Friday, March 29, 2024

ਟੁੱਟੀਆਂ ਸੜਕਾਂ, ਰੈਸਟ ਹਾਊਸ `ਤੇ ਨਜਾਇਜ਼ ਕਬਜ਼ਾ, ਨਵਾਂ ਬੱਸ ਅੱਡਾ ਆਦਿ ਸਮਰਾਲਾ ਦੇ ਅਹਿਮ ਮਸਲੇ – ਕਮਾਂਡੈਂਟ

ਮੀਟਿੰਗ ਦੌਰਾਨ ਮਸਲਿਆਂ `ਤੇ ਹੋਈ ਗੰਭੀਰ ਚਰਚਾ ਹੋਈ
ਸਮਰਾਲਾ, 13 ਨਵੰਬਰ (ਪੰਜਾਬ ਪੋਸਟ- ਕੰਗ) – ਭਿ੍ਰਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫਤਰ ਵਿਖੇ ਹੋਈ।ਜਿਸ ਵਿੱਚ ਮਾਛੀਵਾੜ ਤੇ ਖਮਾਣੋਂ ਦੀਆਂ ਇਕਾਈਆਂ ਨੇ ਹਿੱਸਾ ਲਿਆ। ਮੀਟਿੰਗ ਦੇ ਸ਼ੁਰੂ ਵਿੱਚ ਜੰਗ ਸਿੰਘ ਭੰਗਲਾਂ ਨੇ ਪਿਛਲੇ ਮਹੀਨੇ ਦੌਰਾਨ ਫਰੰਟ ਵੱਲੋਂ ਨਿਪਟਾਏ ਚਾਰ ਕੇਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ।ਕੈਪਟਨ ਮਹਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਰਾਜਨੀਤੀ ਵਿੱਚ ਵੋਟਾਂ ਲੈਣ ਲਈ ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਗ਼ਲਤ ਬੰਦੇ ਚੁਣ ਲਏ ਜਾਂਦੇ ਹਨ।ਜਿਸ ਕਾਰਨ ਸਰਕਾਰੀ ਕੰਮ ਕਰਾਉਣ ਵਿੱਚ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਵਾਉਣਾ ਚਾਹੀਦਾ ਹੈ।ਬਲਵੀਰ ਸਿੰਘ ਸੇਖੋਂ ਨੇ ਕਿਹਾ ਕਿ ਪਿੰਡਾਂ ਦੇ ਸਰਪੰਚ ਪੜ੍ਹੇ ਲਿਖੇ ਹੋਣੇ ਚਾਹੀਦੇ ਹਨ ਤਾਂ ਜੋ ਉਹ ਪਿੰਡਾਂ ਦੇ ਵਿਕਾਸ ਲਈ ਖੁਦ ਸਮਝ ਕੇ ਕੰਮ ਕਰ ਸਕਣ ਅਤੇ ਸਰਕਾਰੀ ਮੁਲਾਜਮਾਂ ਦੁਆਰਾ ਮੰਗੀ ਜਾਂਦੀ ਰਿਸ਼ਵਤ ਖਾਸ ਕਰ ਪੰਚਾਇਤ ਸੈਕਟਰੀਆਂ ਦੁਆਰਾ ਕੀਤੀ ਜਾਂਦੀ ਲੁੱਟ ਨੂੰ ਨੱਥ ਪਾਈ ਜਾਵੇ।
 ਫਰੰਟ ਦੇ ਆਰ.ਟੀ.ਆਈ ਇੰਚਾਰਜ ਦਰਸ਼ਨ ਸਿੰਘ ਕੰਗ ਨੇ ਦੱਸਿਆ ਕਿ ਫਰੰਟ ਦੀ ਬਦੌਲਤ ਹੀ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਦੁਆਰਾ ਸੂਚਨਾ ਐਕਟ ਅਨੁਸਾਰ ਮੰਗੀ ਸੂਚਨਾ ਦਾ ਸਰਕਾਰੀ ਰਿਕਾਰਡ ਨਾ ਸਾਂਭਣ ਵਜੋਂ ਮੁੱਖ ਸੂਚਨਾ ਕਮਿਸ਼ਨਰ ਕੋਲ 5000 ਰੁਪਏ ਦਾ ਹਰਜਾਨਾ ਜਮ੍ਹਾਂ ਕਰਾਉਣ ਦਾ ਹੁਕਮ ਹੋਇਆ ਹੈ।ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਜੋ ਅਧਿਆਪਕਾਂ ਨੂੰ ਸੁਧਾਰਨ ਦੀ ਗੱਲ ਕਰ ਰਿਹਾ ਹੈ, ਆਪਣੇ ਅਧੀਨ ਉੱਚ ਅਧਿਕਾਰੀਆਂ ਨੂੰ ਠੀਕ ਕਰਨ ਵਿੱਚ ਨਾਕਾਮਯਾਬ ਅਤੇ ਫੇਲ ਸਾਬਤ ਹੋ ਰਿਹਾ ਹੈ।ਐਡਵੋਕੇਟ ਲਛਮਣ ਸਿੰਘ ਰਾਏ ਨੇ ਕਿਹਾ ਕਿ ਸਾਰਾ ਪੰਜਾਬ ਬਾਹਰਲੇ ਦੇਸ਼ਾਂ ਨੂੰ ਜਾਣ ਦੀ ਇੱਛਾ ਰੱਖਣਾ ਬਹੁਤ ਗ਼ਲਤ ਹੈ।ਅਵਤਾਰ ਸਿੰਘ ਉਟਾਲਾਂ ਨੇ ਕਿਹਾ ਕਿ ਵੋਟ ਦਾ ਅਧਿਕਾਰ ਸਿਰਫ ਪੜ੍ਹੇ-ਲਿਖੇ ਵਿਅਕਤੀਆਂ ਨੂੰ ਮਿਲਣਾ ਚਾਹੀਦਾ ਹੈ, ਕਿਉਂਕਿ ਗਰੀਬ ਅਤੇ ਅਨਪੜ੍ਹ ਲੋਕਾਂ ਨੂੰ ਇਹ ਰਾਜਸੀ ਨੇਤਾ ਖਰੀਦ ਕੇ ਵੋਟ ਪੁਆ ਲੈਂਦੇ ਹਨ, ਜਿਸ ਦਾ ਹਰਜਾਨਾ ਸਾਰੇ ਸਮਾਜ ਨੂੰ ਭੁਗਤਣਾ ਪੈਂਦਾ ਹੈ।
ਅਖੀਰ ਵਿੱਚ ਕਮਾਂਡੈਂਟ ਰਛਪਾਲ ਸਿੰਘ ਨੇ ਦੱਸਿਆ ਕਿ ਸਮਰਾਲਾ ਸ਼ਹਿਰ ਦੇ ਅੱਜ ਦੇ ਸਮੇਂ ਵਿੱਚ ਚਾਰ ਅਹਿਮ ਮਸਲੇ ਉਲਝੇ ਪਏ ਹਨ, ਜਿਨ੍ਹਾਂ ਵੱਲ ਲੋਕਾਂ ਦੇ ਚੁਣੇ ਨੁਮਾਇੰਦੇ ਦਾ ਕੋਈ ਵੀ ਧਿਆਨ ਨਹੀਂ ਹੈ।ਸਭ ਤੋਂ ਪਹਿਲਾਂ ਸਮਰਾਲਾ ਤੋਂ ਖੰਨਾ, ਸਮਰਾਲਾ ਤੋਂ ਬੀਜਾ ਰੋਡ ਦੀਆਂ ਸੜ੍ਹਕਾਂ ਦਾ ਬੇਹੱਦ ਬੁਰਾ ਹਾਲ ਹੈ।ਜਿਸ ਲਈ ਸਮਾਜਸੇਵੀ ਜਥੇਬੰਦੀਆਂ ਸੰਘਰਸ਼ ਕਰ ਰਹੀਆਂ।ਦੂਸਰਾ ਸ਼ਹਿਰ ਵਿੱਚ ਆਯੂਰਵੈਦਿਕ ਡਿਸਪੈਂਸਰੀ ਨੂੰ ਗੁਮਨਾਮ ਜਗਾ ਤੋਂ ਸਿਵਲ ਹਸਪਤਾਲ ਵਿੱਚ ਸ਼ਿਫਟ ਕਰਨਾ, ਤੀਸਰਾ ਰੈਸਟ ਹਾਊਸ ਉਪਰ ਰਾਜਨੀਤਕ ਲੋਕਾਂ ਵੱਲੋਂ ਧੱਕੇ ਨਾਲ ਨਜਾਇਜ ਕਬਜ਼ਾ ਕਰਨਾ ਅਤੇ ਚੌਥਾ ਨਵੇਂ ਬੱਸ ਅੱਡੇ ਦਾ ਉਦਘਾਟਨ ਕਰਨਾ, ਜੋ ਹੁਣ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ।ਇਸ ਨੂੰ ਚਾਲੂ ਕਰਨ ਦਾ ਇੱਕ ਤਰ੍ਹਾਂ ਨਾਲ ਢਗਵੰਜ ਕਰਕੇ ਲੱਖਾਂ ਰੁਪਏ ਦਾ ਚੂਨਾ ਲਾਇਆ ਹੈ ਅਤੇ ਸ਼ੋਸ਼ੇਬਾਜ਼ੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸਮਰਾਲਾ ਸ਼ਹਿਰ ਦੇ ਵਾਸੀਆਂ ਨੂੰ ਇਨ੍ਹਾਂ ਅਹਿਮ ਮਸਲਿਆਂ ਦੀ ਮੁਹਿੰਮ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਮਾਛੀਵਾੜਾ, ਕੇਵਲ ਕ੍ਰਿਸ਼ਨ ਸ਼ਰਮਾ, ਨੰਦ ਸਿੰਘ ਚਹਿਲਾਂ, ਪ੍ਰਿਤਪਾਲ ਸਿੰਘ ਨੰਬਰਦਾਰ, ਦੀਦਾਰ ਸਿੰਘ ਰਾਏ, ਸ਼ਵਿੰਦਰ ਸਿੰਘ, ਜਗੀਰਾ ਰਾਮ, ਨਛੱਤਰ ਸਿੰਘ, ਬੰਤ ਸਿੰਘ ਕਾਮਰੇਡ ਅਤੇ ਤੇਜਾ ਸਿੰਘ ਭਗਵਾਨਪੁਰਾ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply