Tuesday, November 20, 2018
ਤਾਜ਼ੀਆਂ ਖ਼ਬਰਾਂ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ

Shaheed Bhagat Sਸ਼ਹੀਦ ਭਗਤ ਸਿੰਘ ਦਾ ਜਨਮ ਜੱਟ ਸਿੱਖ ਸੰਧੂ ਪਰਿਵਾਰ ਵਿੱਚ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907 ਨੂੰ ਚੱਕ ਨੰਬਰ 105 ਪਿੰਡ ਬੰਗਾਂ ਤਹਿਸੀਲ ਜੜਾਂਵਾਲਾ ਜਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ।ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਨਵਾ ਸ਼ਹਿਰ (ਪੰਜਾਬ) ਵਿੱਚ ਸਥਿਤ ਹੈ, ਸਰਕਾਰ ਵਲੋਂ ਜਿਸ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ ਹੈ।
ਸ੍ਰ. ਭਗਤ ਸਿੰਘ ਨੂੰ ਅਜ਼ਾਦੀ ਦੀ ਗੁੜਤੀ ਆਪਣੇ ਪਰਿਵਾਰ ਵਿਚੋ ਹੀ ਮਿਲੀ ਸੀ।ਆਪ ਦੇ ਦਾਦਾ ਸ੍ਰ: ਅਰਜਨ ਸਿੰਘ ਇੱਕ ਵਾਹੀਕਾਰ ਦੇ ਨਾਲ-ਨਾਲ ਯੂਨਾਨੀ ਹਿਕਮਤ ਦੇ ਮਾਹਿਰ ਸਨ।ਉਹ ਬਹੁਤ ਸਾਰੀਆਂ ਭਾਸ਼ਾ ਦਾ ਗਿਆਨ ਰੱਖਦੇ ਸਨ ਅਤੇ ਆਸ-ਪਾਸ ਦੇ ਇਲਾਕੇ ਵਿੱਚ ਇੱਕ ਵਿਦਵਾਨ ਵਜੋਂ ਜਾਣੇ ਜਾਂਦੇ ਸਨ।ਭਗਤ ਸਿੰਘ ਦੇ ਪਿਤਾ ਸ੍ਰ: ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ।ਉਹਨਾਂ ਨੇ ਸਮੇਂ-ਸਮੇਂ ਆਈਆਂ ਕੁਦਰਤੀ ਆਫ਼ਤਾ ਸਮੇਂ ਲੋਕਾਂ ਦੀ ਵੱਧ-ਚੜ੍ਹ ਕੇ ਮਦਦ ਕੀਤੀ।ਕਿਸ਼ਨ ਸਿੰਘ ਕਾਂਗਰਸ ਦੇ ਮੈਂਬਰ ਬਣੇ ਅਤੇ 1906 ਵਿੱਚ ਉਨਾਂ ਨੇ ਸਿਆਸਤ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।ਭਗਤ ਸਿੰਘ ਦੇ ਚਾਚਾ ਸ੍ਰ: ਅਜੀਤ ਸਿੰਘ ਵੀ ਇੱਕ ਸਿਰਕੱਢ ਸਵਤੰਤਰਤਾ ਸੰਗਰਾਮੀ ਹੋਣ ਦੇ ਨਾਲ-ਨਾਲ ਇੱਕ ਪ੍ਰਭਾਵਸ਼ਾਲੀ ਬੁਲਾਰੇ ਵੀ ਸਨ, ਭਾਵੇਂ ਉਸ ਸਮੇਂ ਕੋਈ ਅੰਗਰੇਜ਼ਾਂ ਦੇ ਖਿਲਾਫ਼ ਡਰਦਾ ਮੂੰਹ ਨਹੀਂ ਸੀ ਖੋਲਦਾ।ਉਸ ਦੇ ਪ੍ਰਚਾਰ ਦਾ ਵਾਹੀਕਾਰਾਂ ਅਤੇ ਫ਼ੌਜ਼ੀਆਂ `ਤੇ ਬਹੁਤ ਜਿਆਦਾ ਪ੍ਰਭਾਵ ਪਿਆ।ਜਿਸ ਦੇ ਕਾਰਨ ਉਹਨਾਂ ਨੂੰ ਕੈਦ ਕੱਟਣ ਦੇ ਨਾਲ ਦੇਸ਼ ਨਿਕਾਲੇ ਦੀ ਸ਼ਜਾ ਵੀ ਭੁਗਤਣੀ ਪਈ।ਸ੍ਰ: ਭਗਤ ਸਿੰਘ ਆਪਣੇ ਚਾਚੇ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ। ਇਸ ਤੋਂ ਇਲਾਵਾ ਭਗਤ ਸਿੰਘ ਦੇ ਬਾਲ ਮਨ `ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਬਹੁਤ ਡੂੰਘਾ ਅਸਰ ਪਿਆ।ਭਗਤ ਸਿੰਘ ਹਮੇਸ਼ਾਂ ਕਰਤਾਰ ਸਿੰਘ ਸਰਾਭਾ ਦੀ ਫ਼ੋਟੋ ਆਪਣੀ ਜੇਬ ਵਿੱਚ ਰੱਖਿਆ ਕਰਦਾ ਸੀ, ਜੋ ਗਿ੍ਰਫ਼ਤਾਰੀ ਸਮੇਂ ਵੀ ਉਸ ਕੋਲੋ ਪ੍ਰਾਪਤ ਹੋਈ ਸੀ ।
ਭਗਤ ਸਿੰਘ ਨੇ ਆਪਣੀ ਮੁੱਢਲੀ ਸਿਖਿਆ ਲਾਇਲਪੁਰ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ ਅਤੇ 1916-17 ਈ. ੀਵੱਚ ਡੀ.ਏ.ਵੀ ਸਕੂਲ ਲਾਹੌਰ ਵਿੱਚ ਦਾਖਲਾ ਲਿਆ।ਇਸ ਸਕੂਲ ਨੂੰ ਅੰਗਰੇਜ਼ਾਂ ਵਲੋਂ ’ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਿਹਾ ਗਿਆ।ਇਸ ਸਕੂਲ ਵਿੱਚ ਪੜ੍ਹਦਿਆਂ ਹੀ ਉਸ ਨੇ ਅੰਗਰੇਜ਼ੀ, ਉਰਦੂ ਅਤੇ ਸੰਸਕਿ੍ਰਤ ਭਾਸ਼ਾ ਸਿੱਖੀਆਂ ਅਤੇ ਉਮਰ ਦੇ ਵੱਖ-ਵੱਖ ਪੜ੍ਹਾਵਾਂ ਦੇ ਚੱਲਦਿਆਂ ਗੁਰਮੁੱਖੀ, ਹਿੰਦੀ ਅਤੇ ਬੰਗਾਲੀ ਭਾਸ਼ਾ ਵੀ ਗ੍ਰਹਿਣ ਕੀਤੀਆਂ।
1919 ਈ. ਵਿੱਚ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਸ੍ਰ: ਭਗਤ ਸਿੰਘ ਦੇ ਮਨ ਤੇ ਬਹੁਤ ਗਹਿਰਾ ਪ੍ਰਭਾਵ ਪਿਆ।ਉਹ ਇਸ ਘਟਨਾ ਤੋਂ ਦੂਜੇ ਦਿਨ ਜਲ੍ਹਿਆਂਵਾਲੇ ਬਾਗ ਅੰਮ੍ਰਿਤਸਰ ਗਿਆ ਅਤੇ ਖੂਨ ਨਾਲ ਭਿੱਜੀ ਮਿੱਟੀ ਲੈ ਕੇ ਵਾਪਸ ਆ ਗਿਆ।ਇਸ ਘਟਨਾ ਨੇ ਉਸ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਰੋਹ ਭਰ ਦਿੱਤਾ।ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਮਨ ਤੇ ਡੂੰਘੀ ਛਾਪ ਛੱਡੀ।ਉਹ ਆਪਣੇ ਪਿੰਡ ਵਿਚੋਂ ਲੰਘਦੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ।1921 ਵਿੱਚ ਭਗਤ ਸਿੰਘ ਨੇ ਆਪਣੀ ਦਸਵੀਂ ਦੀ ਪੜਾਈ ਵਿਚਾਲੇ ਛੱਡ ਦਿੱਤੀ ਅਤੇ ਨਾ-ਮਿਲਵਰਤਣ ਲਹਿਰ ਵਿਚ ਸਰਗਰਮ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸੰਨ 1921-1922 ਈ: ਵਿੱਚ ਲਹੌਰ ਵਿਖੇ ਦੇਸ਼ ਭਗਤਾਂ ਦੁਆਰਾ ਨੈਸ਼ਨਲ ਕਾਲਜ ਬਣਾਇਆ ਗਿਆ, ਜਿਸ ਵਿਚ ਭਗਤ ਸਿੰਘ ਨੂੰ ਇੱਕ ਕਠਿਨ ਪ੍ਰੀਖਿਆ ਪਾਸ ਕਰ ਕੇ ਕਾਲਜ ਦੇ ਪਹਿਲੇ ਸਾਲ ਵਿੱਚ ਦਾਖਲਾ ਮਿਲ ਗਿਆ।ਇਥੇ ਜੈਦੇਵ ਗੁਪਤਾ ਅਤੇ ਸੁਖਦੇਵ ਉਸ ਦੇ ਜਮਾਤੀ ਸਨ।ਭਗਤ ਸਿੰਘ ਦਾ ਸੁਖਦੇਵ ਨਾਲ ਕਾਲਜ ਦਾ ਇਹ ਸਾਥ ਫਾਂਸੀ ਦੇ ਤਖ਼ਤੇ ਤੱਕ ਗਿਆ।ਅਜਿਹੀ ਦੋਸਤੀ ਸ਼ਾਇਦ ਹੀ ਕਿਸੇ ਨੇ ਅੱਜ ਤੱਕ ਨਿਭਾਈ ਹੋਵੇ।ਕਾਲਜ ਵਿੱਚ ਪੜ੍ਹਾਈ ਦੇ ਦੌਰਾਨ ਉਸ ਨੇ ਕਾਲਜ ਦੇ ਨੈਸ਼ਨਲ ਨਾਟਕ ਕਲੱਬ ਦੇ ਅੰਤਰਗਤ ਇਨਕਲਾਬੀ ਡਰਾਮੇ ਖੇਡੇ।ਸੋਹਣੀ ਸ਼ਕਲ ਸੂਰਤ ਅਤੇ ਸੁਰੀਲੀ ਅਵਾਜ਼ ਦੀ ਬਦੌਲਤ ਭਗਤ ਸਿੰਘ ਨੇ ਬਹੁਤ ਸਾਰੇ ਨਾਟਕਾਂ ਵਿੱਚ ਨਾਇਕ ਦੀ ਭੂਮਿਕਾ ਨਿਭਾਉਂਦੇ ਹੋਏ ਇਨਕਲਾਬੀ ਗੀਤ ਗਾਏ।ਅੰਗਰੇਜ਼ ਸਰਕਾਰ ਦੁਆਰਾ ਇਸ ਕਲੱਬ `ਤੇ ਇਨਕਲਾਬੀ ਨਾਟਕ ਖੇਡਣ ਕਾਰਨ ਪਾਬੰਦੀ ਲਗਾ ਦਿੱਤੀ ਗਈ।1923 ਵਿੱਚ ਪੰਜਾਬ ਹਿੰਦੀ ਸਾਹਿਤ ਸੰਮੇਲਨ ਵਲੋਂ ਕਰਵਾਏ ਲੇਖ ਮੁਕਾਬਲੇ ਵਿੱਚ ਸ੍ਰ: ਭਗਤ ਸਿੰਘ ਨੂੰ ਪਹਿਲਾ ਇਨਾਮ ਮਿਲਿਆ।1923 ਵਿੱਚ ਹੀ ਘਰਦਿਆਂ ਵਲੋਂ ਵਿਆਹ ਲਈ ਜ਼ੋਰ ਪਾਉਣ `ਤੇ ਉਸ ਨੇ ਘਰ ਛੱਡ ਦਿੱਤਾ ਅਤੇ ਕਾਨਪੁਰ ਚਲਾ ਗਿਆ।ਅਸਲ ਵਿੱਚ ਉਹ ਆਪਣਾ ਵਿਆਹ ਲਾੜੀ ਮੌਤ ਨਾਲ ਕਰਾਉਣਾ ਚਾਹੁੰਦਾ ਸੀ।ਕਾਨਪੁਰ ਵਿੱਚ ਸ੍ਰ: ਭਗਤ ਸਿੰਘ ਨੇ ਆਪਣਾ ਨਾਮ ਬਲਵੰਤ ਸਿੰਘ ਰੱਖ ਕੇ ਕੁੱਝ ਦੇਰ ਪ੍ਰਤਾਪ ਪ੍ਰੈਸ ਵਿੱਚ ਕੰਮ ਕੀਤਾ।1925 ਵਿੱਚ ਦਾਦੀ ਦੀ ਬਿਮਾਰੀ ਕਾਰਨ ਉਸ ਨੂੰ ਵਾਪਸ ਲਾਹੌਰ ਆਪਣੇ ਪਿੰਡ ਆਉਣਾ ਪਿਆ। ਭਗਤ ਸਿੰਘ ਦੀ ਦਾਦੀ ਭਗਤ ਸਿੰਘ ਨੂੰ ਭਾਗਾਂਵਾਲਾ ਕਹਿ ਕੇ ਬੁਲਾਉਂਦੀ ਸੀ।
13 ਮਾਰਚ 1926 ਈ: ਨੂੰ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਮਿਲ ਕੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ, ਜੋ ਕਿ ਇਨਕਲਾਬੀ ਗਤੀਵਿਧੀਆਂ ਲਈ ਇੱਕ ਖੁੱਲਾ ਮੰਚ ਸੀ।ਇਸ ਸਭਾ ਵਿੱਚ ਭਗਤ ਸਿੰਘ ਨੇ ਜਨਰਲ ਸਕੱਤਰ ਦੀ ਭੂਮਿਕਾ ਨਿਭਾਈ।ਇਸ ਸਭਾ ਦੀ ਪਹਿਲੀ ਕਾਨਫਰੰਸ 11-12-13 ਅਪ੍ਰੈਲ 1928 ਨੂੰ ਹੋਈ।1927 ਵਿੱਚ ਕਾਕੋਰੀ ਕਾਂਡ ਰੇਲ ਗੱਡੀ ਡਾਕੇ ਦੇ ਸਬੰਧ ਵਿੱਚ ਸ੍ਰ: ਭਗਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਲਹੌਰ ਵਿੱਚ ਦੁਸਹਿਰੇ ਮੌਕੇ ਹੋਏ ਬੰਬ ਧਮਾਕੇ ਦਾ ਵੀ ਦੋਸ਼ ਮੜ੍ਹ ਦਿੱਤਾ ਗਿਆ।60 ਹਜ਼ਾਰ ਰੁਪਏ ਜਮਾਨਤ ਅਤੇ ਚੰਗੇ ਚਾਲ-ਚੱਲਣ ਕਾਰਨ ਸ੍ਰ: ਭਗਤ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ।
ਸ੍ਰ: ਭਗਤ ਸਿੰਘ ਜਿਥੇ ਇਕ ਸਿਰਕਢ ਕ੍ਰਾਂਤੀਕਾਰੀ ਸੀ ਉਥੇ ਉਘਾ ਵਿਦਵਾਨ ਵੀ ਸੀ।ਉਸ ਨੇ ਇੰਨੀ ਛੋਟੀ ਉਮਰ ਵਿੱਚ ਬਹੁਤ ਵੱਡੀਆਂ ਪੁਲਾਘਾਂ ਪੁੱਟੀਆਂ। ਸ੍ਰ: ਭਗਤ ਸਿੰਘ ਨੇ ਵਿਦੇਸ਼ੀ ਅਜ਼ਾਦੀ ਘੁਲਾਟੀਆਂ ਦੀਆਂ ਸਵੈ-ਜੀਵਨੀਆਂ ਦਾ ਭਾਰਤੀ ਭਾਸ਼ਾ ਵਿੱਚ ਅਨੁਵਾਦ ਕਰਨ ਦੇ ਨਾਲ-ਨਾਲ ਖੁੱਦ ਵੀ ਕਿਤਾਬਾਂ ਅਤੇ ਪਰਚੇ ਲਿਖੇ।ਉਸ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਜਨੂੰਨ ਦੀ ਹੱਦ ਤੱਕ ਸੀ। ਉਹ ਆਪਣੇੇ ਨਾਲ ਹਰ ਵੇਲੇ ਕਿਤਾਬ ਅਤੇ ਪਸਤੌਲ ਰੱਖਦਾ ਸੀ।
30 ਅਕਤੂਬਰ 1928 ਈ: ਨੂੰ ਸਾਈਮਨ ਕਮਿਸ਼ਨ ਲਹੌਰ ਪਹੁੰਚਿਆ।ਇਸ ਕਮਿਸ਼ਨ ਦੇ ਖਿਲਾਫ਼ ਨੌਜਵਾਨ ਭਾਰਤ ਸਭਾ ਨੇ ਜਲੂਸ ਕੱਢਿਆ ਅਤੇ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਹਰੇ ਲਗਾਏ।ਇਸ ਜਲੂਸ ਵਿਚ ਭਗਤ ਸਿੰਘ ਨੇ ਵੀ ਹਿੱਸਾ ਲਿਆ।ਪੁਲਿਸ ਦੇ ਰੋਕਣ ਦੇ ਬਾਵਜੂਦ ਜਲੂਸ ਅੱਗੇ ਵੱਧਦਾ ਗਿਆ, ਜਿਸ ਨੂੰ ਰੋਕਣ ਲਈ ਅੰਗਰੇਜ਼ ਹਕੂਮਤ ਨੇ ਲਾਠੀ ਚਾਰਜ਼ ਕੀਤਾ, ਇਸੇ ਦੌਰਾਨ ਲਾਲਾ ਲਾਜਪਤ ਰਾਏ ਦੇ ਸਿਰ ਵਿੱਚ ਲਾਠੀ ਦੀ ਗਹਿਰੀ ਸੱਟ ਲੱਗਣ ਕਾਰਨ ਕੁੱਝ ਦਿਨਾਂ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਇਨਕਲਾਬੀਆਂ ਨੇ ਇੱਕ ਯੋਜਨਾ ਬਣਾਈ, ਜਿਸ ਦੇ ਅੰਤਰਗਤ ਸਕਾਟ ਨੂੰ ਗੋਲੀ ਮਾਰਨੀ ਸੀ। ਮੌਕੇ `ਤੇ ਸਕਾਟ ਦੀ ਜਗ੍ਹਾ ਸਹਾਇਕ ਪੁਲਿਸ ਮੁੱਖੀ ਜੇ.ਪੀ ਸਾਂਡਰਸ ਮੋਟਰਸਾਈਕਲ `ਤੇ ਦਫ਼ਤਰੋਂ ਬਾਹਰ ਆ ਗਿਆ ਅਤੇ ਕ੍ਰਾਂਤੀਕਾਰੀਆਂ ਦੀ ਗੋਲੀ ਦਾ ਨਿਸ਼ਾਨਾ ਬਣ ਗਿਆ। ਇਸ ਤਰ੍ਹਾਂ ਕ੍ਰਾਂਤੀਕਾਰੀਆ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ।
ਸ੍ਰ: ਭਗਤ ਸਿੰਘ ਖੂਨ-ਖਰਾਬੇ ਦੇ ਬਿਲਕੁੱਲ ਹੱਕ ਵਿੱਚ ਨਹੀਂ ਸੀ।ਉਸ ਨੇ ਪਬਲਿਕ ਸੇਫ਼ਟੀ ਬਿਲ ਅਤੇ ਟਰੇਡ ਡਿਸਪਿਊਟਸ ਬਿੱਲ ਦੇ ਖਿਲਾਫ ਅਸੰਬਲੀ ਵਿੱਚ ਨਕਲੀ ਬੰਬ ਸੁੱਟ ਕੇ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨਾ ਚਾਹਿਆ।ਇਸ ਲਈ ਸ੍ਰ: ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਕੇਂਦਰੀ ਅਸੰਬਲੀ ਦੇ ਸੈਂਟਰਲ ਹਾਲ ਵਿੱਚ ਖਾਲੀ ਥਾਂ `ਤੇ ਨਕਲੀ ਬੰਬ ਸੁੱਟਿਆ ਅਤੇ ਪਰਚੇ ਸੁੱਟਦੇ ਹੋਏ ਇਨਕਲਾਬ-ਜਿੰਦਾਬਾਦ ਦੇ ਨਾਹਰੇ ਲਾਏ।ਸਾਰਾ ਹਾਲ ਧੂੰਏਂ ਨਾਲ ਭਰ ਗਿਆ ਉਹ ਚਾਹੁੰਦੇ ਤਾਂ ਉੱਥੋ ਭੱਜ ਸਕਦੇ ਸਨ।ਪਰ ਉਹਨਾਂ ਨੇ ਆਪਣੀ ਇੱਛਾ ਨਾਲ ਪੁਲਿਸ ਨੂੰ ਗ੍ਰਿਫ਼ਤਾਰੀ ਦਿੱਤੀ।ਜਦੋਂ ਭਗਤ ਸਿੰਘ ਨੂੰ ਨਕਲੀ ਬੰਬ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਉੱਤਰ ਦਿੱਤਾ ਕਿ ਉਹਨਾਂ ਦਾ ਉਦੇਸ਼ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ ਸਗੋਂ ਸੱਤ-ਸਮੰੁਦਰ ਪਾਰ ਬੈਠੀ ਬੋਲੀ ਸਰਕਾਰ ਦੇ ਕੰਨ ਖੋਲਣਾ ਸੀ।ਇਨਕਬਾਲ ਜਿੰਦਾਬਾਦ ਦਾ ਨਾਹਰਾ ਪਹਿਲੀ ਵਾਰ ਸ੍ਰ: ਭਗਤ ਸਿੰਘ ਨੇ ਦਿੱਤਾ ਸੀ, ਜੋ ਅੱਗੇ ਚੱਲ ਕੇ ਸਾਰੇ ਦੇਸ਼ ਦਾ ਨਾਹਰਾ ਬਣ ਗਿਆ।
ਸ੍ਰ: ਭਗਤ ਸਿੰਘ ਅਤੇ ਬੀ.ਕੇ ਦੱਤ ਵਿਰੁਧ ਚਲਾਨ ਏ.ਡੀ.ਐਮ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹਨਾਂ ਨੇ ਆਪਣੀ ਕਨੂੰਨੀ ਚਾਰਾਜੋਈ ਲਈ ਕੋਈ ਵੀ ਵਕੀਲ ਨਹੀਂ ਕੀਤਾ ਅਤੇ ਆਪਣੀ ਵਕਾਲਤ ਖੁੱਦ ਕਰਦੇ ਰਹੇ। 10 ਜੂਨ 1929 ਨੂੰ ਅਦਾਲਤ ਦੀ ਸੁਣਵਾਈ ਖਤਮ ਹੋ ਗਈ ਅਤੇ ਦੋਵਾਂ ਨੂੰ ਉਮਰ ਕੈਂਦ ਦੀ ਸਜ਼ਾ ਸੁਣਾ ਦਿੱਤੀ ਗਈ। ਅਸੰਬਲੀ ਬੰਬ ਕੇਸ ਦੀ ਸਜ਼ਾ ਤੋਂ ਬਾਅਦ ਸ੍ਰ. ਭਗਤ ਸਿੰਘ ਨੂੰ ਮੀਆਂਵਾਲੀ ਜੇਲ੍ਹ ਅਤੇ ਬੀ.ਕੇ ਦੱਤ ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਬਦਲ ਦਿੱਤਾ ਗਿਆ।25 ਜੂਨ, 1929 ਈ: ਨੂੰ ਭਗਤ ਸਿੰਘ ਨੂੰ ਸਾਂਡਰਸ ਕੇਸ ਦੇ ਸਬੰਧ ਵਿੱਚ ਕੇਂਦਰੀ ਜੇਲ੍ਹ ਲਹੌਰ ਭੇਜ ਦਿੱਤਾ ਗਿਆ।10 ਜੁਲਾਈ ਨੂੰ ਸਾਂਡਰਸ ਕੇਸ ਦੀ ਕਾਰਵਾਈ ਸ਼ੁਰੂ ਹੋ ਗਈ। ਇਸ ਕੇਸ ਦੇ ਦੌਰਾਨ ਸ: ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਜੇਲ੍ਹ ਅਧਿਕਾਰੀਆਂ ਵਲੋ ਦਿੱਤੇ ਗਏ ਮਾੜੇ ਖਾਣੇ ਅਤੇ ਮਾੜੇ ਵਤੀਰੇ ਖਿਲਾਫ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।ਇਸ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਸਰਕਾਰ ਵਲੋਂ ਅਨੇਕਾਂ ਯਤਨ ਕੀਤੇ ਗਏ 63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਜਤਿਨ ਦਾਸ 13 ਸਤੰਬਰ 1929 ਈ: ਨੂੰ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਗਿਆ।ਇਹ ਖਬਰ ਜੰਗਲ ਦੀ ਅੱਗ ਵਾਂਗ ਹਰ ਪਾਸੇ ਫੈਲ ਗਈ।ਬਾਰ-ਬਾਰ ਭੁੱਖ ਹੜਤਾਲ ਅਤੇ ਲੰਬੀ ਜੱਦੋ-ਜਹਿਦ ਤੋਂ ਬਾਅਦ ਸਰਕਾਰ ਨੂੰ ਕ੍ਰਾਂਤੀਕਾਰੀਆਂ ਦੀਆਂ ਮੰਗਾਂ ਸਾਹਮਣੇ ਝੁਕਣਾ ਪਿਆ।
ਸਾਂਡਰਸ ਕਤਲ ਦੇ ਕੇਸ ਦਾ ਮੁਕੱਦਮਾ 10 ਜੁਲਾਈ 1929 ਈ: ਨੂੰ ਜੇਲ੍ਹ ਵਿਚ ਹੀ ਵਿਸ਼ੇਸ਼ ਮੈਜਿਸਟਰੇਟ ਦੀ ਅਦਾਲਤ ਵਿੱਚ ਸ਼ੁਰੂ ਕੀਤਾ ਗਿਆ।ਇਸ ਮੁਕਦਮੇ ਵਿੱਚ 25 ਵਿਅਕਤੀ ਨਾਮਜ਼ਦ ਕੀਤੇ ਗਏ।ਇਨਕਲਾਬੀਆਂ ਨੇ ਇਸ ਮੁਕਦਮੇ ਪ੍ਰਤੀ ਕੋਈ ਖਾਸ ਗੰਭੀਰਤਾ ਨਹੀਂ ਦਿਖਾਈ।ਇੰਝ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਉਹਨਾਂ ਦਾ ਮਕਸਦ ਕੇਵਲ ਫਾਂਸੀ ਚੜਨ ਤੱਕ ਹੀ ਸੀਮਿਤ ਸੀ।ਸ੍ਰ: ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਮੁਕੱਦਮੇ ਦੀ ਕਾਰਵਾਈ ਲਈ ਇੱਕ ਟ੍ਰਿਬਿਊਨਲ ਗਠਿਤ ਕੀਤਾ ਗਿਆ ਜਿਸ ਦੇ ਤਿੰਨ ਜੱਜ ਮੈਂਬਰ ਸਨ।ਇਸ ਟ੍ਰਿਬਿਊਨਲ ਨੇ 7 ਅਕਤੂਬਰ 1930 ਨੂੰ ਫ਼ੈਸਲਾ ਸੁਣਾਉਂਦੇ ਹੋਏ ਭਗਤ ਸਿੰਘ, ਸੁਖਦੇਵ ਥਾਪੜ ਅਤੇ ਸ਼ਿਵਰਾਮ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸਿਵ ਵਰਮਾ, ਗਯਾ ਪ੍ਰਸ਼ਾਦ, ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰ ਕੈਦ , ਕੁੰਦਨ ਲਾਲ ਨੂੰ ਸੱਤ ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ ਦੀ ਸ਼ਜਾ ਸੁਣਾਈ।ਅਸਲ ਵਿੱਚ ਇਹ ਹੁਕਮ ਤਾਂ ਸੱਤ ਸਮੁੁੰਦਰੋਂ ਪਾਰ ਤੋਂ ਆਇਆ ਸੀ।
ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਉਣ ਦੀ ਮਿਤੀ 24 ਮਾਰਚ 1931 ਮੁਕੱਰਰ ਕੀਤੀ ਗਈ ਸੀ। ਪ੍ਰੰਤੂ ਲੋਕਾਂ ਦਾ ਇਕੱਠ 23 ਮਾਰਚ ਸਵੇਰ ਤੋਂ ਜੇਲ੍ਹ ਦੇ ਗੇਟ ਬਾਹਰ ਇਕੱਠਾ ਹੋਣ ਲੱਗਾ।ਲੋਕਾਂ ਦੀ ਬਗਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ ਇੱਕ ਕੋਝੀ ਚਾਲ ਚੱਲਦਿਆਂ 23 ਮਾਰਚ 1931 ਨੂੰ ਸ਼ਾਮ 7:30 ਵਜੇ ਫਾਂਸੀ ਦੇਣ ਦੀ ਯੋਜਨਾ ਬਣਾਈ।ਜਦੋਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੇ ਤਖਤੇ ਤੱਕ ਲਿਜਾਣ ਲਈ ਪੁਲਿਸ ਕਰਮਚਾਰੀ ਆਏ ਤਾਂ ਉਸ ਸਮੇ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ।ਭਗਤ ਸਿੰਘ ਨੇ ਕਿਹਾ ਰੁਕੋ ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨਾਲ ਮੁਲਾਕਾਤ ਕਰ ਰਿਹਾ ਹੈ।ਇਸ ਤੋਂ ਬਾਅਦ ਭਗਤ ਸਿੰਘ ਕਿਤਾਬ ਦਾ ਪੰਨਾ ਮੋੜ ਪੁਲਿਸ ਕਰਮਚਾਰੀਆਂ ਨਾਲ ਤੁਰ ਪਿਆ।ਕਿਤਾਬ ਦਾ ਮੁੜਿਆ ਹੋਇਆ ਪੰਨਾਂ ਇੰਝ ਕਹਿ ਰਿਹਾ ਸੀ ਜਿਵੇਂ ਕਿ ਇਹ ਸੰਘਰਸ਼ ਅਧੂਰਾ ਹੈ ਜੋ ਆਉਣ ਵਾਲੀ ਪੀੜ੍ਹੀ ਪੂਰਾ ਕਰੇਗੀ।
ਸ੍ਰ: ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਫਾਂਸੀ ਦੇ ਤਖਤੇ ਤੇ ਪਹੁੰਚ ਕੇ ਆਖਰੀ ਇੱਛਾ ਪ੍ਰਗਟਾਉਦਿਆਂ ਕਿਹਾ ਕਿ ਉਹ ਆਪਸ ਵਿੱਚ ਗਲੇ ਮਿਲਣਾ ਚਾਹੁੰਦੇ ਹਨ ਅਤੇ ਫਾਂਸੀ ਦਾ ਰੱਸਾ ਚੁੰਮਣਾ ਚਾਹੁੰਦੇ ਹਨ।ਉਹਨਾਂ ਦੀ ਇਹ ਮੰਗ ਪੂਰੀ ਕਰ ਦਿੱਤੀ ਗਈ ਅਤੇ ਤਿੰਨੇ ਯੋਧੇ ਲਾਹੌਰ ਜੇਲ੍ਹ ਵਿੱਚ ਫਾਂਸੀ `ਤੇ ਲਟਕਾ ਦਿੱਤੇ ਗਏ।ਇਸ ਸਮੇਂ ਭਗਤ ਸਿੰਘ ਦੀ ਉਮਰ 23 ਸਾਲ, 5 ਮਹੀਨੇ ਅਤੇ 27 ਦਿਨ ਸੀ।ਲੋਕਾਂ ਦੇ ਇਕੱਠ ਤੋਂ ਡਰਦਿਆਂ ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਹੁਸੈਨੀਵਾਲਾ (ਫਿਰੋਜ਼ਪੁਰ) ਸਤਲੁਜ ਦਰਿਆ ਦੇ ਕੰਢੇ `ਤੇ ਜਲ੍ਹਾ ਦਿੱਤੀਆਂ ਗਈਆਂ।ਲੋਕਾਂ ਦੇ ਡਰ ਤੋਂ ਅਧ ਜਲੀਆਂ ਲਾਸ਼ਾਂ ਸਤਲੁਜ ਦਰਿਆ ਵਿੱਚ ਬਹਾ ਦਿੱਤੀਆਂ ਗਈਆਂ।ਇਸ ਤਰ੍ਹਾਂ ਇਹ ਮਰਜੀਵੜੇ ਇਸ ਬੇਰਹਿਮ ਅਤੇ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ।
 ਅੱਜ ਲੋੜ ਹੈ ਉਹਨਾਂ ਦੇ ਵਿਖਾਏ ਰਸਤੇ `ਤੇ ਚੱਲਣ ਦੀ।ਬੇਸ਼ੱਕ ਭਗਤ ਸਿੰਘ ਤੇ ਉਸ ਦੇ ਸਾਥੀ ਅੱਜ ਜੀਵਤ ਨਹੀਂ ਹਨ, ਪਰ ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਅਮਰ ਰਹਿਣਗੇ।

Kanwal Dhillon

 

 

 

 

 

 
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਮੋ – 9478793231

Email :kanwaldhillon16@gmail.com

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>