ਤਾਂ ਉਸ ਨੂੰ ਠੀਕ ਹੋਣ ਤੱਕ ਕੰਮ `ਤੇ ਨਾ ਲਾਇਆ ਜਾਵੇ।ਉਨ੍ਹਾਂ ਭੋਜਨ ਨੂੰ ਚੰਗੀ ਤਰ੍ਹਾਂ 60 ਡਿਗਰੀ ਤੋਂ ਵੱਧ ਤਾਪਮਾਨ `ਤੇ ਪਕਾਉਣ ਅਤੇ 05 ਡਿਗਰੀ ਤਾਪਮਾਨ ਤੇ ਸਟੋਰ ਕਰਨ ਲਈ ਆਖਿਆ।ਉਨ੍ਹਾਂ ਕਿਹਾ ਕਿ ਸਰਕਾਰ ਕੇਵਲ 05 ਤਰ੍ਹਾਂ ਦੇ ਰੰਗ ਪ੍ਰਵਾਨਿਤ ਹਨ ਜੋ ਕਿ ਆਈ.ਐਸ.ਆਈ ਮਾਰਕਾ ਦੇ ਹਨ ਹੀ ਪ੍ਰਮਾਣਿਤ ਮਾਤਰਾ ਵਿੱਚ ਵਰਤੇ ਜਾਣ।ਉਨ੍ਹਾਂ ਦੱਸਿਆ ਕਿ ਐਲਮੀਨੀਅਮ ਦੇ ਵਰਕ ਸਰਕਾਰ ਵੱਲੋਂ ਬੈਨ ਹਨ।ਇਸ ਲਈ ਐਲਮੀਨੀਅਮ ਦੇ ਵਰਕ ਜੋ ਕਿ ਖਾਣ ਦੇ ਕਾਬਿਲ ਨਹੀਂ ਹਨ ਨਾਂ ਵਰਤੇ ਜਾਣ, ਇਹ ਵਰਕ ਪਥਰੀ ਦਾ ਕਾਰਨ ਬਣਦੇ ਹਨ।
     ਮੀਟਿੰਗ ਦੌਰਾਨ ਜਿਲ੍ਹਾ ਸਿਹਤ ਅਫਸਰ ਲਖਬੀਰ ਸਿੰਘ ਭਾਗੋਵਾਲੀਆ ਨੇ ਕਿਹਾ ਕਿ ਚੰਮ-ਚੰਮ ਅਤੇ ਹੋਰ ਸਮਾਨ ਵਿੱਚ ਗੁਲਾਬੀ ਰੰਗ ਦੀ ਵਰਤੋਂ ਨਾ ਕੀਤੀ ਜਾਵੇ ਇਹ ਅਸੁਰੱਖਿਅਤ ਹੈ।ਉਨ੍ਹਾਂ ਦੱਸਿਆ ਕਿ ਅਖਬਾਰ ਦਾ ਰੰਗ ਵੀ ਖਤਰਨਾਕ ਹੈ ਇਸ ਲਈ ਖਾਣ ਪੀਣ ਦਾ ਸਮਾਨ ਅਖਬਾਰ ਵਿੱਚ ਨਾ ਲਪੇਟਿਆ ਜਾਵੇ।
     ਭਾਗੋਵਾਲੀਆ ਨੇ ਕਿਹਾ ਕਿ ਮਿਲਾਵਟਖੋਰੀ ਖਿਲਾਫ ਇਹ ਇਕ ਲੜਾਈ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਖਿਲਾਫ ਖੜ੍ਹੇ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਤੰਦਰੁਸਤ ਪੰਜਾਬ ਬਣਾ ਸਕੀਏ।
    ਇੰਸਪੈਕਟਰ ਡੇਅਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵਲੋਂ ਦੁੱਧ ਮੁਫ਼ਤ ਚੈਕ ਕੀਤਾ ਜਾਂਦਾ ਹੈ। ਇਸ ਮੀਟਿੰਗ ਦੋਰਾਨ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰ ਸਿੰਘ, ਫੂਡ ਸੇਫਟੀ ਅਫਸਰ ਮੈਡਮ ਗਗਨਦੀਪ ਕੌਰ ਅਤੇ ਸਿਮਰਨਜੀਤ ਸਿੰਘ ਅਤੇ ਹਲਵਾਈ/ਡੇਅਰੀ ਅਤੇ ਦੁਧ ਉਤਪਾਦਕ ਯੂਨੀਅਨਾਂ ਦੇ ਨੁਮਇੰਦਿੇ ਤੇ ਮੈਂਬਰ ਹਾਜਰ ਸਨ।  

 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply