Thursday, March 28, 2024

ਰਾਜਪਾਲ, ਕੈਬਨਿਟ ਮੰਤਰੀ, ਡੀ.ਜੀ.ਪੀ ਅਤੇ ਗ੍ਰਹਿ ਸੈਕਟਰੀ ਰਾਤ ਹੀ ਪੁੱਜੇ ਅੰਮ੍ਰਿਤਸਰ

ਸਾਰੀ ਰਾਤ ਜ਼ਖਮੀਆਂ ਨੂੰ ਸਾਂਭਣ ਵਿਚ ਲੱਗਾ ਰਿਹਾ ਜਿਲ੍ਹਾ ਪ੍ਰਸ਼ਾਸਨ

PPN2110201806ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀਤੇ ਕੱਲ੍ਹ ਦੁਸਿਹਰੇ ਵਾਲੇ ਦਿਨ ਜੌੜਾ ਫਾਟਕ ਨੇੜੇ ਵਾਪਰੇ ਦਰਦਨਾਕ ਰੇਲ ਹਾਦਸੇ ਵਿਚ 59 ਲੋਕ ਮਾਰੇ ਗਏ ਅਤੇ 57 ਲੋਕ ਜ਼ਖਮੀ ਹੋ ਗਏ। ਸ਼ਹਿਰ ਦੇ ਇਤਹਾਸ ਵਿਚ ਵਾਪਰਿਆ ਇਹ ਪਹਿਲਾ ਵੱਡਾ ਰੇਲ ਹਾਦਸਾ ਸੀ।ਇੰਨੀ ਵੱਡੀ ਗਿਣਤੀ ਵਿਚ ਜ਼ਖਮੀ ਹੋਏ ਮਰੀਜਾਂ ਨੂੰ ਚੁੱਕ ਕੇ ਹਸਪਤਾਲਾਂ ਵਿਚ ਪੁਹੰਚਾਉਣਾ ਤੇ ਮ੍ਰਿਤਕ ਸਰੀਰਾਂ ਨੂੰ ਮੁਰਦਾਘਰ ਵਿਚ ਭੇਜਣਾ ਵੱਡੀ ਚੁਣੌਤੀ ਸੀ, ਪਰ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਸਮੁੱਚਾ ਪ੍ਰਸ਼ਾਸਨ ਇਕ ਟੀਮ ਬਣ ਕੇ ਸਾਰੀ ਰਾਤ ਇੰਨਾ ਪ੍ਰਬੰਧਾਂ ਵਿਚ ਲੱਗਾ ਰਿਹਾ, ਜਿਸ ਸਦਕਾ ਜ਼ਖਮੀਆਂ ਦੀ ਸਾਂਭ-ਸੰਭਾਲ ਸੰਭਵ ਹੋਈ ਤੇ ਉਨਾਂ ਦਾ ਇਲਾਜ ਸ਼ੁਰੂ ਹੋ ਸਕਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਕਿ ਇਸਰਾਈਲ ਦੇ ਦੌਰੇ ’ਤੇ ਜਾਣ ਲਈ ਦਿੱਲੀ ਵਿਚ ਸਨ, ਨੇ ਆਪਣਾ ਦੌਰਾ ਮੁਲਤਵੀ ਕਰਕੇ ਸਰਕਾਰ ਦੇ ਮੰਤਰੀਆਂ ਅਤੇ ਉਚ ਅਧਿਕਾਰੀਆਂ ਨੂੰ ਜ਼ਖਮੀਆਂ ਦੀ ਸਾਂਭ-ਸੰਭਾਲ ਲਈ ਤੁਰੰਤ ਅੰਮ੍ਰਿਤਸਰ ਰਵਾਨਾ ਕੀਤਾ। ਰਾਜਪਾਲ ਪੰਜਾਬ ਸ੍ਰੀ ਵੀ.ਪੀ ਸਿੰਘ ਬਦਨੌਰ, ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਖੁਰਾਕ ਤੇ ਸਪਲਾਈ ਮੰਤਰੀ ਭਰਤ ਭੂਸ਼ਣ ਆਸ਼ੂ, ਸਿੱਖਿਆ ਮੰਤਰੀ ਓ.ਪੀ ਸੋਨੀ, ਕੇਂਦਰੀ ਰੇਲਵੇ ਰਾਜ ਮੰਤਰੀ ਮਨੋਜ ਸਿਨਹਾ, ਗ੍ਰਹਿ ਸਕੱਤਰ ਐਨ.ਐਸ ਕਲਸੀ, ਡੀ.ਜੀ.ਪੀ ਸੁਰੇਸ਼ ਅਰੋੜਾ, ਡੀ.ਜੀ.ਪੀ ਲਾਅ ਐਂਡ ਆਰਡਰ ਹਰਦੀਪ ਸਿੰਘ ਢਿਲੋਂ, ਸੈਸ਼ਨ ਜੱਜ ਕੇ. ੈਸ ਕੰਗ, ਕਮਿਸ਼ਨਰ ਜਲੰਧਰ ਡਵੀਜਨ ਬੀ.ਪੁਰਸ਼ਾਰਥਾ, ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵਾ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਹਸਪਤਾਲਾਂ ਵਿਚ ਪਹੁੰਚੇ ਤੇ ਬਚਾਅ ਕਾਰਜਾਂ ਦੀ ਅਗਵਾਈ ਕੀਤੀ।
ਉਕਤ ਅਧਿਕਾਰੀਆਂ ਨੇ ਜਿਲ੍ਹਾ ਪ੍ਰਸ਼ਾਸਨ ਕੋਲੋਂ ਚੱਲ ਰਹੇ ਬਚਾਅ ਕਾਰਜਾਂ ਦਾ ਜਿੱਥੇ ਜਾਇਜ਼ਾ ਲਿਆ, ਉਥੇ ਬਚਾਅ ਕੰਮ ਵਿਚ ਲੱਗੇ ਅਧਿਕਾਰੀਆਂ ਦੀ ਅਗਵਾਈ ਵੀ ਕੀਤੀ।ਡਿਪਟੀ ਕਮਿਸ਼ਨਰ ਸੰਘਾ ਵੱਲੋਂ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਐਬੂਲੈਂਸਾਂ ਭੇਜਕੇ ਮਰੀਜਾਂ ਨੂੰ ਸਿਵਲ ਹਸਪਤਾਲ, ਗੁਰੂ ਨਾਨਕ ਦੇਵ ਹਸਪਤਾਲ, ਆਈ.ਵੀ ਹਸਪਤਾਲ, ਅਮਨਦੀਪ ਹਸਪਤਾਲ, ਹਰਤੇਜ ਹਸਪਤਾਲ, ਮਿਲਟਰੀ ਹਸਪਤਾਲ, ਫੋਰਟਿਸ ਹਸਪਤਾਲ ਅਤੇ ਗੁਰੂ ਰਾਮ ਦਾਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।ਮਾਰੇ ਗਏ ਲੋਕਾਂ ਦੇ ਮਿ੍ਰਤਕ ਸਰੀਰਾਂ ਨੂੰ ਸਿਵਲ ਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾਇਆ ਗਿਆ, ਜਿੱਥੇ ਕਿ ਉਨਾਂ ਦਾ ਪੋਸਟਮਾਰਟਮ ਸ਼ੁਰੂ ਕਰਵਾਇਆ ਗਿਆ।
ਜਿਲ੍ਹਾ ਪ੍ਰਾਸ਼ਸਨ ਵੱਲੋਂ ਉਸੇ ਵੇਲੇ ਹੀ 2 ਕੰਟਰੋਲ ਰੂਮ ਸਥਾਪਿਤ ਕਰਕੇ ਇੰਨਾਂ ਦੇ ਹੈਲਪ ਲਾਇਨ ਨੰਬਰ ਮੀਡੀਆ ਰਾਹੀਂ ਲੋਕਾਂ ਤੱਕ ਪੁੱਜਦਾ ਕੀਤੇ ਗਏ।ਵੱਖ-ਵੱਖ ਹਸਪਤਾਲਾਂ ਤੋਂ ਐਬੂਲੈਂਸ ਮਰੀਜਾਂ ਨੂੰ ਇਕ ਤੋਂ ਦੂਸਰੇ ਹਸਪਤਾਲ ਵਿਚ ਰੈਫਰ ਕਰਨ ਲਈ ਮੰਗਵਾਈਆਂ ਗਈਆਂ। ਇਸੇ ਦੌਰਾਨ ਰੈਡ ਕਰਾਸ ਦੀ ਸਹਾਇਤਾ ਨਾਲ ਗੈਰ ਸਰਕਾਰੀ ਸੰਸਥਾਵਾਂ ਦੇ ਵਲੰਟੀਅਰਾਂ ਦਾ ਪ੍ਰਬੰਧ ਖੂਨ ਦਾਨ ਲਈ ਕੀਤਾ ਗਿਆ ਅਤੇ ਹਰ ਹਸਪਤਾਲ ਵਿਚ 2-2 ਡਿਊਟੀ ਅਫਸਰ ਜ਼ਖਮੀਆਂ ਦੀ ਸਹਾਇਤਾ ਲਈ ਲਗਾਏ ਗਏ।ਸਾਰੀ ਰਾਤ ਮੇਰੇ ਸਮੇਤ ਵਧੀਕ ਡਿਪਟੀ ਕਮਿਸ਼ਨਰ, ਐਸ.ਡੀ.ਐਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਹੋਰ ਅਮਲਾ ਹਸਪਤਾਲਾਂ ਵਿਚ ਹੀ ਲੋੜਵੰਦਾਂ ਦੀ ਸਹਾਇਤਾ ਲਈ ਮੌਜੂਦ ਰਿਹਾ।
ਸਰਕਾਰ ਵੱਲੋਂ ਜ਼ਖਮੀਆਂ ਦਾ ਸਾਰਾ ਇਲਾਜ ਮੁਫ਼ਤ ਕਰਵਾਉਣ ਦਾ ਐਲਾਨ ਹੋਣ ਨਾਲ ਇਲਾਜ ਵਿਚ ਕੋਈ ਮੁਸ਼ਿਕਲ ਨਹੀਂ ਆਈ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਮਿ੍ਰਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ ਗਿਆ।
ਹਾਦਸਾਗ੍ਰਸਤ ਲੋਕਾਂ ਦੇ ਨਾਲ ਹਸਪਤਾਲਾਂ ਵਿਚ ਪਹੁੰਚੇ ਉਨਾਂ ਦੇ ਸਬੰਧੀਆਂ ਲਈ ਹਸਪਤਾਲਾਂ ਵਿਚ ਪੀਣ ਵਾਲੇ ਪਾਣੀ ਤੇ ਲੰਗਰ ਦਾ ਪ੍ਰਬੰਧ ਗੈਰ ਸਰਕਾਰੀ ਸੰਸਥਾਵਾਂ ਦੀ ਮਦਦ ਨਾਲ ਕੀਤਾ ਗਿਆ। ਮਿ੍ਰਤਕ ਸਰੀਰਾਂ ਦੀ ਸੰਭਾਲ ਲਈ ਮੁਰਦਾਘਰ ਵਿਚ ਬਰਫ ਰਖਵਾਈ ਗਈ ਅਤੇ ਅਗਲੇ ਦਿਨ ਮਿ੍ਰਤਕ ਸਰੀਰਾਂ ਦੇ ਸਸਕਾਰ ਲਈ ਸ਼ਹਿਰ ਦੇ ਤਿੰਨ ਸਮਸ਼ਾਨਘਾਟਾਂ ਵਿਚ ਪ੍ਰਬੰਧ ਕਰਨ ਵਾਸਤੇ ਅਧਿਕਾਰੀਆਂ ਦੀ ਡਿੳੂਟੀ ਲਗਾਈ ਗਈ।
ਅੱਜ ਸ਼ਾਮ ਤੱਕ 36 ਲਾਸ਼ਾਂ ਦਾ ਸਸਕਾਰ ਵੱਖ-ਵੱਖ ਸਮਸ਼ਾਨਘਾਟਾਂ ਵਿਚ ਕਰ ਦਿੱਤਾ ਗਿਆ ਹੈ, ਜਦਕਿ 4 ਮਿ੍ਰਤਕ ਦੇਹਾਂ ਨੂੰ ਉਨਾਂ ਦੇ ਜ਼ੱਦੀ ਰਾਜ ਉਤਰ ਪ੍ਰਦੇਸ਼ ਲਈ ਭੇਜ ਦਿੱਤਾ ਗਿਆ ਹੈ।ਜ਼ਖਮੀਆਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿਚ ਜਾਰੀ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਉਚ ਅਧਿਕਾਰੀ ਅੱਜ ਲਗਾਤਾਰ ਦੂਸਰੇ ਦਿਨ ਵੀ ਸਾਰੇ ਹਸਪਤਾਲਾਂ ਵਿਚ ਪੀੜਤਾਂ ਦੀ ਸਹਾਇਤਾ ਲਈ ਡਟੇ ਹੋਏ ਹਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply