Friday, March 29, 2024

ਹਿੰਦੂ ਧਰਮ ਦੇ ਪਵਿੱਤਰ ਗ੍ਰੰਥਾਂ ਸਬੰਧੀ ਵਾਇਰਲ ਵੀਡੀਓ ਦੀ ਹਿੰਦੂ ਸ਼ਿਵ ਸੈਨਾ ਵਲੋਂ ਨਿਖੇਧੀ

ਬਠਿੰਡਾ, 17 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਆਲ ਇੰਡੀਆ ਹਿੰਦੂ ਸ਼ਿਵ ਸੈਨਾ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਅਨਿਲ ਗੁਪਤਾ ਦੀ ਪ੍ਰਧਾਨਗੀ `ਚ ਹੋਈ ਮੀਟਿੰਗ ਦੌਰਾਨ ਬੀਤੇ ਦਿਨੀਂ ਅੰਗਰੇਜ਼ੀ ਅਖਬਾਰ ਦੀ ਸਾਬਕਾ ਰਿਪੋਟਰ ਵਲੋਂ ਹਿੰਦੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਵਾਇਰਲ ਕਰਨ ਦੀ ਨਿਖੇਧੀ ਕੀਤੀ ਗਈ ਹੈ।ਉਕਤ ਮਹਿਲਾ ਵਲੋਂ 14 ਸਤੰਬਰ 2018 ਦੀ ਬਣਾਈ ਵੀਡੀਓ ‘ਚ ਸ਼ਰੇਆਮ ਹਿੰਦੂ ਗ੍ਰੰਥ ਭਾਗਵਤ ਗੀਤਾ ਦੇ ਪੰਨਿਆਂ ਨੂੰ ਫਾੜਿਆ ਗਿਆ ਅਤੇ ਨਾਲ ਹੀ ਸ਼ਿਵਲਿੰਗ ਨੂੰ ਭੰਗ ਕਰਨ ਦੀ ਵੀ ਗੱਲ ਕੀਤੀ ਗਈ ਹੈ।ਹੋਰ ਤਾਂ ਹੋਰ ਮਹਿਲਾ ਵਲੋਂ ਸ੍ਰੀ ਰਾਮ ਚਰਿਤ ਮਾਨਸ ਅਤੇ ਸ੍ਰੀ ਹਨੂੰਮਾਨ ਚਾਲੀਸਾ ਨੂੰ ਭੰਗ ਕਰਨ ਦੀ ਗੱਲ ਕੀਤੀ ਗਈ ਅਤੇ ਨਾਲ ਹੀ ਇਹ ਕਿਹਾ ਗਿਆ ਕਿ ਜੇਕਰ ਕੋਈ ਵੀ ਉਸ ਉਪਰ ਕਾਨੂੰਨੀ ਕਾਰਵਾਈ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਉਸ ਲਈ ਵੀ ਤਿਆਰ ਹੈ।ਇਸ ਵੀਡੀਓ ਰਾਹੀਂ ਹਿੰਦੂ ਗ੍ਰੰਥਾਂ ਨੂੰ ਭੰਗ ਕਰਨ ਨਾਲ ਹਿੰਦੂ ਧਰਮ ਦੇ ਪੈਰੋਕਾਰਾਂ ਨੂੰ ਕਾਫੀ ਠੇਸ ਪਹੁੰਚੀ ਹੈ।
ਪ੍ਰਧਾਨ ਅਨਿਲ ਗੁਪਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਮਹਿਲਾ ਤੇ ਆਈ.ਪੀ.ਸੀ ਦੀ ਧਾਰਾ 295, 295 ਏ, 298 ਤਹਿਤ ਐਫ.ਆਈ.ਆਰ ਦਰਜ ਕਰਨ ਅਤੇ ਸਖਤ ਤੋਂ ਸਖਤ ਕਾਰਵਾਈ ਕਰਨ ਲਈ 13 ਅਕਤੂਬਰ ਨੂੰ ਉਹ ਅਤੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਅਜੈ ਸ਼ਰਮਾ ਡੀ.ਐਸ.ਪੀ ਬਠਿੰਡਾ ਨੂੰ ਵੀ ਮਿਲੇ ਸਨ।ਡੀ.ਐਸ.ਪੀ ਸਾਹਿਬ ਨੇ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਵਲੋਂ ਮਿਲੀ ਸ਼ਿਕਾਇਤ ਦੇ ਆਧਾਰ `ਤੇ ਉਕਤ ਮਹਿਲਾ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਆਲ ਇੰਡੀਆ ਹਿੰਦੂ ਸ਼ਿਵ ਸੇਨਾ ਸੂਬਾ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕਰਦੀ ਹੈ ਕਿ ਇਹੋ ਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਕੁੱਝ ਸ਼ਰਾਰਤੀ ਅਨਸਰ ਆਪਣੇ ਸਵਾਰਥ ਲਈ ਹਰ ਸਮੇਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤਾਕ ਵਿੱਚ ਹਨ।
ਇਸ ਮੌਕੇ ਵਨੀਤ ਬਾਂਸਲ ਚੀਫ ਸੈਕਟਰੀ ਜ਼ਿਲ੍ਹਾ ਬਠਿੰਡਾ, ਅਨਿਲ ਕੁਮਾਰ ਚੌਬੇ ਸਰਕਲ ਪ੍ਰਧਾਨ ਗੋਨਿਆਣਾ, ਸੰਦੀਪ ਕੁਮਾਰ ਲਵਲੀ ਵਾਇਸ ਪ੍ਰਧਾਨ, ਪਵਨ ਕੁਮਾਰ ਗੁਪਤਾ ਹੈਡ ਕੈਸ਼ੀਅਰ, ਅਨੀਸ਼ ਗੁਪਤਾ ਪ੍ਰਧਾਨ ਯੂਥ ਵਿੰਗ ਗੋਨਿਆਣਾ, ਬਸੰਤ ਬਾਂਸਲ, ਰੋਬਿਨ ਬਾਂਸਲ, ਅੰਕੁਰ ਜਿੰਦਲ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply