ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ, ਲਾਰੈਂਸ ਰੋਡ ਵਿਖੇ ਸਾਲਾਨਾ ਸਮਾਗਮ ਦਾ ਅਯੋਜਨ ਡੀ.ਏ.ਵੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਪੂਨਮ ਸੂਰੀ ਪਦਮ ਸ਼੍ਰੀ ਦੇ ਅਸ਼ੀਰਵਾਦ ਅਤੇ ਪ੍ਰਿੰਸੀਪਲ ਡਾ. ਸ਼੍ਰੀਮਤੀ ਨੀਰਾ ਸ਼ਰਮਾ ਦੀ ਦੇਖ-ਰੇਖ `ਚ ਧੂਮ-ਧਾਮ ਨਾਲ ਕੀਤਾ ਗਿਆ, ਜਿਸ ਵਿਚ ਐਲ.ਕੇ.ਜੀ ਦੇ 340 ਵਿਦਿਆਰਥੀਆਂ ਨੇ ਸਭ ਦਾ ਮਨ ਮੋਹ ਲਿਆ।ਸਵੇਰ ਦੇ ਪ੍ਰਦਰਸ਼ਨ ਵਿਚ ਮੁੱਖ ਮਹਿਮਾਨ ਸੰਦੀਪ ਰਿਸ਼ੀ ਏ.ਡੀ.ਸੀ ਤਰਨ ਤਾਰਨ ਅਤੇ ਵਿਸ਼ੇਸ਼ ਮਹਿਮਾਨ ਡਾ. ਪ੍ਰਿੰਸੀਪਲ ਧਰਮਵੀਰ ਸਿੰਘ ਸ਼੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਨੇ ਬੱਚਿਆਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ।
ਸ਼ਾਮ ਦੇ ਪ੍ਰੋਗਰਾਮ ਵਿੱਚ ਏ.ਡੀ.ਸੀ.ਪੀ ਹੈਡਕੁਆਟਰ ਗੌਰਵ ਤੂਰਾ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਡਾ. ਅਨੀਤਾ ਭੱਲਾ ਭਵਨਸਜ਼ ਐਸ.ਐਲ ਪਬਲਿਕ ਸਕੂਲ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਮਹਾਨ ਭਾਰਤ ਦੇ ਵਿਰਸੇ ਨਾਲ ਜੋੜਨ ਲਈ ਕਿਹਾ ਤਾਂਕਿ ਉਹ ਵੀ ਆਪਣੀ ਸੰਸਕ੍ਰਿਤੀ-ਸਭਿਆਚਾਰ ਨੂੰ ਸਮਝ ਸਕਣ ।
ਪ੍ਰੋਗਰਾਮ `ਸੰਸਕ੍ਰਿਤੀ-ਹਮਾਰੀ ਧਰੋਹਰ` ਦੇ ਦੌਰਾਨ ਨੰਨ੍ਹੇ ਕਲਾਕਾਰਾਂ ਨੇ ਦਰਸਾਇਆ ਕਿ ਭਾਰਤ ਤਿਓਹਾਰਾਂ ਦਾ ਦੇਸ਼ ਹੈ ਅਤੇ ਹਰ ਤਿਓਹਾਰ ਖੁਸ਼ੀਆਂ ਦਾ ਪ੍ਰਤੀਕ ਹੈ ।ਵੱਖ-ਵੱਖ ਧਰਮਾਂ ਦੇ ਲੋਕ ਅਲੱਗ-ਅਲੱਗ ਤਿਓਹਾਰ ਮਨਾਉਂਦੇ ਹਨ, ਪਰ ਫਿਰ ਵੀ ਭਾਰਤ ਅਨੇਕਤਾ `ਚ ਏਕਤਾ ਦੀ ਅਨੂਠੀ ਮਿਸਾਲ ਹੈ।ਛੋਟੇ-ਛੋਟੇ ਪੈਰਾਂ ਨੇ ਹੋਲੀ, ਦਿਵਾਲੀ, ਗਣੇਸ਼-ਵੰਦਨਾ, ਕ੍ਰਿਸਮਿਸ ਅਤੇ ਵਿਸਾਖੀ ਤੇ ਮਨਮੋਹਕ ਨਾਚ ਕੀਤਾ।
ਰਿਜਨਲ ਅਫਸਰ ਡਾ. ਨੀਲਮ ਕਾਮਰਾ ਅਤੇ ਸਕੂਲ ਦੇ ਮੈਨੇਜਰ ਤੇ ਪ੍ਰਿੰਸੀਪਲ ਡੀ.ਏ.ਵੀ ਕਾਲੇਜ ਡਾ. ਰਾਜੇਸ਼ ਕੁਮਾਰ ਨੇ ਪ੍ਰੋਗਰਾਮ ਦੀ ਸਫਲਤਾ ਤੇ ਬੱਚਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ।ਪ੍ਰਿੰਸੀਪਲ ਡਾ. ਨੀਰਾ ਸ਼ਰਮਾ, ਸ਼੍ਰੀਮਤੀ ਅਨੁਰਾਧਾ ਗਰੋਵਰ ਇੰਚਾਰਜ ਡੀ.ਏ.ਵੀ ਕੈਂਟ ਸਕੂਲ, ਕੋ-ਕਰੀਕੁਲਰ ਇੰਚਾਰਜ ਮੈਡਮ ਸ਼ਮਾ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।