Thursday, April 18, 2024

2 ਦਸੰਬਰ ਦੇ ਪਟਿਆਲਾ ਜਾਮ ਦੀਆਂ ਤਿਆਰੀਆਂ ’ਚ ਜੁੱਟੇ ਸਮਰਾਲਾ ਬਲਾਕ ਦੇ ਅਧਿਆਪਕ

ਪੰਜਾਬ ਸਰਕਾਰ ਦੇ ਜਬਰ ਅੱਗੇ ਨਹੀਂ ਝੁਕਣਗੇ ਅਧਿਆਪਕ – ਰਾਜਵੀਰ ਸਮਰਾਲਾ

PUNJ2911201814ਸਮਰਾਲਾ, 29 ਨਵੰਬਰ (ਪੰਜਾਬ ਪੋਸਟ -ਕੰਗ) – ਪੰਜਾਬ ਸਰਕਾਰ ਵੱਲੋਂ ਐਸ.ਐਸ.ਏ ਰਮਸਾ ਅਤੇ ਅਦਰਸ਼ ਮਾਡਲ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ 65 ਤੋਂ 75 ਪ੍ਰਤੀਸ਼ਤ ਤੱਕ ਕਟੌਤੀ ਕਰਦਿਆਂ ਉਨ੍ਹਾਂ ਨੂੰ ਘੱਟ ਤਨਖਾਹ `ਤੇ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਸੈਂਕੜੇ ਅਧਿਆਪਕਾਂ ਦੀਆਂ ਦੂਰ ਦੁਰਾਡੇ ਬਦਲੀਆਂ, ਸੈਸਪੈਨਸ਼ਨਾਂ ਕਰਕੇ ਅਫਸਰਸ਼ਾਹੀ ਦੇ ਰੋਅਬ ਨਾਲ ਦਬਾਇਆ ਜਾ ਰਿਹਾ ਹੈ। ਆਪਣੀਆਂ ਸੈਕਸ਼ਨ ਪੋਸਟਾਂ ਉੱਤੇ ਕੰਮ ਕਰਦੇ ਅਧਿਆਪਕਾਂ ਨੂੰ ਵੀ ਜਬਰੀ ਬਦਲਿਆ ਜਾ ਰਿਹਾ ਹੈ। ਇਸ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਹੌਲ ਖਰਾਬ ਹੋਇਆ ਹੈ । ਅਧਿਆਪਕ ਆਗੂ ਰਾਜਵੀਰ ਸਿੰਘ ਸਮਰਾਲਾ ਨੇ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ 8886 ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ਹੇਠ ਤਨਖ਼ਾਹਾਂ ਵਿੱਚ ਕਟੌਤੀ ਕਰਨ ਲਈ ਪੱਬਾਂ ਭਾਰ ਹੋਈ ਫਿਰਦੀ ਹੈ।ਅਧਿਆਪਕਾਂ ਨੂੰ ਤਨਖ਼ਾਹ ਕਟੌਤੀ ਲਈ ਜਬਰੀ ਕਲਿੱਕ ਕਰਵਾ ਕੇ ਸਹਿਮਤ ਕਰਨ ਲਈ ਅੱਤ ਦਰਜੇ ਦਾ ਜਬਰ ਝੁਲਾਉਣ ਲੱਗੀ ਹੋਈ ਹੈ।ਘੱਟ ਤਨਖ਼ਾਹ `ਤੇ ਕੰਮ ਨਾ ਕਰਨ ਅਤੇ ਸਰਕਾਰ ਦੇ ਫੈਸਲੇ ਤੇ ਸਹਿਮਤੀ ਨਾ ਦੇਣ ਵਾਲੇ ਮਿਹਨਤੀ ਅਧਿਆਪਕਾਂ ਦੀਆਂ ਦੂਰ ਦੁਰਾਂਡੇ ਬਦਲੀਆਂ ਕਰਨ ਤੇ ਤੁਲੀ ਹੋਈ ਹੈ।ਉਨਾਂ ਕਿਹਾ ਕਿ ਇਸ ਦੀ ਤਾਜ਼ਾ ਉਦਾਹਰਨ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ (ਲੜਕੀਆਂ) ਦੇ ਦੋ ਅਧਿਆਪਕਾਂ ਰਮਨੀਕ ਕੌਰ ਸਾਇੰਸ ਮਿਸਟ੍ਰੈਸ ਨੂੰ ਸਰਕਾਰੀ ਮਿਡਲ ਸਕੂਲ ਤਲਵੰਡੀ, ਮੈਥ ਅਧਿਆਪਕ ਰਾਕੇਸ਼ ਕੁਮਾਰ ਨੂੰ ਸਰਕਾਰੀ ਹਾਈ ਸਕੂਲ ਮੀਨੀਆਂ ਜ਼ਿਲ੍ਹਾ ਮੋਗਾ ਵਿਖੇ ਅਤੇੇ ਸਰਕਾਰੀ ਹਾਈ ਸਕੂਲ ਉਟਾਲਾ ਵਿਖੇ ਕੰਮ ਕਰਦੀ ਮੈਥ ਅਧਿਆਪਕਾ ਕਮਲਪ੍ਰੀਤ ਕੌਰ ਨੂੰ ਸਰਕਾਰੀ ਹਾਈ ਸਕੂਲ ਬੀਰ ਰਾਉਂਕੇ ਜ਼ਿਲ੍ਹਾ ਮੋਗਾ ਵਿਖੇ ਬਦਲਿਆ ਗਿਆ ਹੈ।ਲੋਕ ਹਿੱਤ ਅਤੇ ਬੱਚਿਆਂ ਦੀ ਪੜ੍ਹਾਈ ਦਾ ਬਹਾਨਾ ਬਣਾਉਣ ਵਾਲੀ ਸਰਕਾਰ ਵੱਲੋਂ ਪ੍ਰਸੂਤਾ ਛੁੱਟੀ `ਤੇ ਚੱਲ ਰਹੀ ਅਧਿਆਪਕਾ ਦੀ ਬਦਲੀ ਵੀ ਕੀਤੀ ਹੈ।ਇਸ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਅਮਨਦੀਪ ਸਿੰਘ ਦੱਦਾਹੂਰ, ਸਟੇਟ ਕਮੇਟੀ ਮੈਂਬਰ ਮਨਰਾਜ ਸਿੰਘ ਵਿਰਕ ਦੀ ਬਦਲੀ ਤਰਨ ਤਾਰਨ ਜ਼ਿਲ੍ਹੇ ਵਿੱਚ ਕਰ ਦਿੱਤੀ ਗਈ ਹੈ।   
ਜਿਕਰਯੋਗ ਹੈ 7 ਅਕਤੂਬਰ ਤੋਂ ਪਟਿਆਲਾ ਵਿਖੇ ਪੱਕਾ ਮੋਰਚਾ ਲੱਗਿਆ ਹੋਇਆ ਹੈ ਅਤੇ ਹੁਣ 2 ਦਸੰਬਰ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਜੁਰਮ ਖਿਲਾਫ਼ ਪਟਿਆਲਾ ਜਾਮ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ। ਇਹ ‘ਨਿਬੇੜਾ ਕਰੂ ਧਰਨਾ’ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ।ਅਧਿਆਪਕ 2 ਦਸੰਬਰ ਦੇ ਪਟਿਆਲਾ ਧਰਨੇ ਦੀਆਂ ਤਿਆਰੀਆਂ ਘਰ-ਘਰ ਜਾ ਕੇ ਰਾਸ਼ਨ ਪਾਣੀ ਇਕੱਠਾ ਕਰ ਰਹੇ ਹਨ।ਨਵਨੀਤ ਕੌਰ, ਵਰਿੰਦਰ ਮਾਣਕੀ, ਸਵਰਨਜੀਤ ਕੋਟਾਲਾ, ਰਾਜਿੰਦਰ ਕੋਟਾਲਾ , ਰਣਜੀਤ ਸਿੰਘ ਕੋਟਾਲਾ, ਸੰਦੀਪ ਕੌਰ, ਰਾਕੇਸ਼ ਕੁਮਾਰ, ਰਮਨੀਕ ਕੌਰ ਆਦਿ ਤਿਆਰੀਆਂ ਵਿੱਚ ਜੁਟੇ ਹੋਏ ਹਨ।
 

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply