Thursday, April 18, 2024

ਉਤਰਾਖੰਡ ਦੀ ਸੰਗਤ ਨੇ ਨਗਰ ਕੀਰਤਨ ਦੇ ਸਵਾਗਤ ਲਈ ਕੀਤੇ ਵਿਸ਼ੇਸ਼ ਪ੍ਰਬੰਧ

ਇਤਿਹਾਸਕ ਸ਼ਸਤਰਾਂ ਵਾਲੀ ਪ੍ਰਦਰਸ਼ਨੀ ਨੂੰ ਦੇਖਣ ਲਈ ਸੰਗਤਾਂ `ਚ ਦਿਖਿਆ ਭਾਰੀ ਉਤਸ਼ਾਹ

PPN0410201818ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਿੱਖ ਪੰਥ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਕੋੜੀ ਵਾਲਾ ਘਾਟ ਉਤਰ ਪ੍ਰਦੇਸ਼ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੱਕ ਆਰੰਭ ਕੀਤੇ ਵਿਸ਼ਾਲ ਨਗਰ ਕੀਰਤਨ ਦੇ ਚੌਥੇ ਦਿਨ ਦੀ ਆਰੰਭਤਾ ਗੁਰਦੁਆਰਾ ਨਾਨਕਿਆਣਾ ਸਾਹਿਬ ਕਾਸ਼ੀਪੁਰ ਜ਼ਿਲ੍ਹਾ ਊਧਮ ਸਿੰਘ ਨਗਰ ਉਤਰਾਖੰਡ ਤੋਂ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਹੋਈ।ਅਰਦਾਸ ਉਪਰੰਤ ਆਰੰਭਤਾ ਮੌਕੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਬਾਬਾ ਸੁਰਿੰਦਰ ਸਿੰਘ ਜੀ ਦਿੱਲੀ ਵਾਲਿਆਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਸਾਂਝੇ ਰੂਪ ਵਿਚ ਸਿਰੋਪਾਓ ਦੇ ਕੇ ਨਿਵਾਜਿਆ।
ਇਸ ਸਮੇਂ ਉਨ੍ਹਾਂ ਦੇ ਨਾਲ ਗੁਰਦੁਆਰਾ ਨਾਨਕਿਆਣਾ ਸਾਹਿਬ ਕਾਸ਼ੀਪੁਰ ਦੇ ਮੁੱਖ ਪ੍ਰਬੰਧਕ ਹਰਦੇਵ ਸਿੰਘ ਭੋਮਾ ਤੋਂ ਇਲਾਵਾ ਰਾਮ ਸਿੰਘ ਬੇਦੀ ਰੁਦਰਪੁਰ, ਅਮਰੀਕ ਸਿੰਘ ਸ਼ਾਹਪੁਰ ਮੈਂਬਰ ਅੰਤ੍ਰਿੰਗ ਕਮੇਟੀ, ਬਾਬਾ ਗੁਰਨਾਮ ਸਿੰਘ ਕਾਰ ਸੇਵਾ ਵਾਲੇ, ਵਧੀਕ ਸਕੱਤਰ ਬਿਜੈ ਸਿੰਘ, ਮੀਤ ਸਕੱਤਰ ਸਿਮਰਜੀਤ ਸਿੰਘ ਕੰਗ, ਹਰਜੀਤ ਸਿੰਘ ਲਾਲੂੂ ਘੁੰਮਣ, ਗੁਰਵਿੰਦਰ ਸਿੰਘ, ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ, ਹਰਜਿੰਦਰ ਸਿੰਘ ਇੰਚਾਰਜ ਸਿੱਖ ਮਿਸ਼ਨ ਕਾਸ਼ੀਪੁਰ ਆਦਿ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਨਗਰ ਕੀਰਤਨ ਨਾਲ ਚੱਲ ਰਹੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੀਰਤਨ ਦੌਰਾਨ ਸਕੂਲੀ ਵਿਦਿਆਰਥੀਆਂ ਬੈਂਡ ਅਤੇ ਗਤਕਾ ਅਖਾੜਿਆਂ ਵੱਲੋਂ ਵਿਖਾਏ ਸਿੱਖ ਸ਼ਸਤਰ ਕਲਾ ਦੇ ਜੌਹਰ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਅਤੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਥਾਂ ਥਾਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ।ਰਸਤੇ ਵਿਚ ਸੰਗਤਾਂ ਵੱਲੋਂ ‘ਧੰਨ ਗੁਰੂ ਨਾਨਕ ਤੇਰੀ ਵਡੀ ਕਮਾਈ’ ਤੇ ਹੋਰ ਸ਼ਬਦਾਂ ਦਾ ਉਚਾਰਨ ਕਰਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ।ਇਸ ਤੋਂ ਇਲਾਵਾ ਫੁੱਲਾਂ ਨਾਲ ਸਜੀ ਪਾਲਕੀ ਅੰਦਰ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਉਪਰ ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦਾ ਜਸਪੁਰ ਸਮੇਤ ਅਨੇਕਾਂ ਥਾਵਾਂ ’ਤੇ ਨਿੱਘਾ ਸਵਾਗਤ ਹੋਇਆ ਤੇ ਸੰਗਤਾਂ ਵੱਲੋਂ ਪੰਜ ਪਿਆਰਿਆਂ ਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰੋਪਾਓ ਤੇ ਧਾਰਮਿਕ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਭਾਈ ਅਜਾਇਬ ਸਿੰਘ ਅਭਿਆਸੀ ਨੇ ਦੱਸਿਆ ਕਿ ਸੰਗਤਾਂ ਵਿਚ ਨਗਰ ਕੀਰਤਨ ਨਾਲ ਚੱਲ ਰਹੀ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸਿਕ ਸ਼ਸਤਰਾਂ ਵਾਲੀ ਬੱਸ ਵਿਚ ਸੁਸ਼ੋਭਿਤ ਸ਼ਸਤਰ ਦੇਖਣ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਪੂਰੇ ਰਸਤੇ ਵਿਚ ਥਾਂ ਥਾਂ ਲੰਗਰਾਂ ਦੇ ਪ੍ਰਬੰਧ ਸੰਗਤ ਨੇ ਕੀਤੇ ਹਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply