Thursday, March 28, 2024

ਫਸਲਾਂ ਦੀ ਰਹਿੰਦ-ਖੂੰਹਦ ਸਾਂਭਣ ਵਿਚ ਵਿਭਾਗ ਵੱਲੋਂ ਯਤਨ ਜਾਰੀ, ਜਿਲ੍ਹੇ `ਚ ਕੱਟੇ 206 ਚਲਾਨ

ਅੰਮ੍ਰਿਤਸਰ, 18 ਅਕਤਬੂਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਫਸਲਾਂ ਦੀ ਰਹਿੰਦ-ਖੂੰਹਦ ਜਿਸ ਵਿਚ ਪਰਾਲੀ ਤੇ ਨਾੜ ਮੁੱਖ ਤੌਰ ’ਤੇ ਸ਼ਾਮਿਲ ਹਨ, ਨੂੰ ਬਿਨਾਂ ਸਾੜੇ ਖੇਤ ਵਿਚ ਮਿਲਾ ਦੇਣ ਨਾਲ ਜਿੱਥੇ ਖੇਤ ਦੀ ਉਪਜਾੳੂ ਸ਼ਕਤੀ  ਵੱਧਦੀ ਹੈ, ਉਥੇ ਫਸਲਾਂ ਦਾ ਝਾੜ ਵੀ ਵੱਧਦਾ ਹੈ ਅਤੇ ਧੰਨ ਦੀ ਬਰਬਾਦੀ ਵੀ ਰੁਕਦੀ ਹੈ। ਉਕਤ ਸੋਚ ਦਾ ਪ੍ਰਗਟਾਵਾ ਕਰਦੇ ਖੇਤੀਬਾੜੀ ਅਧਿਕਾਰੀ ਡਾ. ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਕੰਬਾਈਨ ਨਾਲ ਕੱਟੇ ਝੋਨੇ ਵਾਲੇ ਖੇਤਾਂ ਵਿੱਚ ਹੈਪੀਸੀਡਰ ਮਸ਼ੀਨ ਨਾਲ ਕਣਕ ਦੀ ਸਿੱਧੀ ਬਿਜਾਈ ਕਰਨ ’ਤੇ ਹੀ ਪ੍ਰਤੀ ਏਕੜ ਕਿਸਾਨ ਦਾ 2000 ਤੋਂ 2500 ਰੁਪਏ ਬਚ ਜਾਂਦਾ ਹੈ, ਉਥੇ ਬਿਜਾਈ 7-8 ਦਿਨ ਪਹਿਲਾਂ ਹੋ ਜਾਂਦੀ ਹੈ, ਜੋ ਕਿ ਕਣਕ ਦੇ ਝਾੜ ਵਿਚ 3 ਕੁਇੰਟਲ ਤੱਕ ਦਾ ਵਾਧਾ ਕਰਦੀ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਹੈਪੀ ਸੀਡਰ ਨਾਲ ਬੀਜੀ ਕਣਕ ਦੇ ਖੇਤ ਵਿਚ ਝੋਨੇ ਦੀ ਪਰਾਲੀ ਸਮੇਂ ਪੈ ਕੇ ਖਾਦ ਦਾ ਕੰਮ ਕਰਦੀ ਹੈ, ਜਿਸ ਨਾਲ ਕਣਕ ਦੀ ਫਸਲ ਤੇ ਆਉਣ ਵਾਲੇ ਝੋਨੇ ਦੀ ਫਸਲ ਲਈ ਘੱਟ ਰਸਾਇਣਕ ਖਾਦ ਪਾਉਣ ਦੀ ਲੋੜ ਪੈਂਦੀ ਹੈ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਅਜਿਹੀ ਮਸ਼ੀਨਰੀ ਸਬਸਿਡੀ ’ਤੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਜਿੰਨਾ ਕਿਸਾਨਾਂ ਨੇ ਇਸ ਲਈ ਬਿਨੈ ਪੱਤਰ ਦਿੱਤੇ ਸਨ, ਉਨਾਂ ਨੂੰ ਉਕਤ ਮਸ਼ੀਨਰੀ ਦੀ ਸਬਸਿਡੀ ਬੈਂਕ ਰਾਹੀਂ ਦਿੱਤੀ ਜਾ ਰਹੀ ਹੈ।
      ਸ. ਛੀਨਾ ਨੇ ਦੱਸਿਆ ਕਿ ਭਾਵੇਂ ਅਜੇ ਜਿਲ੍ਹੇ ਵਿਚ ਅਗੇਤੇ ਝੋਨੇ 1509 ਅਤੇ ਕੁੱਝ ਹੋਰ ਹਾਈਬਿ੍ਰਡ ਕਿਸਮਾਂ ਦੀ ਕਟਾਈ ਹੋਈ ਹੈ, ਜਿਸ ਅਧੀਨ ਕੇਵਲ 19 ਕੁ ਪ੍ਰਤੀਸ਼ਤ ਰਕਬਾ ਸੀ, ਪਰ ਆਸ ਹੈ ਕਿ ਇਸ ਵਾਰ ਕਿਸਾਨਾਂ ਤੋਂ ਮਿਲ ਰਿਹਾ ਹੁੰਗਾਰਾ ਸਾਨੂੰ 60 ਪ੍ਰਤੀਸ਼ਤ ਤੋਂ ਵੱਧ ਰਹਿੰਦ-ਖੂੰਹਦ ਖੇਤਾਂ ਵਿਚ ਮਿਲਾਉਣ ਦੀ ਸਫਲਤਾ ਮਿਲੇਗੀ।ਉਨਾਂ ਦੱਸਿਆ ਕਿ ਦੂਰ ਅੰਦੇਸ਼ ਕਿਸਾਨਾਂ ਨੇ ਵਿਭਾਗ ਦੀ ਇਹ ਖਿੜੇ ਮੱਥੇ ਪ੍ਰਵਾਨ ਕਰ ਲਈ ਹੈ।
             ਉਨਾਂ ਕਿਹਾ ਕਿ ਪੰਜਾਬ ਵਿਚ ਹਰ ਸਾਲ ਕਰੀਬ 210 ਲੱਖ ਟਨ ਝੋਨੇ ਦੀ ਪੈਦਾਵਰ ਹੁੰਦੀ ਹੈ ਅਤੇ ਇਸ ਪਰਾਲੀ ਤੋਂ ਖਾਦ ਬਨਾਉਣ ਦੀ ਲੋੜ ਹੈ, ਨਾ ਕਿ ਸਾੜਨ ਦੀ।ਉਨਾਂ ਦੱਸਿਆ ਕਿ ਜਿਲ੍ਹੇ ਵਿਚ ਉਪਗ੍ਰਹਿ ਤੋਂ ਮਿਲੀ ਜਾਣਕਾਰੀ ਅਨੁਸਾਰ 359 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਖ਼ਬਰਾਂ ਮਿਲੀਆਂ, ਜਿੰਨਾਂ ਵਿਚੋਂ 284 ਥਾਵਾਂ ’ਤੇ ਟੀਮਾਂ ਨੇ ਖ਼ੁਦ ਜਾ ਕੇ ਮੌਕਾ ਵੇਖਿਆ ਅਤੇ 206 ਕਿਸਾਨਾਂ ਨੂੰ ਪਰਾਲੀ ਸਾੜਨ ਕਾਰਨ 5 ਲੱਖ 60 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ, ਜਿਸ ਵਿਚੋਂ 2,12500 ਰੁਪਏ ਮੌਕੇ ’ਤੇ ਵਸੂਲ ਕਰ ਲਏ ਗਏ ਹਨ। ਉਨਾਂ ਦੱਸਿਆ ਕਿ ਅੱਗੇ ਨਾਲੋਂ ਕਿਸਾਨਾਂ ਵਿਚ ਜਾਗਰੂਕਤਾ ਆਈ ਹੈ ਅਤੇ ਪੜ੍ਹੇ-ਲਿਖੇ ਕਿਸਾਨ ਆਪ ਪਰਾਲੀ ਸਾਂਭਣ ਲੱਗੇ ਹਨ ਅਤੇ ਆਸ ਹੈ ਕਿ ਇਸ ਵਾਰ ਜਿਲ੍ਹੇ ਵਿਚੋਂ ਚੰਗੇ ਨਤੀਜੇ ਮਿਲਣਗੇ।

 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply