Thursday, March 28, 2024

ਯੂਨੀਵਰਸਿਟੀ ਵਲੋਂ ਮੈਨੇਜ਼ਮੈਂਟ ਤੇ ਕਾਨੂੰਨ ਵਿਸ਼ੇ ਬਾਰੇ ਸ਼ੁਰੂ ਹੋਣਗੀਆਂ ਸ਼ਾਮ ਦੀਆਂ ਕਲਾਸਾਂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੰਡੀਕੇਟ ਦੀ ਹੋਈ ਇਕੱਤਰਤਾ

PPN1810201813ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਵੱਲੋਂ ਜਿਥੇ ਹਰ ਸਾਲ ਆਪਣਾ ਵਿਜ਼ਨ ਤਿਆਰ ਕਰਨ ਦੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਹੈ, ਉਥੇ ਹੁਣ ਨੌਕਰੀਪੇਸ਼ਾ ਅਤੇ ਹੋਰ ਵਿਦਿਆਰਥੀਆਂ ਨੂੰ ਇਕ ਅਹਿਮ ਸਹੂਲਤ ਦੇਂਦਿਆਂ ਮੈਨੇਜ਼ਮੈਂਟ ਅਤੇ ਕਾਨੂੰਨ ਵਿਸ਼ੇ ਵਿਚ ਸ਼ਾਮ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੱਜ ਹੋਈ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ ਦੇ ਮੁੱਖ ਏਜੰਡਿਆਂ ਵਿਚ ਸ਼ਾਮਲ ਸੀ।ਇਸ ਮੀਟਿੰਗ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕੀਤੀ ਜਦਕਿ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਏਜੰਡਾ ਪੇਸ਼ ਕੀਤਾ। ਡੀਨ, ਵਿੱਦਿਅਕ ਮਾਮਲੇ ਪ੍ਰੋ. ਕਮਲਜੀਤ ਸਿੰਘ ਤੋਂ ਇਲਾਵਾ ਸਿੰਡੀਕੇਟ ਦੇ ਮੈਂਬਰਾਂ ਨੇ ਇਸ ਮੀਟਿੰਗ ਵਿਚ ਭਾਗ ਲਿਆ।
ਈਵਨਿੰਗ ਕਲਾਸਾਂ ਸੁਰੂ ਹੋਣ ਦੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਜਿਨ੍ਹਾਂ ਦੀ ਇਹ ਚਿਰੋਕਣੀ ਇੱਛਾ ਸੀ ਕਿ ਉਹ ਨੌਕਰੀ ਦੇ ਨਾਲ-ਨਾਲ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਖਿੱਤੇ ਦੇ ਕੰਮ-ਕਾਜ ਕਰਨ ਵਾਲੇ ਵਿਦਿਆਰਥੀਆਂ ਅਤੇ ਹੋਰ ਵਸਨੀਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਯੂਨੀਵਰਸਿਟੀ ਵੱਲੋਂ ਸ਼ਾਮ ਦੀਆਂ ਕਲਾਸਾਂ ਵਿਚ ਮੈਨੇਜ਼ਮੈਂਟ ਅਤੇ ਕਾਨੂੰਨ ਵਿਸ਼ੇ ਵਿੱਚ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।ਇਸ ਦਾ ਲਾਹਾ ਉਨ੍ਹਾਂ ਵਿਦਿਆਰਥੀਆਂ ਨੂੰ ਹੋਵੇਗਾ ਜੋ ਕਿ ਕੰਮ-ਕਾਜ ਕਰਕੇ ਜਾਂ ਹੋਰ ਕਰਨਾਂ ਕਰਕੇ ਰੈਗੂਲਰ ਪੜ੍ਹਾਈ ਨਹੀਂ ਕਰ ਸਕਦੇ। ਇਸ ਕਾਰਜ ਨੂੰ ਯੂਨੀਵਰਸਿਟੀ ਦੇ ਬੁਨੀਆਦੀ ਢਾਂਚੇ ਨੂੰ ਅਤੇ ਕੰਟਰੈਕਟ ਆਧਾਰ ਤੇ ਅਧਿਆਪਕਾਂ ਦੀਆਂ ਸੇਵਾਵਾਂ ਲੈਂਦੇ ਹੋਏ ਸ਼ੁਰੂ ਕੀਤਾ ਜਾਵੇਗਾ। ਇਹ ਕੋਰਸ ਡਾਇਰੋਕਟੋਰੇਟ ਆਫ ਈਵੀਨਿੰਗ ਸਟੱਡੀਜ਼ ਅਧੀਨ ਕਰਵਾਏ ਜਾਣਗੇ। ਜਿਸ ਨੂੰ ਸਿੰਡੀਕੇਟ ਨੇ ਅੱਜ ਏਥੇ ਪ੍ਰਵਾਨ ਕਰ ਲਿਆ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਨਾਲ ਸਬੰਧਿਤ ਵੱਖ-ਵੱਖ ਕਾਲਜਾਂ ਵਿਚ ਹੈਲਥ ਕੇਅਰ, ਡਾਟਾ ਸਾਇੰਸ, ਸੋਫਟਵੇਅਰ ਇੰਜੀ., ਵੈਬ ਟੈਕਨਾਲੋਜ਼ੀ ਅਤੇ ਮਲਟੀਮੀਡਿਆ, ਵਿਜੂਅਲ ਮੀਡੀਆ ਤੇ ਫਿਲਮ ਮੈਕਿੰਗ, ਪ੍ਰੋਡਕਸ਼ਨ ਡਿਜਾਇੰਨ ਮੈਨੇਜ਼ਮੈਂਟ, ਥਿਏਟਰ ਅਤੇ ਟੈਲੀਵਿਜ਼ਨ ਪ੍ਰੋਡਕਸ਼ਨ ਅਤੇ ਮੈਂਟਲ ਹੈਲਥ ਕੌਸਲਿੰਗ ਜਿਹੇ ਰੋਜ਼ਗਾਰ ਦੁਆਊ ਕੋਰਸ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀ ਵੱਧ ਤੋਂ ਵੱਧ ਰੋਜ਼ਗਾਰ ਹਾਸਲ ਕਰ ਸਕਣ ਅਤੇ ਬੇਰੁਜ਼ਗਾਰੀ ਨੂੰ ਨੱਥ ਪੈ ਸਕੇ।
ਸਿੰਡੀਕੇਟ ਨੇ ਇਹ ਵੀ ਪ੍ਰਵਾਨ ਕੀਤਾ ਕਿ ਜਿਹੜੇ ਵਿਦਿਆਰਥੀ ਪੰਜਾਬ ਦੇ ਵਸਨੀਕ ਜਾਂ ਬਾਹਰੋਂ ਆਏ ਹਨ ਅਤੇ ਜਿਨ੍ਹਾਂ ਨੇ ਪੰਜਾਬੀ ਵਿਸ਼ੇ ਵਿਚ ਦਸਵੀਂ ਨਹੀਂ ਕੀਤੀ ਉਹ ਵਿਦਿਆਰਥੀ ਅੰਡਰ ਗ੍ਰੈਜੂਏਟ ਪੱਧਰ ਤੇ ਪੰਜਾਬ ਹਿਸਟਰੀ ਅਤੇ ਕਲਚਰ ਦੇ ਵਿਸ਼ੇ ਦੀ ਪੜ੍ਹਾਈ ਕਰਨਗੇ।
ਯੂਨੀਵਰਸਿਟੀ ਕੈਂਪਸ ਵਿਚ ਇੰਟਰਨੈਟ ਨੂੰ ਹੋਰ ਬੇਹਤਰ ਕਰਨ ਲਈ ਰਿਲਾਇੰਸ ਜਿਓ ਵਾਈ.ਫਾਈ ਦੀਆਂ ਸੇਵਾਵਾਂ ਲਈਆਂ ਜਾਣਗੀਆਂ।ਜਿਸ ਨੂੰ ਸਿੰਡਕੇਟ ਨੇ ਪ੍ਰਵਾਨਗੀ ਦੇ ਦਿੱਤੀ ਹੈ।ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਮਿਆਰ ਨੂੰ ਬਰਕਰਾਰ ਰੱਖਣ ਅਤੇ ਹੋਰ ਉੱਚਾ ਚੁੱਕਣ ਲਈ ਸਿੰਡੀਕੇਟ ਵੱਲੋਂ ਯੂਨੀਵਰਸਿਟੀ ਮੈਨਟਰਸ ਕੌਂਸਲ ਨੂੰ ਵੀ ਪ੍ਰਵਾਨ ਕਰ ਲਿਆ ਗਿਆ ਹੈ।ਇਹ ਮੈਨਟਰਸ ਕੌਂਸਲ ਵੱਖ-ਵੱਖ ਬੁੱਧੀਜੀਵੀਆਂ ਅਤੇ ਵਿਸ਼ੇ ਮਾਹਰਾਂ ਦੇ ਮੈਂਬਰਾਂ ਦਾ ਹੋਵੇਗਾ ਜੋ ਕਿ ਵੱਖ-ਵੱਖ ਮੁੱਦਿਆਂ ਤੇ ਆਪਣੇ ਉਸਾਰੂ ਸੁਝਾਅ ਦੇਵੇਗਾ ਤਾਂ ਜੋ ਕਿ ਯੂਨੀਵਰਸਿਟੀ ਦੀ ਸਰਵਉਚਤਾ ਕਾਇਮ ਰਹਿ ਸਕੇ ਅਤੇ ਯੂਨੀਵਰਸਿਟੀ ਹੋਰ ਵਧੇਰੇ ਵਿਕਾਸ ਕਰੇ।
ਯੂਨੀਵਰਸਿਟੀ ਵੱਲੋਂ ਰਿਟਾਇਰਡ ਪ੍ਰੋਫੈਸਰਾਂ ਅਤੇ ਹੋਰ ਖੇਤਰਾਂ ਦੇ ਰਿਟਾਇਰਡ ਵਿਸ਼ਾ ਮਾਹਰਾਂ ਦੀਆਂ ਸੇਵਾਵਾਂ ਅਤੇ ਸਲਾਹ ਲੈਣ ਨੂੰ ਵੀ ਸਿੰਡੀਕੇਟ ਨੇ ਪ੍ਰਵਾਨ ਕਰ ਲਿਆ ਹੈ।ਯੂਨੀਵਰਸਿਟੀ ਦੀ ਆਉਣ ਵਾਲੀ ਸਲਾਨਾ ਕਨਵੋਕੇਸ਼ਨ ਮੌਕੇ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਲਾਈਫ ਵਾਈਸ ਪ੍ਰੈਜੀਡੈਂਟ ਰਾਜਾ ਰਣਧੀਰ ਸਿੰਘ ਨੂੰ ਸਪੋਰਟਸ ਮੈਡੀਸਨ ਅਤੇ ਫਿਜਿਉਥਰੇਪੀ ਵਿਚ ਅਤੇ ਡਾ. ਗੁਰਤੇਜ ਸੰਧੂ, ਸੀਨੀਅਰ ਫੈਲੋ ਤੇ ਡਾਇਰੈਕਟਰ ਮਾਇਕਰੋਨ ਟੈਕਨਾਲੋਜ਼ੀ ਇੰਸੀਟੀਚਿਊਟ ਨੂੰ ਫੈਕਲਟੀ ਆਫ ਸਾਇੰਸਜ਼ ਵਿਚ ਆਨਰੇਰੀ ਕੋਜਾ ਡਾਕਟਰੇਟ ਡਿਗਰੀ ਨੂੰ ਵੀ ਪ੍ਰਵਾਨਗੀ ਦਿੱਤੀ ਹੈ।
ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਸਿੰਡੀਕੇਟ ਦੇ ਮੈਂਬਰਾਂ ਨੂੰ ਯੂਨੀਵਰਸਿਟੀ ਦੀਆਂ ਸਰਵਪੱਖੀ ਪ੍ਰਪਤੀਆਂ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਯੂਨੀਵਰਸਿਟੀ ਨੇ ਬੀਤੇ ਸਮੇਂ ਦੌਰਾਨ ਖੇਡਾਂ ਦੀ ਸਰਵਉੱਚ ਮਾਕਾ ਟਰਾਫੀ, ਸੱਭਿਆਚਾਰ ਦੀ ਸਰਵਉੱਚ ਟਰਾਫੀ ਤੋਂ ਇਲਾਵਾ ਸਫਾਈ ਵਿਚ ਭਾਰਤ ਵਿਚ ਦੂਜੀ ਵਧਿਆ ਯੂਨੀਵਰਸਿਟੀ ਹੋਣ ਦਾ ਮਾਨ ਪ੍ਰਾਪਤ ਕੀਤਾ ਹੈ। ਸਿੰਡੀਕੇਟ ਦੇ ਮੈਂਬਰਾਂ ਵੱਲੋਂ ਇਕਸੁਰਤਾ ਨਾਲ ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਪ੍ਰੋ. ਸੰਧੂ ਦੀ ਅਗਵਾਈ ਹੇਠ ਯੂਨੀਵਰਸਿਟੀ ਹੋਰ ਵੀ ਉਚਾਈਆਂ ਨੂੰ ਛੁਹੇਗੀ।
ਸਿੰਡੀਕੇਟ ਦੀ ਮੀਟਿੰਗ ਤੋਂ ਪਹਿਲਾਂ ਵਾਈਸ ਚਾਂਸਲਰ ਪ੍ਰੋ. ਸੰਧੂ, ਪ੍ਰੋ. ਕਮਲਜੀਤ ਸਿੰਘ, ਪ੍ਰੋ. ਕਾਹਲੋਂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸਿੱਖਿਆ ਦੇ ਖੇਤਰ ਵਿਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਦੋ ਨਵੇਂ ਸਿੰਡੀਕੇਟ ਦੇ ਮੈਂਬਰ ਪ੍ਰੋ. ਵੇਦ ਪ੍ਰਕਾਸ਼, ਸਾਬਕਾ ਵਾਈਸ ਚੇਅਰਮੈਨ ਯੂ.ਜੀ.ਸੀ ਅਤੇ ਪ੍ਰੋ. ਐਸ.ਐਸ ਚਾਹਲ, ਸਾਬਕਾ ਵਾਈਸ ਚਾਂਸਲਰ ਉਦੈਪਰ ਯੂਨੀਵਰਸਿਟੀ ਨੂੰ ਜੀ ਆਇਆਂ ਕਿਹਾ ਅਤੇ ਸਨਮਾਨਿਤ ਕੀਤਾ।ਸਿੰਡੀਕੇਟ ਵੱਲੋਂ ਵੱਖ-ਵੱਖ ਵਿਸ਼ਿਆਂ ਵਿੱਚ 19 ਪੀ.ਐਚ.ਡੀ ਥੀਸਿਸ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
 

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ‘ਸਪੋਰਟਸ ਡੇਅ 2024’ ਕਰਵਾਇਆ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਸਲਾਨਾ ਸਪੋਰਟਸ ਡੇਅ-2024 …

Leave a Reply