Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

ਮਨੁੱਖਤਾ ਦੇ ਰਹਿਬਰ- ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਸਰਬ-ਸਾਂਝੇ ਗੁਰੂ ਹਨ।ਆਪ ਜੀ ਦੀ ਵਿਚਾਰਧਾਰਾ ਅਤੇ ਉਪਦੇਸ਼ਾਂ ਦਾ ਮੂਲ ਅਧਾਰ ਅਧਿਆਤਮਿਕ, ਸਮਾਜਿਕ ਅਤੇ Guru Nankਭਾਵਨਾਤਮਿਕ ਏਕਤਾ ਹੈ।ਇਹ ਅਧਿਆਤਮਵਾਦੀ ਹੋਣ ਦੇ ਬਾਵਜੂਦ ਸਮਾਜਿਕ ਜੀਵਨ ਤੋਂ ਉਪਰਾਮਤਾ ਨਹੀਂ ਸਿਖਾਉਂਦੀ, ਸਗੋਂ ਮਾਨਵੀ ਜੀਵਨ ਦੇ ਸਮਾਜਿਕ ਪੱਖਾਂ ਨੂੰ ਮੁੱਖ ਰੱਖਕੇ ਆਤਮਿਕ ਵਿਕਾਸ ਦਾ ਰਾਹ ਦੱਸਦੀ ਹੈ। ਆਪ ਜੀ ਨੇ ਆਪਣੀ ਪਾਵਨ ਗੁਰਬਾਣੀ ਅੰਦਰ ਜੀਵਨ ਦੇ ਹਰ ਪੱਖ ਨਾਲ ਸਬੰਧਤ ਭਾਰਤੀ ਦਰਸ਼ਨ ਵਿਚ ਪ੍ਰਚੱਲਿਤ ਕਦਰਾਂ-ਕੀਮਤਾਂ ਨੂੰ ਪੜਚੋਲਣ ਤੋਂ ਬਾਅਦ ਇਨ੍ਹਾਂ ਨੂੰ ਨਵੇਂ ਸਿਰਿਉਂ ਸੰਗਠਿਤ ਕੀਤਾ। ਇਸੇ ਲਈ ਭਾਰਤੀ ਦਰਸ਼ਨ ਦੇ ਇਤਿਹਾਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਿਵੇਕਲਾ ਅਤੇ ਪ੍ਰਥਮ ਸਥਾਨ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਨੂੰ ਕਰਮਕਾਂਡੀ ਤਰਜ਼ੀਹਾਂ ਤੋਂ ਵੱਖ ਕਰਕੇ ਸਮਾਜਿਕ ਖੇਤਰ ਵਿਚ ਧਰਮ ਦਾ ਸਹੀ ਸਥਾਨ ਨਿਸ਼ਚਿਤ ਕੀਤਾ ਅਤੇ ਧਰਮ ਤੇ ਸਮਾਜ ਦੀ ਇਕ ਦੂਜੇ ਤੇ ਪਰਸਪਰ ਨਿਰਭਰਤਾ ਨੂੰ ਸਪੱਸ਼ਟ ਕੀਤਾ। ਇਹ ਇਸ ਲਈ ਵੱਡੇ ਅਰਥ ਰੱਖਦਾ ਹੈ ਕਿਉਂਕਿ ਉਸ ਸਮੇਂ ਧਰਮ ਦੀਆਂ ਧਾਰਨਾਵਾਂ ਨਾਲ ਕਰਮਕਾਂਡ ਸਹਿਵਨ ਹੀ ਜੋੜੇ ਜਾ ਰਹੇ ਹਨ।ਉਨ੍ਹਾਂ ਭਾਰਤੀ ਸਮਾਜ ਦੀਆਂ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਕੇ ਉਨ੍ਹਾਂ ਦੇ ਢੁਕਵੇਂ, ਸਾਵੇਂ ਤੇ ਸਪੱਸ਼ਟ ਹੱਲ ਦੱਸੇ।ਭਾਰਤੀ ਧਾਰਮਿਕ ਖੇਤਰ ਅਤੇ ਧਰਮ ਦਰਸ਼ਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਅਜਿਹੇ ਯਤਨ ਕਿਸੇ ਹੋਰ ਨੇ ਕੀਤੇ ਹੋਣ ਇਸ ਦੀਆਂ ਉਦਹਾਰਣਾਂ ਨਾਮਾਤਰ ਹੀ ਮਿਲਦੀਆਂ ਹਨ।ਸ੍ਰੀ ਨਾਨਕ ਦੇਵ ਜੀ ਦੀ ਬਾਣੀ ਪੜ੍ਹਿਆਂ ਤੇ ਵਿਚਾਰਿਆਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਉਨ੍ਹਾਂ ਮਨੁੱਖੀ ਜੀਵਨ ਨੂੰ ਆਦਰਸ਼ਕ ਬਣਾਉਣ ਲਈ ਇਸ ਦੀ ਹਰ ਪੱਖ ਤੋਂ ਅਗਵਾਈ ਕੀਤੀ, ਭਾਵ ਧਾਰਮਿਕ ਸਰੋਕਾਰਾਂ ਦੇ ਨਾਲ ਨਾਲ ਸਮਾਜਿਕ, ਆਰਥਿਕ, ਰਾਜਨੀਤਿਕ, ਵਿਗਿਆਨਕ, ਵਿਉਪਾਰਕ ਆਦਿ ਹਰ ਤਰ੍ਹਾਂ ਮੁਕੰਮਲ ਸੇਧ ਪ੍ਰਦਾਨ ਕਰਕੇ ਮਨੁੱਖ ਦੀ ਹੋਣੀ ਸੰਵਾਰਨ ਲਈ ਸੁਚੱਜੀ ਜੀਵਨ ਜਾਚ ਦਿੱਤੀ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਵਿਚਾਰਧਾਰਾ ਦਰਸਾਈ ਜੋ ਸੰਸਾਰਕ ਜੀਵਨ ਦੇ ਨਾਲੋ-ਨਾਲ ਹੋ ਕੇ ਚੱਲਦੀ ਹੋਵੇ।
ਗੁਰੂ ਸਾਹਿਬ ਤੋਂ ਪਹਿਲਾਂ ਭਾਰਤੀ ਦਰਸ਼ਨ ਵਿਚ ਦੂਸਰੇ ਦੀ ਵਿਚਾਰਧਾਰਾ ਨੂੰ ਰੱਦ ਕਰਕੇ ਆਪਣਾ ਮਤ ਸਥਾਪਿਤ ਕਰਨ ਦੀ ਪਿਰਤ ਸਮਾਜ ਲਈ ਬੜੀ ਘਾਤਕ ਸੀ, ਪਰ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਗੁਰੂ ਸਾਹਿਬ ਨੇ ਸਿਰਫ ਦੂਸਰੇ ਦੀ ਵਿਚਾਰਧਾਰਾ ਨੂੰ ਰੱਦ ਕਰਨ ਉੱਪਰ ਹੀ ਜ਼ੋਰ ਨਹੀਂ ਦਿੱਤਾ ਸਗੋਂ ਆਪਣੇ ਢੰਗ ਨਾਲ ਉਸਦੀ ਵਿਆਖਿਆ ਕਰਕੇ ਉਸ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਹੈ। ਉਨ੍ਹਾਂ ਯੋਗੀ ਸੰਨਿਆਸੀ, ਵੈਸ਼ਨਵ, ਸ਼ੈਵ, ਨਾਥ-ਪੰਥੀ, ਸਿੱਧ, ਪੀਰ ਆਦਿ ਸਭ ਵਿਚ ਜਿੱਥੇ ਕਿਤੇ ਕੋਈ ਕਮਜੋਰੀ ਦੇਖੀ ਉੱਥੇ ਉਸਦੀ ਅਲੋਚਨਾ ਦੇ ਨਾਲ ਸਹੀ ਮਾਰਗ ਦਰਸ਼ਨ ਵੀ ਕੀਤਾ।ਉਨ੍ਹਾਂ ਵੱਖ ਵੱਖ ਧਰਮਾਂ ਦੇ ਅਗੂਆਂ ਨਾਲ ਕੀਤੀਆਂ ਗੋਸਟੀਆਂ ਵਿਚ ਹਰੇਕ ਦੇ ਸਵਾਲਾਂ ਦੇ ਜਵਾਬ ਦਿੱਤੇ।ਇਸ ਤਰ੍ਹਾਂ ਗੁਰੂ ਸਾਹਿਬ ਇਕ ਸੰਤੁਲਿਤ ਦਾਰਸ਼ਨਿਕ ਦੇ ਰੂਪ ਵਿਚ ਪ੍ਰਗਟ ਹੋਏ ਜਿਸਦੀ ਭਾਰਤੀ ਧਰਮ ਦਰਸ਼ਨ ਵਿਚ ਕਾਫੀ ਘਾਟ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਵਿਚਾਰਦਿਆਂ ਸੱਜਰੀ ਰੌਸ਼ਨੀ ਦ੍ਰਿਸ਼ਟੀਗੋਚਰ ਹੁੰਦੀ ਹੈ। ਗੁਰੂ ਸਾਹਿਬ ਜੀ ਨੇ ਊਚ-ਨੀਚ ਅਤੇ ਜਾਤ-ਪਾਤ ਦੇ ਵੰਡ-ਵਿਤਕਰੇ ਦੀ ਨਿਖੇਧੀ ਕੀਤੀ।ਉਸ ਸਮੇਂ ਸਮਾਜ ਊਚ-ਨੀਚ ਤੇ ਜਾਤ-ਪਾਤ ਫਸਿਆ ਹੋਇਆ ਸੀ ਅਤੇ ਇਸ ਤੋਂ ਵੀ ਅਗਲੀ ਗੱਲ ਕਿ ਇਸ ਨੂੰ ਧਰਮ ਦੀਆਂ ਧਾਰਨਾਵਾਂ ਵਜੋਂ ਲੋਕਾਂ ’ਤੇ ਠਸਿਆਂ ਜਾ ਰਿਹਾ ਸੀ।ਗੁਰੂ ਸਾਹਿਬ ਜੀ ਨੇ ਇਸ ਨੂੰ ਮੂਲੋਂ ਹੀ ਨਕਾਰਿਆ ਅਤੇ ਮਨੁੱਖੀ ਬਰਾਬਰਤਾ ਨੂੰ ਪ੍ਰਧਾਨਤਾ ਦਿੱਤੀ। ਗੁਰੂ ਸਾਹਿਬ ਜੀ ਨੇ ਕੇਵਲ ਸਮਾਜ ਦੇ ਲੋਕਾਂ ਨੂੰ ਹੀ ਕੇਵਲ ਉਪਦੇਸ਼ ਹੀ ਨਹੀਂ ਕੀਤਾ, ਸਗੋਂ ਇਸ ’ਤੇ ਆਪ ਵੀ ਅਮਲੀ ਰੂਪ ਵਿਚ ਪਹਿਰਾ ਦਿੱਤਾ। ਆਪ ਫ਼ੁਰਮਾਉਂਦੇ ਹਨ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
(ਪੰਨਾ 15)
ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸਤਰੀ ਦੇ ਹੱਕ ਵਿਚ ਵੀ ਅਵਾਜ਼ ਉਠਾਈ। ਅਸਲ ਵਿਚ ਉਸ ਸਮੇਂ ਹਿੰਦੁਸਤਾਨੀ ਸਮਾਜ ਵਿਚ ਇਸਤਰੀ ਦੀ ਦਸ਼ਾ ਬੜੀ ਮਾੜੀ ਸੀ।ਆਪ ਜੀ ਨੇ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ `ਤੇ ਬਹਾਲ ਕਰਦਿਆਂ ਆਪਣੇ ਪੰਥ ਵਿਚ ਮਰਦ ਦੇ ਬਰਾਬਰ ਖੜ੍ਹਾ ਕੀਤਾ।ਇਸ ਸਬੰਧ ਵਿਚ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਇਸ ਤਰ੍ਹਾਂ ਫੁਰਮਾਇਆ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
(ਪੰਨਾ 473)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ, ਸੱਚੀ ਸੁੱਚੀ ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ।ਕਹਿਣ ਦਾ ਭਾਵ ਕਿ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ਾਂ ਵਿੱਚੋਂ `ਸਰਬੱਤ ਦੇ ਭਲੇ` ਦੀ ਭਾਵਨਾ ਉਜਾਗਰ ਹੁੰਦੀ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਦੇ ਸੱਚੇ ਮਾਰਗ-ਦਰਸ਼ਕ ਸਨ, ਜਿਨ੍ਹਾਂ ਨੇ ਭਰਮ-ਭੁਲੇਖਿਆਂ ਵਿਚ ਭਟਕ ਰਹੀ ਲੋਕਾਈ ਦਾ ਸਹੀ ਰਸਤਾ ਦਿਖਾ ਕੇ ਉਸ ਨੂੰ ਪਰਮਾਰਥ ਦੇ ਰਾਹ ਤੋਰਿਆ। ਇਸ ਮੰਤਵ ਦੀ ਪੂਰਤੀ ਲਈ ਉਨ੍ਹਾਂ ਧਰਮਸ਼ਾਲਾਵਾਂ ਬਣਵਾਈਆਂ, ਲੰਗਰ ਦੀ ਪ੍ਰਥਾ ਕਾਇਮ ਕੀਤੀ ਅਤੇ ਸੰਗਤ-ਪੰਗਤ ਤੇ ਸੇਵਾ-ਸਿਮਰਨ ਆਦਿ ਦੇ ਅਜਿਹੇ ਅਦੁੱਤੀ ਸਿਧਾਂਤ ਮਨੁੱਖਤਾ ਸਾਹਮਣੇ ਰੱਖੇ, ਜੋ ਸਦੀਵੀ ਸੇਧ ਦੇਣ ਵਾਲੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਅੰਦਰ ਮਨੁੱਖ ਦੀ ਮੁਕੰਮਲ ਘਾੜਤ ਘੜਦਿਆਂ ਧਰਮ-ਕਰਮ ਤੇ ਆਚਾਰ-ਵਿਹਾਰ ਨਾਲ ਸੰਬੰਧਿਤ ਭਾਰਤੀ ਦਰਸ਼ਨ ਵਿਚ ਪ੍ਰਚਲਿਤ ਕਦਰਾਂ-ਕੀਮਤਾਂ ਨੂੰ ਪੜਚੋਲਣ ਤੋਂ ਬਾਅਦ ਇਨ੍ਹਾਂ ਨੂੰ ਨਵੇਂ ਸਿਰਿਉਂ ਸੰਗਠਿਤ ਕੀਤਾ।ਇਸ ਤਰ੍ਹਾਂ ਕਰਦਿਆਂ ਕਈ ਕਦਰਾਂ-ਕੀਮਤਾਂ ਨੂੰ ਤਿਆਗਿਆ ਕਈਆਂ ਦੇ ਨਕਸ਼ ਤਰਾਸ਼ੇ ਅਤੇ ਕਈ ਨਵੇਂ ਰਾਹ ਵੀ ਦਿਖਾਏ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਸਮੁੱਚੀ ਦਾਰਸ਼ਨਿਕ ਵਿਚਾਰਧਾਰਾ ਭਾਰਤੀ ਦਰਸ਼ਨ ਦੇ ਸੰਦਰਭ ਵਿਚ ਨਿਵੇਕਲੀ ਤੇ ਵਧੇਰੇ ਕਾਰਗਰ ਸਿੱਧ ਹੁੰਦੀ ਹੈ।ਬਹੁਪੱਖੀ ਸ਼ਖ਼ਸੀਅਤ ਅਤੇ ਵਿਸ਼ਾਲ ਪ੍ਰਤਿਭਾ ਦੇ ਮਾਲਕ ਹੋਣ ਕਰਕੇ ਆਪ ਜੀ ਧਰਮ ਦਰਸ਼ਨ ਸ਼ਾਸਤਰ ਦੇ ਖੇਤਰ ਵਿਚ ਵੀ ਇਕ ਵਿਲੱਖਣ ਤੇ ਮਹਾਨ ਕ੍ਰਾਂਤੀ ਦੇ ਜਨਮਦਾਤਾ ਸਨ। ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਤੇ ਉਪਦੇਸ਼ਾਂ ਨੇ ਲੋਕਾਂ ਨੂੰ ਉਸਾਰੂ ਜੀਵਨ ਜਾਚ ਦੇ ਸਨਮੁੱਖ ਕੀਤਾਅਤੇ ਇਸੇ ਦਾ ਹੀ ਕਾਰਨ ਸੀ ਕਿ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਲੋਕਾਂ ਨੇ ਸਿਰ-ਮੱਥੇ ਪ੍ਰਵਾਨ ਕੀਤਾ।
ਅਖੀਰ ਵਿਚ ਕਹਾਂਗਾ ਕਿ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਸਦਾ ਨਿਵੇਕਲੀ ਹੈ, ਜਿਸ ਨੂੰ ਅੱਜ ਵੀ ਸਿੱਖਾਂ ਤੋਂ ਇਲਾਵਾ ਦੁਨੀਆ ਭਰ ਦੇ ਹਰ ਧਰਮ, ਵਰਗ, ਫਿਰਕੇ ਨਾਲ ਸਬੰਧਤ ਲੋਕ ਸਤਿਕਾਰਦੇ ਹਨ ਅਤੇ ਅਗਾਂਹ ਵੀ ਸਤਿਕਾਰਦੇ ਰਹਿਣਗੇ।

Gobind Singh Longowal

 

 

 

 

 

 

ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>