Thursday, March 28, 2024

ਪੰਜਾਬ ਦੀਆਂ ਖੰਡ ਮਿੱਲਾਂ `ਚ ਲਗਾਏ ਜਾਣਗੇ ਈਥੋਨੋਲ ਤੇ ਬਿਜਲੀ ਪੈਦਾਵਰ ਦੇ ਪਲਾਂਟ-ਰੰਧਾਵਾ

ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਛੇਤੀ ਹੋਵੇਗਾ
ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਦੀ ਸਹਿਕਾਰੀ ਖੇਤਰ PPN1511201809ਦੀਆਂ ਖੰਡ ਮਿਲਾਂ, ਜੋ ਕਿ ਲਗਾਤਾਰ ਘਾਟੇ ਵਿਚ ਚੱਲ ਰਹੀਆਂ ਹਨ, ਨੂੰ ਮੁਨਾਫੇ ਵਿਚ ਲਿਆਉਣ ਲਈ ਜਿੱਥੇ ਇੰਨਾਂ ਦੀ ਸਮਰੱਥਾ ਵਿਚ ਵਾਧਾ ਕੀਤਾ ਜਾਵੇਗਾ, ਉਥੇ ਮਿਲਾਂ ਵਿਚੋਂ ਪੈਦਾ ਹੁੰਦੇ ਸੀਰੇ ਤੋਂ ਈਥੋਨੋਲ ਬਨਾਉਣ ਅਤੇ ਗੰਨੇ ਦੇ ਛਿਲਕੇ ਨਾਲ ਥਰਮਲ ਚਲਾ ਕੇ ਬਿਜਲੀ ਪੈਦਾ ਕੀਤੀ ਜਾਵੇਗੀ। ਅੱਜ ਖੰਡ ਮਿਲ ਅਜਨਾਲਾ ਨੂੰ ਚਾਲੂ ਕਰਨ ਲਈ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦੇ ਰੰਧਾਵਾ ਨੇ ਕਿਹਾ ਕਿ ਖੰਡ ਮਿਲਾਂ ਕੇਵਲ ਖੰਡ ਪੈਦਾ ਕਰਕੇ ਮੁਨਾਫਾ ਨਹੀਂ ਕਮਾ ਸਕਦੀਆਂ, ਇਸ ਲਈ ਇਥੋਂ ਫਾਲਤੂ ਨਿਕਲਦੇ ਹਰ ਪਦਾਰਥ ਨੂੰ ਵਰਤੋਂ ਵਿਚ ਲਿਆਉਣ ਦੀ ਲੋੜ ਹੈ ਅਤੇ ਇਸ ਕੰਮ ਲਈ ਬਣੀ ਕੈਬਨਿਟ ਸਬ ਕਮੇਟੀ ਨੇ ਮਿਲਾਂ ਦੇ ਵਿਸਥਾਰ ਤੇ ਕੋ-ਜਨਰੇਸ਼ਨ ਪਲਾਂਟ ਲਗਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਉਨਾਂ ਦੱਸਿਆ ਕਿ ਸਹਿਕਾਰੀ ਖੇਤਰ ਦੀਆਂ ਖੰਡ ਮਿਲਾਂ ਨੂੰ ਮੁਨਾਫੇ ਵਿਚ ਲਿਆਉਣ ਦੇ ਮਕਸਦ ਨਾਲ ਅੱਜ ਗੰਨੇ ਦੀ ਪਿੜਾਈ ਦਾ ਸੀਜ਼ਨ ਆਮ ਨਾਲੋਂ ਪਹਿਲਾਂ ਸ਼ੁਰੂ ਕੀਤਾ ਜਾ ਰਿਹਾ ਹੈ, ਤਾਂ ਜੋ ਕਿਸਾਨ ਦਾ ਗੰਨਾ ਮਾਰਚ-ਅਪ੍ਰੈਲ ਮਹੀਨੇ ਤੱਕ ਖੇਤ ਵਿਚ ਖੜਾ ਨਾ ਰਹੇ।
            ਰੰਧਾਵਾ ਨੇ ਕਿਹਾ ਕਿ ਭੋਗਪੁਰ ਖੰਡ ਮਿਲ ਦੀ ਸਮਰੱਥਾ ਵਧਾ ਕੇ ਉਥੇ ਬਿਜਲੀ ਪੈਦਾਵਰ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਅਜਨਾਲਾ, ਬਟਾਲਾ ਅਤੇ ਗੁਰਦਾਸਪੁਰ ਦੀਆਂ ਖੰਡ ਮਿਲਾਂ ਦੀ ਸਮਰੱਥਾ ਵਧਾਉਣ ਦੇ ਨਾਲ ਕੋ-ਜਨਰੇਸ਼ਨ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ।ਰੰਧਾਵਾ ਨੇ ਦੱਸਿਆ ਕਿ ਕਿਸਾਨਾਂ ਦੀਆਂ ਸਹਿਕਾਰੀ ਖੰਡ ਮਿਲ ਵੱਲ ਬਕਾਇਆ ਖੜੀ ਕਰੀਬ 218 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਕੀਤਾ ਜਾ ਰਿਹਾ ਹੈ।
           ਕੈਬਨਿਟ ਮੰਤਰੀ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਰਸਾਨੀ ਨੂੰ ਮੁਨਾਫੇ ਵਿਚ ਲਿਆਉਣ ਲਈ ਮਿਲਕਫੈਡ ਅਤੇ ਸ਼ੂਗਰਫੈਡ ਵਿਚ ਨਵੀਂ ਜਾਨ ਪਾਉਣ ਲਈ ਯਤਨਸ਼ੀਲ ਹਨ ਅਤੇ ਇਸ ਟੀਚੇ ਨੂੰ ਮੁੱਖ ਰੱਖ ਕੇ ਦੋਵਾਂ ਅਦਾਰਿਆਂ ਦਾ ਵਿਸਥਾਰ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਡੇਰਾ ਬੱਸੀ ਵਿਖੇ ਮਿਲਕਫੈਡ ਦਾ ਨਵਾਂ ਪਲਾਂਟ ਲਗਾਉਣ ਦੇ ਨਾਲ-ਨਾਲ ਮੁਹਾਲੀ ਅਤੇ ਜਲੰਧਰ ਦੇ ਚੱਲ ਰਹੇ ਪਲਾਂਟਾਂ ਦੀ ਦੁੱਧ ਪ੍ਰੋਸੈਸਿੰਗ ਦੀ ਸਮਰੱਥਾ ਵਿਚ ਵੀ ਵਾਧਾ ਕੀਤਾ ਜਾਵੇਗਾ।ਰੰਧਾਵਾ ਨੇ ਇਸ ਮੌਕੇ ਪਹਿਲਾਂ ਗੰਨਾ ਲਿਆਉਣ ਵਾਲੇ ਗੰਨਾ ਮਾਲਕਾਂ ਦਾ ਸਨਮਾਨ ਵੀ ਕੀਤਾ।
         ਰੰਧਾਵਾ ਨੇ ਸੀਜ਼ਨ ਦੀ ਸ਼ੁਰੂਆਤ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਮਿਲ ਕੰਪਲੈਕਸ ਵਿਚ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਿਚ ਹਿੱਸਾ ਲੈਂਦਿਆਂ ਕਿਸਾਨਾਂ ਅਤੇ ਕਰਮਚਾਰੀਆਂ ਦੀ ਸਲਾਮਤੀ ਤੇ ਚੜਦੀ ਕਲਾ ਲਈ ਅਰਦਾਸ ਕੀਤੀ। ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਮਿਲ ਦੇ ਵਾਧੇ ਲਈ ਸਹਿਕਾਰੀ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਲਈ ਰੰਧਾਵਾ ਦਾ ਧੰਨਵਾਦ ਕਰਦੇ ਕਿਹਾ ਕਿ ਇਸ ਨਾਲ ਇਲਾਕੇ ਦੀ ਆਰਥਿਕ ਖੁਸ਼ਹਾਲੀ ਜੁੜੀ ਹੋਈ ਹੈ ਅਤੇ ਅਸੀਂ ਇਸ ਨੂੰ ਮੁਨਾਫੇ ਵਿਚ ਲਿਆਉਣ ਲਈ ਕਿਸਾਨਾਂ ਨਾਲ ਮਿਲ ਕੇ ਕੰਮ ਕਰਾਂਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਮ.ਡੀ ਸ਼ੂਗਰਫੈਡ ਦਵਿੰਦਰ ਸਿੰਘ, ਦਿਲਰਾਜ ਸਿੰਘ ਸਰਕਾਰੀਆ, ਜੁਇੰਟ ਰਜਿਸਟਰਾਰ ਭੁਪਿੰਦਰ ਸਿੰਘ ਵਾਲੀਆ, ਜੀ.ਐਮ ਸ਼ਿਵਰਾਜਪਾਲ ਸਿੰਘ, ਸਹਾਇਕ ਰਜਿਸਟਰਾਰ ਸੁੱਖਾ ਸਿੰਘ, ਐਮ.ਡੀ ਹਰਜਿੰਦਰ ਸਿੰਘ ਮਰਹਾਣਾ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply