Thursday, March 28, 2024

ਰਜਬਾਹਿਆਂ ’ਚ ਪਾੜ ਪੈ ਜਾਣ ਤੇ ਕਿਸਾਨਾਂ ਨੇ ਲਾਇਆ ਧਰਨਾ

ਬਠਿੰਡਾ, 23 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਭਾਰੀ ਮੀਂਹ ਨਾਲ ਪਹਿਲਾਂ ਹੀ ਨਰਮੇ ਅਤੇ ਝੋਨੇ ਦੀ ਫਸਲ ਦੇ ਹੋਏ ਵੱਡੇ ਨੁਕਸਾਨ ਕਾਰਣ ਝੰਬੇ PPN2309201815ਨੇੜਲੇ ਪਿੰਡ ਜਗਾ ਰਾਮ ਤੀਰਥ ਅਤੇ ਫਤਹਿਗੜ੍ਹ ਨੌ ਆਬਾਦ ਦੇ ਕਿਸਾਨਾਂ ਨੂੰ ਅੱਜ ਸਵੇਰੇ ਉਸ ਸਮੇਂ ਦੋਹਰੀ ਮਾਰ ਪੈ ਗਈ ਜਦੋਂ ਉਕਤ ਪਿੰਡਾਂ ਕੋਲ ਦੀ ਲੰਘਦੇ ਦੋਵੇਂ ਰਜਬਾਹਿਆਂ ਵਿੱਚ ਪਾੜ ਪੈ ਜਾਣ ਨਾਲ ਸੈਂਕੜੇ ਏਕੜ ਨਰਮੇ ਅਤੇ ਝੋਨੇ ਦੀ ਫਸਲ ਵਿੱਚ ਪਾਣੀ ਭਰ ਜਾਣ ਨਾਲ ਉਨਾਂ ਦੇ ਤਬਾਹ ਹੋ ਜਾਣ ਦਾ ਖਦਸ਼ਾ ਬਣ ਗਿਆ ਹੈ।ਨਹਿਰੀ ਮਹਿਕਮੇ ਵੱਲੋਂ ਪਾੜ ਨਾ ਪੂਰੇ ਜਾਣ ਅਤੇ ਪਿਛੋਂ ਪਾਣੀ ਬੰਦ ਨਾ ਕੀਤੇ ਜਾਣ ਤੋਂ ਰੋਹ ਵਿੱਚ ਆਏ ਕਿਸਾਨਾਂ ਨੇ ਤਲਵੰਡੀ ਸਾਬੋ-ਮਾਨਸਾ ਹਾਈਵੇ ਨੂੰ ਜਾਮ ਕਰਕੇ ਹਲਕਾ ਵਿਧਾਇਕਾ ਦੀ ਅਗਵਾਈ ਵਿੱਚ ਰੋਸ ਧਰਨਾ ਲਾ ਦਿੱਤਾ ਹੈ।
ਇਥੇ ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਸਵੇਰ ਤੋਂ ਹੀ ਪੈ ਰਹੇ ਭਾਰੀ ਮੀਂਹ ਕਾਰਣ ਪਹਿਲਾਂ ਹੀ ਨਰਮੇ ਅਤੇ ਝੋਨੇ ਦੀ ਫਸਲ ਦਾ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ ਅੱਜ ਸਵੇਰੇ ਤੜਕਸਾਰ ਨੇੜਲੇ ਪਿੰਡ ਫਤਹਿਗੜ੍ਹ ਨੌ ਆਬਾਦ ਕੋਲ ਦੀ ਲੰਘਦੇ ਸੰਦੋਹਾ ਬ੍ਰਾਂਚ ਰਜਬਾਹੇ ਅਤੇ ਪਿੰਡ ਜਗਾ ਰਾਮ ਤੀਰਥ ਕੋਲ ਦੀ ਲੰਘਦੇ ਜਗਾ ਬਰਾਂਚ ਰਜਬਾਹੇ ਵਿੱਚ ਕਰੀਬ 40-5੦ ਫੁੱਟ ਚੌੜੇ ਪਾੜ ਪੈ ਗਏ ਤੇ ਪਾਣੀ ਲਗਾਤਾਰ ਖੇਤਾਂ ਵਿੱਚ ਵੜਨ ਲੱਗ ਗਿਆ।ਦੋਵਾਂ ਥਾਵਾਂ `ਤੇ ਕਰੀਬ 400 ਤੋਂ 500 ਏਕੜ ਨਰਮੇ ਤੇ ਝੋਨੇ ਦੀ ਫਸਲ ਪਾਣੀ ਦੀ ਲਪੇਟ ਵਿੱਚ ਆ ਗਈ ਹੈ।ਨਹਿਰੀ ਮਹਿਕਮੇ ਵਲੋਂ ਪਿੱਛੋਂ ਪਾਣੀ ਨਾ ਬੰਦ ਕੀਤੇ ਜਾਣ ਕਾਰਨ ਆਲਮ ਇਹ ਬਣ ਗਿਆ ਸੀ, ਕਿ ਪਿੰਡ ਜਗਾ ਰਾਮ ਤੀਰਥ ਵਿੱਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਸੀ।ਪਾੜ ਨਾ ਪੂਰੇ ਜਾਣ ਅਤੇ ਪਿਛੋਂ ਪਾਣੀ ਬੰਦ ਨਾ ਕੀਤੇ ਜਾਣ ਕਾਰਣ ਜਗਾ ਰਾਮ ਤੀਰਥ ਨਿਵਾਸੀਆਂ ਨੇ ਤਲਵੰਡੀ ਸਾਬੋ-ਮਾਨਸਾ ਹਾਈਵੇ `ਤੇ ਜਾਮ ਲਗਾ ਕੇ ਰੋਸ ਧਰਨਾ ਆਰੰਭ ਕਰ ਦਿੱਤਾ ਜਿਸ ਵਿੱਚ ਫਤਹਿਗੜ੍ਹ ਨੌ ਆਬਾਦ ਦੇ ਵਾਸੀ ਵੀ ਸ਼ਾਮਿਲ ਹੋ ਗਏ ਤੇ ਬਾਅਦ ਵਿੱਚ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੀ ਧਰਨੇ ਵਾਲੀ ਜਗ੍ਹਾ `ਤੇ ਪੁੱਜੇ ਗਏ ਤੇ ਲੋਕਾਂ ਦੇ ਰੋਸ ਵਿੱਚ ਸ਼ਾਮਿਲ ਹੋਏ।ਵਿਧਾਇਕਾ ਨੇ ਕਿਹਾ ਕਿ ਸਿੰਚਾਈ ਮਹਿਕਮੇ ਦੇ ਅਧਿਕਾਰੀ ਪਾੜ ਪੈਣ ਤੋਂ ਕਾਫੀ ਸਮੇਂ ਬਾਅਦ ਤੱਕ ਵੀ ਘਟਨਾ ਸਥਾਨ ਤੇ ਨਹੀ ਸਨ ਪੁੱਜੇ ਤੇ ਆਖਿਰ ਜਦੋਂ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਫੋਨ ਕੀਤਾ ਤਾਂ ਜਾ ਕੇ ਅਧਿਕਾਰੀ ਮੌਕਾ ਦੇਖਣ ਆਏ। ਲੋਕਾਂ ਨੇ ਇਸ ਮੌਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।
ਇਸ ਸਮੇਂ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਸੰਦੋਹਾ ਬਰਾਂਚ ਦੇ ਉਕਤ ਰਜਬਾਹੇ ਦੀ ਬਿਲਕੁੱਲ ਸਫਾਈ ਨਹੀ ਕੀਤੀ ਜਾ ਰਹੀ ਤੇ ਉਕਤ ਰਜਬਾਹੇ ਦੇ ਪੁੱਲ ਦਾ ਇੱਕ ਹਿੱਸਾ ਮਿੱਟੀ ਨਾਲ ਬਿਲਕੁੱਲ ਬੰਦ ਪਿਆ ਹੈ ਜੇ ਇਸ ਦੀ ਸਫਾਈ ਹੁੰਦੀ ਰਹਿੰਦੀ ਤੇ ਪੁਲ ਦਾ ਇੱਕ ਹਿੱਸਾ ਬੰਦ ਨਾ ਹੁੰਦਾ ਤਾਂ ਰਜਬਾਹਾ ਟੁੱਟਣ ਦੀ ਨੌਬਤ ਨਹੀ ਸੀ ਆਉਣੀ। ਕਰੀਬ ਦੋ ਘੰਟੇ ਸੜਕ ਤੇ ਜਾਮ ਲੱਗਣ ਤੋਂ ਬਾਅਦ ਨਹਿਰੀ ਮਹਿਕਮੇ ਦੀ ਕੁੰਭਕਰਨੀ ਨੀਂਦ ਖੁੱਲੀ ਤੇ ਅਧਿਕਾਰੀਆਂ ਨੇ ਮੌਕੇ `ਤੇ ਪੁੱਜ ਕੇ ਵਿਧਾਇਕਾ ਨੂੰ ਭਰੋਸਾ ਦੁਆਇਆ ਕਿ ਪਾੜ ਪੂਰਨ ਲਈ ਚਾਰ ਘੰਟੇ ਦਾ ਸਮਾਂ ਲਗੇਗਾ, ਪਰ ਲੋਕਾਂ ਨੇ ਫੈਸਲਾ ਸੁਣਾ ਦਿੱਤਾ ਕਿ ਜਦੋਂ ਤੱਕ ਪਾਣੀ ਬੰਦ ਕਰਕੇ ਪਾੜ ਪੂਰਿਆ ਨਹੀ ਜਾਂਦਾ ਤੇ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਪੀੜਿਤ ਕਿਸਾਨਾਂ ਨੂੰ ਆਰਥਿਕ ਸਹਾਇਤਾ ਦਾ ਭਰੋਸਾ ਨਹੀ ਦਿੱਤਾ ਜਾਂਦਾ, ਉਦੋਂ ਤੱਕ ਧਰਨਾ ਨਹੀ ਚੁਕਿਆ ਜਾਵੇਗਾ।ਪੀੜਤ ਕਿਸਾਨ ਗੁਰਪ੍ਰਤਾਪ ਸਿੰਘ ਨਵਾਂ ਪਿੰਡ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਪਈ ਦੋਹਰੀ ਮਾਰ ਨੂੰ ਦੇਖਦਿਆਂ ਪੰਜਾਬ ਸਰਕਾਰ ਤੁਰੰਤ ਵਿਸ਼ੇਸ ਗਿਰਦਾਵਰੀ ਕਰਨ ਦਾ ਐਲਾਨ ਕਰੇ ਤੇ ਸਾਰੇ ਪੀੜਿਤ ਕਿਸਾਨਾਂ ਨੂੰ ਮੁਆਵਜਾ ਦੇਵੇ।ਦੂਜੇ ਪਾਸੇ ਮੌਕੇ `ਤੇ ਪੁੱਜੇ ਨਹਿਰੀ ਮਹਿਕਮੇ ਦੇ ਐਕਸੀਅਨ ਨੇ ਕਿਹਾ ਕਿ ਪਿੱਛੇ ਵੀ ਨਹਿਰਾਂ ਵਿੱਚ ਪਾੜ ਪੈ ਜਾਣ ਕਾਰਣ ਪਾਣੀ ਨੂੰ ਰੋਕਣ ਵਿੱਚ ਮੁਸ਼ਕਿਲ ਆ ਰਹੀ ਹੈ, ਪਰ ਜਲਦੀ ਹੀ ਪਾਣੀ ਰੋਕ ਕੇ ਪਾੜ ਪੂਰ ਦਿੱਤਾ ਜਾਵੇਗਾ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply