Saturday, April 20, 2024

ਉਦਾਸੀ ਪੰਥ: ਪਰੰਪਰਾ ਅਤੇ ਯੋਗਦਾਨ ਵਿਸ਼ੇ `ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ ਬਿਊਰੋ) – ਬਾਬਾ ਸ੍ਰੀ ਚੰਦ ਜੀ ਦੇ 524ਵੇਂ ਜਨਮ ਉਤਸਵ ਦੇ ਸਬੰਧ ਵਿਚ ਬਾਬਾ ਸ੍ਰੀ ਚੰਦ ਸ਼ਬਦ ਟਕਸਾਲ ਵੱਲੋਂ ਨਾਨਕ PPN1809201808ਚੱਕ ਵਿਖੇ ਉਦਾਸੀ ਪੰਥ: ਪਰੰਪਰਾ ਅਤੇ ਯੋਗਦਾਨ ਵਿਸ਼ੇ `ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਮੌਕੇ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਅਕਾਦਮਿਕ ਅਦਾਰਿਆਂ ਦੇ ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਸਿੱਖ ਚਿੰਤਨ ਵਿਚ ਬਾਬਾ ਸ੍ਰੀ ਚੰਦ ਦੇ ਬਿੰਬ, ਉਦਾਸੀ ਪੰਥ ਅਤੇ ਉਨ੍ਹਾਂ ਦੀਆਂ ਲਿਖਤਾਂ ਦੇ ਮਹੱਤਵ ਨੂੰ ਉਜਾਗਰ ਕਰਦੇ ਖੋਜ ਪੱਤਰ ਪੜ੍ਹੇ।ਵਿਦਵਾਨ ਇਸ ਸਿੱਟੇ `ਤੇ ਪਹੁੰਚੇ ਕਿ ਮੌਜੂਦਾ ਉਦਾਸੀ ਪੰਥ ਪ੍ਰਤੀ ਸਿੱਖ ਧਰਮ ਦੀ ਮੁੱਖ ਧਾਰਾ ਦਾ ਰਵਈਆ ਸ਼ਬਦ ਅਨੁਭਵ ਵਿਚੋਂ ਨਾ ਹੋ ਕੇ ਬਸਤੀਵਾਦੀ ਪ੍ਰਵਚਨ ਅਧੀਨ ਵਿਵਸਥਤ ਹੋ ਰਿਹਾ ਹੈ।ਇਹ ਮਹੱਤਵਪੂਰਨ ਤੱਥ ਵੀ ਸਾਹਮਣੇ ਆਇਆ ਕਿ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਦੌਰਾਨ, ਸਿੱਖੀ ਵਿਚ ਪੰਜ ਪੰਥਾਂ ਦੀ ਸਾਜਨਾ ਕੀਤੀ ਹੈ, ਜਿਨ੍ਹਾਂ ਤਹਿਤ ਸਹਿਜਧਾਰੀ ਪੰਥ, ਉਦਾਸੀ ਪੰਥ, ਸੇਵਾ ਪੰਥ, ਨਿਰਮਲ ਪੰਥ ਅਤੇ ਖਾਲਸਾ ਪੰਥ ਨੂੰ ਵਿਚਾਰਿਆ ਜਾ ਸਕਦਾ ਹੈ।ਇਨ੍ਹਾਂ ਪੰਜ ਪੰਥਾਂ ਵਿਚੋਂ ਗੁਰਮਤਿ ਦੇ ਵਿਸ਼ਵ ਵਿਆਪੀ ਪਰਿਪੇਖ ਨੂੰ ਮੁੜ ਉਭਾਰਿਆ ਜਾ ਸਕਦਾ ਹੈ।
        ਸੈਮੀਨਾਰ ਦੀ ਪ੍ਰਧਾਨਗੀ ਸੰਪਾਦਕ ਮਦਨਦੀਪ ਸਿੰਘ ਨੇ ਕੀਤੀ ਅਤੇ ਪ੍ਰਸਿੱਧ ਕਵੀ ਵਿਜੇ ਵਿਵੇਕ ਇਸ ਮੌਕੇ ਮੁੱਖ ਮਹਿਮਾਨ ਸਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਜਸਵਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪੜ੍ਹੇ ਗਏ ਖੋਜ ਪਰਚਿਆਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਸਕੀਰਤ ਸਿੰਘ ਨੇ ਉਦਾਸੀ ਅਖਾੜੇ: ਪਰੰਪਰਾ ਤੇ ਯੋਗਦਾਨ ਵਿਸ਼ੇ `ਤੇ ਆਪਣਾ ਖੋਜ ਪੱਤਰ ਪੜ੍ਹਿਆ ਜਦੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗੁਰਪ੍ਰੀਤ ਸਿੰਘ ਨੇ ਬਾਬਾ ਸ੍ਰੀ ਚੰਦ ਜੀਵਨ-ਚਰਿਤ੍ਰ (ਗਿਆਨੀ ਗਿਆਨ ਸਿੰਘ ਰਚਿਤ ਤਵਾਰੀਖ਼ ਗੁਰੂ ਖਾਲਸਾ ਦੇ ਸੰਦਰਭ ਵਿਚ) ਵਿਸ਼ੇ `ਤੇ; ਜਸਵਿੰਦਰ ਸਿੰਘ ਨੇ ਉਦਾਸੀ: ਸਰੂਪ ਅਤੇ ਪਰਿਭਾਸ਼ਾ (ਗੁਰਬਾਣੀ ਦੇ ਵਿਸ਼ੇਸ਼ ਹਵਾਲੇ ਸਹਿਤ) ਵਿਸ਼ੇ `ਤੇ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਦਿੱਲੀ ਦੇ ਹੀਰਾ ਸਿੰਘ ਨੇ ਸਾਖੀਆ ਬਾਬਾ ਸ੍ਰੀ ਚੰਦ: ਅਰਥ ਅਤੇ ਪਾਸਾਰ ਵਿਸ਼ੇ `ਤੇ ਖੋਜ ਪੱਤਰ ਪੇਸ਼ ਕੀਤਾ।
       ਮਦਨਦੀਪ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਜਗੀਰਦਾਰੀ ਤਬਕੇ ਨੇ ਸਿੱਖ ਪਰੰਪਰਾ ਦੀਆਂ ਸੰਸਥਾਵਾਂ ਦੇ ਪ੍ਰਬੰਧਨ ਅਤੇ ਉਸ ਦੀ ਵਿਵਹਾਰਕਤਾ ਨੂੰ ਧਾਰਮਿਕ ਤੇ ਰਾਜਨੀਤਿਕ ਅਧੀਨਗੀ ਰਾਹੀਂ ਪ੍ਰਭਾਵਿਤ ਕੀਤਾ ਹੈ।ਇਥੋਂ ਤਕ ਕਿ ਉਸ ਨੇ ਗੁਰੂ ਬਿੰਬ ਅਤੇ ਇਸ ਨਾਲ ਜੁੜੀਆਂ ਹੋਰ ਧਾਰਮਿਕ ਹਸਤੀਆਂ ਪ੍ਰਤੀ ਵੀ ਸੁਹਿਰਦਤਾ ਨਹੀਂ ਦਿਖਾਈ।ਵਿਜੇ ਵਿਵੇਕ ਨੇ ਸੈਮੀਨਾਰ ਕਰਵਾਉਣ `ਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬਾਨ ਵੱਲੋਂ ਥਾਪੇ ਪੰਜ ਪੰਥਾਂ ਦੀ ਪ੍ਰਤੀਕਾਤਮਕ ਮਹੱਤਤਾ `ਤੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਉਦਾਸੀ ਪੰਥ ਤਿਆਗ, ਨਿਰਮਲ ਪੰਥ ਗਿਆਨ, ਸੇਵਾ ਪੰਥ ਸੇਵਾ, ਸਹਿਜਧਾਰੀ ਪੰਥ ਆਪਸੀ ਪ੍ਰੇਮ ਅਤੇ ਖਾਲਸਾ ਪੰਥ ਜ਼ੁਲਮ ਦੇ ਟਾਕਰੇ ਦਾ ਪ੍ਰਤੀਕ ਹੈ।  
        ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਹਾਇਕ ਪ੍ਰੋਫੈਸਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਬਸਤੀਵਾਦ ਆਉਣ ਤੋਂ ਬਾਅਦ ਭਾਰਤ ਅਤੇ ਖਾਸ ਕਰਕੇ ਪੰਜਾਬ ਦੀ ਅਕਾਦਮਿਕਤਾ ਦੀਆਂ ਪਹੁੰਚ ਵਿਧੀਆਂ ਵਿਚ ਵੱਡਾ ਫਰਕ ਪਿਆ ਹੈ।ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਵੱਲੋਂ ਪੇਸ਼ ਹੋਏ ਨਵੇਂ ਸਿਖਿਆ ਦੇ ਮਾਡਲ ਨੇ ਸਾਡੀ ਜ਼ਿੰਦਗੀ ਦੇ ਲਗਭਗ ਸਾਰੇ ਵਰਤਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਨਾਲ ਰਵਾਇਤਾਂ ਅਤੇ ਪਰੰਪਰਾਵਾਂ ਪ੍ਰਤੀ ਸਾਡੀ ਪਹੁੰਚ ਦੇ ਢੰਗ ਤਰੀਕੇ ਬਦਲ ਗਏ ਹਨ।ਉਨਾਂ੍ਹ ਕਿਹਾ ਕਿ ਅਕਾਦਮਿਕਤਾ ਨੂੰ ਆਪਣੀਆਂ ਖੋਜ ਵਿਧੀਆਂ `ਤੇ ਪੁਨਰ ਚਿੰਤਨ ਕਰਨ ਦੀ ਲੋੜ ਹੈ ਅਤੇ ਆਪਣੇ ਆਪ ਨੂੰ ਮਾਂਗਵੀਆਂ ਪਹੁੰਚ ਵਿਧੀਆਂ ਤੋਂ ਸੁਤੰਤਰ ਕਰ ਮੌਲਿਕ ਖੋਜ ਆਧਾਰ ਸਥਾਪਤ ਕਰਨੇ ਚਾਹੀਦੇ ਹਨ।
        ਆਪਣੇ ਪਹਿਲੇ ਪਰਚੇ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਖੋਜਾਰਥੀ ਜਸਕੀਰਤ ਸਿੰਘ ਨੇ ਆਪਣੇ ਖੋਜ ਪੱਤਰ ਵਿਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿੱਖ ਅਧਿਐਨ ਦੇ ਅਨੁਸ਼ਾਸਨ ਨਾਲ ਜੁੜੇ ਖੋਜਾਰਥੀਆਂ ਨੂੰ ਆਪਣਾ ਖੋਜ ਕਾਰਜ ਵੱਖ-ਵੱਖ ਉਦਾਸੀ ਅਖਾੜਿਆਂ ਦੇ ਇਤਿਹਾਸ ਅਤੇ ਯੋਗਦਾਨ ਉਪਰ ਕੇਂਦਰਿਤ ਕਰਨਾ ਚਾਹੀਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਮਿਸਲਾਂ ਅਤੇ ਸਿੱਖ ਰਿਆਸਤ ਕਾਲ ਦੌਰਾਨ ਰਚੇ ਗਏ ਕੁੱਝ ਸਾਹਿਤ ਉਪਰ ਇਸਲਾਮਿਕ, ਪੰਜਾਬੀ ਮਨੋਵਿਗਿਆਨ ਦੇ ਅਸਾਂਵੇਪਣ ਅਤੇ ਅੰਗਰੇਜ਼ੀ ਰਾਜ ਦੇ ਪ੍ਰਭਾਵ ਵਿਖਾਈ ਦਿੰਦੇ ਹਨ। ਇਸ ਲਈ ਇਸ ਸਾਹਿਤ ਦੀ ਸਿੱਖ ਅਨੁਭਵ ਦੇ ਦ੍ਰਿਸ਼ਟੀਕੋਣ ਤੋਂ ਪੁਨਰ ਅਧਿਐਨ ਕਰਨ ਦੀ ਲੋੜ ਹੈ।ਉਭਰ ਰਹੇ ਖੋਜੀ ਕਥਾਵਾਚਕ ਜਸਵਿੰਦਰ ਸਿੰਘ ਨੇ ਆਪਣੇ ਪਰਚੇ ਵਿਚ ਗੁਰਬਾਣੀ ਦੇ ਵਿਸ਼ੇਸ਼ ਹਵਾਲਿਆਂ ਸਹਿਤ ‘ਉਦਾਸੀ’ ਸੰਕਲਪ ਨੂੰ ਸਿਧਾਂਤਬੱਧ ਕਰਨ ਦਾ ਯਤਨ ਕੀਤਾ। ਹੀਰਾ ਸਿੰਘ ਦੇ ਪੇਪਰ ਅਨੁਸਾਰ ਬਾਬਾ ਸ੍ਰੀ ਚੰਦ ਜੀ ਨਾਲ ਸਬੰਧਤ ਸਾਖੀਆਂ ਦੇ ਰਹੱਸ ਅਤੇ ਉਨ੍ਹਾਂ ਵਿੱਚ ਪੇਸ਼ ਬਿੰਬਾਂ ਨੂੰ ਸ਼ਬਦ ਅਨੁਭਵ ਵਿਚੋਂ ਅਧਿਐਨ ਕਰਨ ਦੀ ਲੋੜ ਹੈ। ਉਨ੍ਹਾਂ ਨੇ ਬਾਬਾ ਸ੍ਰੀ ਚੰਦ ਜੀ ਦੇ ਜੀਵਨ ਨਾਲ ਸਬੰਧਤ ਪ੍ਰਮੁੱਖ ਸਾਖੀਆਂ ਦੀ ਪ੍ਰਤੀਕਮਈ ਤੇ ਚਿੰਨ੍ਹਾਤਮਕ ਵਿਆਖਿਆ ਦਾਰਸ਼ਨਿਕ ਸੰਦਰਭ ਵਿਚ ਕੀਤੀ।ਪ੍ਰੋ. ਜਗਦੀਸ਼ ਸਿੰਘ ਨੇ ਕਿਹਾ ਕਿ ਸਿੱਖ ਧਰਮ ਨੂੰ ਮੁੜ ਆਪਣੇ ਅੰਦਰ ਕਾਲ ਗਤੀ ਦੌਰਾਨ ਸਥਾਪਤ ਹੋਏ ਪੰਜ ਪੰਥਾਂ ਸਹਿਜਧਾਰੀ ਪੰਥ, ਉਦਾਸੀ ਪੰਥ, ਸੇਵਾ ਪੰਥ, ਨਿਰਮਲ ਪੰਥ ਅਤੇ ਖਾਲਸਾ ਪੰਥ ਦੇ ਅੰਤਰ ਸਬੰਧਾਂ ਨੂੰ ਆਪਣੇ ਚਿੰਤਨ ਦਾ ਵਿਸ਼ਾ ਬਣਾਉਣਾ ਚਾਹੀਦਾ ਹੈ।
    ਡਾ. ਅਮਰਜੀਤ ਸਿੰਘ, ਡਾ. ਰੁਪਿੰਦਰਜੀਤ ਕੌਰ, ਡਾ. ਹਰਪ੍ਰੀਤ ਸਿੰਘ, ਡਾ. ਰਣਜੀਤ ਕੌਰ, ਡਾ. ਸੁਖਵਿੰਦਰ ਸਿੰਘ ਆਦਿ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਵੱਖ-ਵੱਖ ਕਾਲਜਾਂ ਦੇ ਖੋਜਾਰਥੀਆਂ ਤੇ ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ।   

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply