Tuesday, April 16, 2024

ਪਰਾਲੀ ਸਾੜੇ ਬਿਨਾਂ ਕਣਕ ਦੀ ਬਿਜ਼ਾਈ ਕਰਕੇ ਹੋਰਨਾਂ ਲਈ ਰਾਹ ਦਸੇਰਾ ਬਣਨਗੇ ਪਠਾਨਕੋਟ ਦੇ ਕਿਸਾਨ

PPN1109201802ਪਠਾਨਕੋਟ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਹੀ ਨਹੀਂ ਸਗੋਂ ਪੂਰੇ ਉੱਤਰੀ ਭਾਰਤ `ਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਸਾੜਣ ਕਾਰਨ ਜਿਥੇ ਧੂੰਏਂ ਕਾਰਨ ਆਮ ਲੋਕਾਂ ਦਾ ਸਾਹ ਘੁਟਦਾ ਰਿਹਾ, ਜਿਸ ਕਾਰਨ ਪਿਛਲੇ ਸਾਲਾਂ ਵਾਂਗ ਜ਼ਿਲਾ ਪਠਾਨਕੋਟ ਨੂੰ ਧੂਆਂ ਰਹਿਤ ਬਨਾਉਣ ਲਈ ਜ਼ਿਲਾ ਪ੍ਰਸ਼ਾਸ਼ਨ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜਿਲੇ ਅੰਦਰ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।ਪਿਛਲੇ ਦੋ ਸਾਲਾਂ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੀਆਂ ਅਪੀਲਾਂ ਨੂੰ ਮੰਨਦੇ ਹੋਏ ਜ਼ਿਲਾ ਪਠਾਨਕੋਟ ਦੇ ਕਿਸਾਨਾਂ ਨੇ ਪਰਾਲੀ ਨੂੰ ਖੇਤਾਂ `ਚ ਸਾੜਣ ਦੀ ਬਿਜਾਏ, ਗੁਜਰ ਭਾਈਚਾਰੇ ਦੇ ਲੋਕਾਂ ਨੂੰ ਚਾਰੇ ਵਜੋਂ ਵੇਚ ਕੇ, ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਲਿਆ ਸੀ।ਇਨਾਂ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਜ਼ਿਲਾ ਪਠਾਨਕੋਟ ਨੂੰ ਪੰਜਾਬ ਦਾ ਪਹਿਲਾ ਝੋਨੇ ਦੀ ਪਰਾਲੀ ਨੂੰ ਸਾੜਣ ਨਾਲ ਹੋਣ ਵਾਲੇ ਪ੍ਰਦੂਸ਼ਣ ਰਹਿਤ ਜ਼ਿਲਾ ਐਲਾਨਿਆਂ ਗਿਆ ਸੀ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਪ੍ਰਸ਼ੰਸ਼ਾ ਪੱਤਰ ਵੀ ਜਾਰੀ ਕੀਤਾ ਗਿਆ।ਇਸ ਤਰਾਂ ਜਿਥੇ ਵੱਡੀ ਮਾਤਰਾ ਵਿੱਚ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਅ ਹੋਇਆ, ਉਥੇ ਕਿਸਾਨਾਂ ਨੂੰ ਆਰਥਿਕ ਲਾਭ ਵੀ ਮਿਲਿਆ ਹੈ।
 ਇਸ ਬਾਰੇ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਪਿੰਡ ਭਰਿਆਲ ਲਾਹੜੀ ਦੇ ਅਗਾਂਹਵਧੂ ਕਿਸਾਨ ਹਰਦੀਪ ਸਿੰਘ ਨੇ ਕਿਹਾ ਕਿ ਮਿੱਟੀ ਦੀ ਸਿਹਤ ਵਿੱਚ ਦਿਨੋ ਦਿਨ ਨਿਘਾਰ ਆਉਣ ਦੇ ਮੁੱਖ ਕਾਰਨਾਂ ਵਿੱਚ ਕਿਸਾਨਾਂ ਵਲੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਸਾੜਣਾ, ਸਿਫਾਰਸ਼ਾਂ ਦੇ ਉਲਟ ਰਸਾਇਣਕ ਖਾਦਾਂ ਦੀ ਵਰਤੋਂ ਕਰਨਾ ਹੈ।ਉਨਾਂ ਕਿਹਾ ਕਿ ਉਹ ਪਿਛਲੇ ਸਾਲ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਵਾਹ ਕੇ ਕਣਕ ਦੀ ਬਿਜਾਈ ਕੀਤੀ ਸੀ, ਜਿਸ ਨਾਲ ਕਣਕ ਦੀ ਪੈਦਾਵਾਰ ਪ੍ਰਤੀ ਏਕੜ ਵਧੇਰੇ ਪੈਦਾਵਾਰ ਮਿਲਣ ਕਾਰਨ ਵਧੇਰੇ ਆਰਥਿਕ ਲਾਭ ਹੋਇਅ ਅਤੇ 4-5 ਕੁਇੰਟਲ ਉਤਪਾਦਨ ਵੱਧ ਹੋਇਆ।ਜਮੀਨ ਦੀ ਪਾਣੀ ਸੰਭਾਲ ਸਮਰੱਥਾ ਵਧਣ ਦੇ ਨਾਲ ਨਾਲ, ਪ੍ਰਤੀ ਏਕੜ ਯੂਰੀਆ ਦਾ ਇਸਤੇਮਾਲ ਪਿਛਲੇ ਸਾਲ ਦੇ ਮੁਕਾਬਲੇ 30 ਕਿਲੋ ਪ੍ਰਤੀ ਏਕੜ ਘੱਟ ਕੀਤਾ, ਜਿਸ ਨਾਲ ਖੇਤੀ ਲਾਗਤ ਖਰਚੇ ਘੱਟ ਕਰਨ ਵਿੱਚ ਮਦਦ ਮਿਲੀ।
ਪਿੰਡ ਭੋਆ ਦੇ ਸੇਵਾ ਮੁਕਤ ਖੇਤੀਬਾੜੀ ਅਫਸਰ ਅਤੇ ਅਗਾਂਹਵਧੂ ਕਿਸਾਨ ਬਲਦੇਵ ਸਿੰਘ ਸੰਧੂ ਨੇ ਦੱਸਿਆ ਕਿ 11 ਏਕੜ ਵਿੱਚ ਕਣਕ ਦੇ ਨਾੜ ਤੋਂ ਤੂੜੀ ਬਣਾ ਕੇ, ਬਾਕੀ ਬਚੇ ਨਾੜ ਨੂੰ ਖੇਤ ਵਿੱਚ ਵਾਹ ਕੇ 2-3 ਪਾਣੀ ਲਗਾ ਕੇ ਝੋਨੇ ਦੀ ਲਵਾਈ ਕੀਤੀ ਸੀ।ਉਨਾਂ ਕਿਹਾ ਕਿ ਝੋਨੇ ਦੀ ਪੀ.ਆਰ 121 ਕਿਸਮ ਦਾ ਝਾੜ ਪ੍ਰਤੀ ਏਕੜ 3 ਕੁਇੰਟਲ ਤੋਂ ਵੱਧ ਮਿਲਿਆ ।ਉਨਾਂ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਸਾਰੀ ਪਰਾਲੀ ਗੁੱਜਰ ਭਾਈਚਾਰੇ ਨੂੰ ਵੇਚਣ ਉਪਰੰਤ ਕਣਕ ਦੀ ਬਿਜ਼ਾਈ ਕੀਤੀ ਗਈ ਹੈ।
ਪਿੰਡ ਭਜੂਰੇ ਦੇ ਅਗਾਂਹਵਧੂ ਕਿਸਾਨ ਵਿਸ਼ਵਜੀਤ ਸੋਨੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਦੇ ਵੀ ਕਣਕ ਅਤੇ ਝੋਨੇ ਦੇ ਨਾੜ ਨੂੰ ਅੱਗ ਲਗਾਏ ਝੋਨੇ ਅਤੇ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਣ ਕਾਰਨ ਫਸਲਾਂ ਅਤੇ ਸਬਜ਼ੀਆਂ ਦਾ ਪ੍ਰਤੀ ਏਕੜ ਝਾੜ ਵੱਧ ਮਿਲਦਾ ਹੈ ਅਤੇ ਸਬਜ਼ੀਆ ਦਾ ਮਿਆਰੀਪਣ ਉੱਚ ਪੱਧਰ ਦਾ ਹੋਣ ਕਾਰਨ ਮੰਡੀ ਵਿੱਚ ਭਾਅ ਵੀ ਚੰਗਾ ਮਿਲ ਜਾਦਾ ਹੈ।
ਪਿੰਡ ਰਛਪਾਲਵਾਂ ਦੇ ਸਰਪੰਚ ਅਤੇ ਅਗਾਂਹਵਧੂ ਕਿਸਾਨ ਧਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪ੍ਰੇਰਨਾ ਨਾਲ ਕਣਕ ਦੇ ਨਾੜ ਨੂੰ ਅੱਗ ਲਗਾਏ ਬਗੈਰ ਖੇਤ ਵਿੱਚ ਵਾਹ ਕੇ ਝੋਨੇ ਦੀ ਕਾਸਤ ਕੀਤੀ ਸੀ ਜਿਸ ਨਾਲ ਵੱਧ ਪੈਦਾਵਾਰ ਮਿਲਣ ਕਾਰਨ ਗੁਆਂਢੀ ਕਿਸਾਨ ਵੀ ਭਵਿੱਖ `ਚ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਬਾਰੇ ਕਹਿ ਰਹੇ ਹਨ।
ਪਿੰਡ ਸੁਲਤਾਨਪੁਰ ਦੇ ਅਗਾਂਹਵਧੂ ਕਿਸਾਨ ਅਮੋਲ ਕੁਮਾਰ ਨੇ ਕਿਹਾ ਕਿ ਪਿੰਡ ਤਰਗੜ ਅਤੇ ਆਸਪਾਸ ਦੇ ਸਮੂਹ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ ਕਹਿਣ `ਤੇ ਪਰਾਲੀ ਨੂੰ ਅੱਗ ਲਗਾਉਣ ਦੀ ਬਜ਼ਾਏ 1700-2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਗੁੱਜਰ ਭਾਈਚਾਰੇ ਦੇ ਲੋਕਾਂ ਨੂੰ ਚਾਰੇ ਵੱਜੋਂ ਵੇਚ ਕੇ ਕਣਕ ਦੀ ਬਿਜਾਈ ਕੀਤੀ ਹੈ, ਜਿਸ ਨਾਲ ਝੋਨੇ ਦੀ ਕਟਾਈ `ਤੇ ਹੋਣ ਵਾਲਾ ਖਰਚਾ ਬਚਣ ਦੇ ਨਾਲ ਵਾਤਾਵਰਣ ਬਿਲਕੁਲ ਸ਼ੁਧ ਰਹਿਣ ਕਾਰਨ ਮਨੁਖੀ ਸਿਹਤ `ਤੇ ਵੀ ਕੋਈ ਮਾੜਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ।ਉਨਾਂ ਕਿਹਾ ਕਿ ਕਣਕ ਦੀ ਬਿਜਾਈ ਖੇਤ ਨੂੰ ਬਿਨਾਂ ਵਾਹੇ ਹੈਪੀ ਸੀਡਰ ਅਤੇ ਜ਼ੀਰੋ ਬੀਜ ਡਰਿਲ ਨਾਲ ਕਣਕ ਦੀ ਬਿਜਾਈ ਕੀਤੀ ਗਈ ਸੀ।ਇਸ ਤਰਾਂ ਝੋਨੇ ਦੀ ਕਟਾਈ ਅਤੇ ਖੇਤ ਤਿਆਰ ਕਰਨ ਤੇ ਆਉਣ ਵਾਲੇ ਖਰਚਾ ਬਚਣ ਦੇ ਨਾਲ ਧੂੰਏਂ ਨਾਲ ਪੈਦਾ ਹੋਣ ਵਾਲੀਆ ਜ਼ਹਿਰੀਲੀਆਂ ਗੈਸਾਂ ਤੋਂ ਬਚਾਅ ਹੋ ਗਿਆ।
ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਕਾਰਨ ਪਰਾਲੀ ਨਾ ਸਾੜਣ ਦੇ ਵਾਕਿਆ ਪੰਜਾਬ ਵਿੱਚ ਸਭ ਤੋਂ ਘੱਟ ਹੋਣ ਕਾਰਨ ਜਿਲਾ ਪਠਾਨਕੋਟ ਪੰਜਾਬ ਦਾ ਪਹਿਲਾ ਸਭ ਤੋਂ ਘੱਟ ਪ੍ਰਦੂਸ਼ਣ ਰਹਿਤ ਜ਼ਿਲਾ ਬਣ ਗਿਆ ਹੈ।ਪੰਜਾਬ ਰਿਮੋਟ ਸੈਂਸਿੰਗ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕੁੱਲ 43157 ਵਾਕਿਆ ਸਾਹਮਣੇ ਆਏ ਸਨ, ਜਦ ਕਿ ਜ਼ਿਲਾ ਪਠਾਨਕੋਟ ਵਿੱਚ ਸਿਰਫ 12 ਪਰਾਲੀ ਨੂੰ ਅੱਗ ਲੱਗਣ ਦੇ ਵਾਕਿਆ ਸਾਹਮਣੇ ਆਏ ਹਨ।ਉਨਾਂ ਜ਼ਿਲੇ ਦੇ ਸਮੂਹ ਕਿਸਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਬਲਾਕ ਪਠਾਨਕੋਟ ਦੀਆਂ 70 ਅਤੇ ਨਰੋਟ ਜੈਮਲ ਸਿੰਘ ਦੀ ਇੱਕ ਪੰਚਾਇਤ ਵੱਲੋਂ ਪਿੰਡ ਵਿੱਚ ਪਰਾਲੀ ਨਾਂ ਸਾੜਣ ਬਾਰੇ ਮਤੇ ਪਾ ਕੇ ਦਿੱਤੇ ਸਨ।ਉਨਾਂ ਕਿਹਾ ਕਿ ਮਤੇ ਪਾਸ ਕਰਨ ਵਾਲੀਆਂ ਗ੍ਰਾਮ ਪੰਚਾਇਤਾਂ ਨੂੰ 26 ਜਨਵਰੀ 2018 ਨੂੰ ਗਣਤੰਤਰ ਦਿਵਸ ਮੌਕੇ ਮਾਨਯੋਗ ਗਵਰਨਰ ਪੰਜਾਬ ਵੀ ਪੀ ਸਿੰਘ ਬਦਨੌਰ ਨੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਸੀ।
ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕੀਤੀ ਅਗੇਤੀ ਯੋਜਨਾਬੰਦੀ ਅਨੁਸਾਰ ਜ਼ਿਲੇ ਅੰਦਰ ਕਿ ਜ਼ਿਲਾ ਪੱਧਰੀ, ਬਲਾਕ ਪੱਧਰੀ ਅਤੇ ਪਿੰਡ ਪੱਧਰ `ਤੇ 6-8 ਪਿੰਡਾਂ ਦੇ ਸਮੂਹ ਬਣਾ ਕੇ ਜਾਗਰੁਕਤਾ ਕੈਂਪ ਲਗਾਏ ਜਾਣਗੇ।ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਬਲਾਕ ਪਠਾਨਕੋਟ ਵਿੱਚ ਇੱਕ ਬਲਾਕ ਪੱਧਰੀ ਅਤੇ 16 ਪਿੰਡ ਪੱਧਰੀ ਜਾਗਰੁਕਤਾ ਕੈਂਪ 20 ਸਤੰਬਰ ਤੋਂ ਸ਼ੁਰੂ ਕਰਕੇ 18 ਅਕਤੂਬਰ ਤੱਕ ਲਗਾਏ ਜਾਣਗੇ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸਕੂਲਾਂ/ਕਾਲਜਾਂ ਵਿੱਚ ਸੈਮੀਨਾਰਾਂ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਨੌਜਵਾਨ ਕਿਸਾਨਾਂ ਨੂੰ ਜਾਗਰੁਕ ਕੀਤਾ ਜਾਵੇਗਾ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply