Friday, March 29, 2024

ਲੌਂਗੋਵਾਲ ਗੁ. ਨਨਕਾਣਾ ਸਾਹਿਬ ਤੇ ਡੇਹਰਾ ਸਾਹਿਬ ਹੋਏ ਨਤਮਸਤਕ

PUNJ2911201817ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪਾਕਿਸਤਾਨ ਵਿਖੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਨੀਂਹ ਪੱਥਰ ਸਮਾਗਮ ’ਚ ਸ਼ਾਮਲ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਨੇ ਗੁਰੂ ਦੇ ਪਾਵਨ ਅਸਥਾਨ ’ਤੇ ਚੰਦੋਆ ਸਾਹਿਬ ਦਾ ਸੈਟ ਅਤੇ ਰੁਮਾਲਾ ਸਾਹਿਬ ਭੇਟ ਕੀਤਾ।ਗੁਰਦੁਆਰਾ ਸਾਹਿਬਾਨ ਨੂੰ ਮਹੰਤਾਂ ਤੋਂ ਅਜ਼ਾਦ ਕਰਵਾਉਣ ਸਮੇਂ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਜੰਡ ਨਾਲ ਬੰਨ੍ਹ ਕੇ ਸ਼ਹੀਦ ਕਰਨ ਵਾਲੇ ਸਥਾਨ `ਤੇ ਬਣੇ ਇਤਿਹਾਸਕ ਅਸਥਾਨ ਦੇ ਵੀ ਉਨਾਂ ਦਰਸ਼ਨ ਕੀਤੇ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੇ ਗੁਰਦੁਆਰਾ ਸੱਚਾ ਸੌਦਾ ਚੂਹੜਕਾਣਾ ਸਾਹਿਬ ਵਿਖੇ ਵੀ ਨਤਮਸਤਕ ਹੋਣ ਗਏ। ਉਨਾਂ ਨਾਲ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਉਦੇ ਸਿੰਘ ਲੌਂਗੋਵਾਲ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ ਵੀ ਮੌਜੂਦ ਸਨ।ਪ੍ਰਧਾਨ ਲੌਂਗੋਵਾਲ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਓਕਾਫ਼ ਬੋਰਡ ਦੇ ਆਗੂਆਂ ਨੇ ਸਤਿਕਾਰ ਦਿੱਤਾ । ਬੁਲਾਰੇ ਅਨੁਸਾਰ ਲੌਂਗੋਵਾਲ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਪੁੱਜਣ ’ਤੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦਿੱਤੇ ਗਏ।ਸ੍ਰੀ ਨਨਕਾਣਾ ਸਾਹਿਬ ਵਿਖੇ ਹੈਡ ਗ੍ਰੰਥੀ ਭਾਈ ਦਇਆ ਸਿੰਘ, ਭਾਈ ਪ੍ਰੇਮ ਸਿੰਘ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਿੰਦਰ ਸਿੰਘ, ਕਿਰਪਾ ਸਿੰਘ, ਭੁਪਿੰਦਰ ਸਿੰਘ, ਪ੍ਰੀਤਮ ਸਿੰਘ, ਮਹਾਨ ਸ਼ਖ਼ਸੀਅਤ ਸ੍ਰੀ ਰਾਇ ਬੁਲਾਰ ਦੀ ਵੰਸ਼ ਵਿੱਚੋਂ ਰਾਏ ਸਲੀਮ ਭੱਟੀ, ਰਾਏ ਅਕਰਮ ਭੱਟੀ, ਰਾਏ ਹਰੂਨ ਭੱਟੀ, ਰਾਏ ਬਿਲਾਲ ਭੱਟੀ ਆਦਿ ਮੌਜੂਦ ਸਨ।ਬੇਦੀ ਨੇ ਦੱਸਿਆ ਕਿ ਲੌਂਗੋਵਾਲ ਆਪਣੇ ਸਾਥੀਆਂ ਸਮੇਤ 30 ਨਵੰਬਰ ਨੂੰ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਪਰਤ ਆਉਣਗੇ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply